ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਦਿੱਤਾ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਅਲਟੀਮੇਟਮ ਜੇ ਹਫਤੇ ਵਿੱਚ ਦੋਸ਼ੀਆਂ ਤੇ ਕਾਰਵਾਈ ਨਾ ਹੋਈ ਤਾਂ ਪੰਥ ਸਖ਼ਤ ਫੈਸਲੇ ਲਵੇਗਾ

ਚੰਡੀਗੜ੍ਹ ਪੰਜਾਬ

ਅੰਮ੍ਰਿਤਸਰ 31 ਮਈ,ਬੋਲੇ ਪੰਜਾਬ ਬਿਓਰੋ:- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਉੱਤਰ ਪ੍ਰਦੇਸ਼ ਵਿਚ ਜ਼ਿਲ੍ਹਾ ਪੀਲੀਭੀਤ ਨੇੜਲੇ ਪਿੰਡ ਟਿੱਪਰੀਆਂ ਮਝਰਾ ਵਿਖੇ ਇਕ ਗ੍ਰੰਥੀ ਸਿੰਘ ਦੀ ਨਬਾਲਗ ਧੀ ਦੇ ਅਗਵਾਕਾਰ, ਬਲਾਤਕਾਰੀਆਂ ਦੀ ਗ੍ਰਿਫਤਾਰੀ ਵਿਚ ਪੁਲਿਸ ਦੀ ਢਿੱਲਮੱਠ ‘ਤੇ ਸਖ਼ਤ ਨੋਟਿਸ ਲੈਂਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਇਕ ਹਫਤੇ ਦਾ ਅਲਟੀਮੇਟਮ ਦਿੰਦਿਆਂ ਆਖਿਆ ਹੈ ਕਿ ਜੇਕਰ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਿੱਖ ਸੰਗਤਾਂ ਨੂੰ ਆਪਣੇ ਪੱਧਰ ‘ਤੇ ਵੱਡੀ ਅਤੇ ਸਖ਼ਤ ਕਾਰਵਾਈ ਲਈ ਮਜਬੂਰ ਹੋਣਾ ਪਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਗੁਰਦੁਆਰਾ ਸਾਹਿਬ ਪਿੰਡ ਟਿੱਪਰੀਆਂ ਮਝਰਾ ਤਹਿਸੀਲ ਪੂਰਨਪੁਰ, ਜ਼ਿਲ੍ਹਾ ਪੀਲੀਭੀਤ ਉੱਤਰ ਪ੍ਰਦੇਸ਼ ਦੇ ਗ੍ਰੰਥੀ ਸਿੰਘ ਦੀ 13 ਸਾਲਾ ਬੱਚੀ ਨੂੰ ਕੁਝ ਵਿਅਕਤੀਆਂ ਵਲੋਂ ਅਗਵਾ ਕਰਕੇ ਉਸ ਨਾਲ ਜਬਰ-ਜਿਨਾਹ ਕਰਨ ਦੀ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਪੀੜਤ ਬੱਚੀ ਨੇ ਅਦਾਲਤ ਵਿਚ ਆਪਣੇ ਬਿਆਨਾਂ ਦੌਰਾਨ ਦੋਸ਼ੀਆਂ ਦੀ ਸ਼ਨਾਖਤ ਕੀਤੀ ਹੈ ਪਰ ਉਥੋਂ ਦੀਆਂ ਸੰਗਤਾਂ ਤੋਂ ਪਤਾ ਲੱਗਾ ਹੈ ਕਿ ਸਥਾਨਕ ਪੁਲਿਸ ਅਧਿਕਾਰੀ ਦੋ ਰਸੂਖਵਾਨ ਦੋਸ਼ੀਆਂ ਦਾ ਪੱਖ ਪੂਰ ਰਹੇ ਹਨ ਅਤੇ ਸ਼ਰ੍ਹੇਆਮ ਆਖ ਰਹੇ ਹਨ ਕਿ ਕਿਸੇ ਵੀ ਸੂਰਤ ਵਿਚ ਉਨ੍ਹਾਂ ਦੇ ਖ਼ਿਲਾਫ ਕੋਈ ਕਾਰਵਾਈ ਨਹੀੰ ਹੋਵੇਗੀ।ਗਿਆਨੀ ਰਘਬੀਰ ਸਿੰਘ ਨੇ ਸਖਤ ਲਹਿਜੇ ਵਿਚ ਆਖਿਆ ਕਿ ਗ੍ਰੰਥੀ ਸਿੰਘ ਤੇ ਉਸ ਦੇ ਪਰਿਵਾਰ ਦੇ ਨਾਲ ਪੂਰੀ ਸਿੱਖ ਕੌਮ ਖੜ੍ਹੀ ਹੈ ਅਤੇ ਉੱਤਰ ਪ੍ਰਦੇਸ਼ ਪੁਲਿਸ ਤੇ ਸਰਕਾਰ ਨੂੰ ਕਿਸੇ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਤਾਂ ਬੜੇ ਦਾਅਵੇ ਕਰਦੇ ਹਨ ਕਿ ਉਨ੍ਹਾਂ ਦੇ ਰਾਜ ਵਿਚ ਕਿਸੇ ਧੀ-ਭੈਣ ਨਾਲ ਇਕ ਚੌਂਕ ਵਿਚ ਬਦਸਲੂਕੀ ਕਰਨ ਵਾਲਾ ਅਗਲੇ ਚੌਂਕ ਵਿਚ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਇਕ ਗ੍ਰੰਥੀ ਸਿੰਘ ਦੀ ਨਬਾਲਗ ਧੀ ਦੇ ਅਗਵਾਕਾਰਾਂ ਤੇ ਬਲਾਤਕਾਰੀਆਂ ਦੇ ਖ਼ਿਲਾਫ਼ ਸਰਕਾਰ ਦਾ ਕਾਨੂੰਨ ਕਿੱਥੇ ਚਲਿਆ ਗਿਆ ਹੈ?ਉਨ੍ਹਾਂ ਕਿਹਾ ਕਿ ਜੇਕਰ ਇਕ ਹਫਤੇ ਦੇ ਅੰਦਰ ਉੱਤਰ ਪ੍ਰਦੇਸ਼ ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਸਿੱਖ ਸੰਗਤਾਂ ਗ੍ਰੰਥੀ ਸਿੰਘ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਆਪਣੇ ਪੱਧਰ ‘ਤੇ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਗੀਆਂ ਅਤੇ ਜੇਕਰ ਲੋੜ ਪਈ ਤਾਂ ਇਨਸਾਫ ਲੈਣ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖੁਦ ਕਰਨ ਤੋਂ ਵੀ ਗੁਰੇਜ਼ ਨਹੀੰ ਕਰਨਗੇ ਅਤੇ ਨਿਕਲਣ ਵਾਲੇ ਸਾਰੇ ਸਿੱਟਿਆਂ ਦੀ ਜ਼ਿੰਮੇਵਾਰ ਉੱਤਰ ਪ੍ਰਦੇਸ਼ ਸਰਕਾਰ ਖੁਦ ਹੋਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।