ਬੀ. ਕੇ. ਯੂ. ਏਕਤਾ ਡਕੌਂਦਾ ਦੀ ਸੂਬਾ ਪੱਧਰੀ ਅਹਿਮ ਮੀਟਿੰਗ ‘ਚ ਸੰਘਰਸ਼ਾਂ ਦਾ ਐਲਾਨ

ਚੰਡੀਗੜ੍ਹ ਪੰਜਾਬ

ਬਰਨਾਲਾ, 02 ਜੂਨ,ਬੋਲੇ ਪੰਜਾਬ ਬਿਓਰੋ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਮੀਟਿੰਗ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਧਨੇਰ ਦੀ ਅਗਵਾਈ ਹੇਠ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ 13 ਜ਼ਿਲਿਆਂ ਦੇ ਪ੍ਰਧਾਨ ਸਕੱਤਰਾਂ ਨੇ ਭਾਗ ਲਿਆ। ਇਹ ਮੀਟਿੰਗ ਵਿੱਚ ਵਿਚਾਰੇ ਗਏ ਏਜੰਡਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਦੱਸਿਆ ਕਿ ਐਸ. ਕੇ. ਐਮ. ਦੇ ਸੱਦੇ ਅਨੁਸਾਰ 18ਵੀਆਂ ਲੋਕ ਸਭਾ ਚੋਣਾਂ ਵਿੱਚ ਭਾਗ ਲੈਣ ਵਾਲੇ ਭਾਜਪਾਈ ਉਮੀਦਵਾਰਾਂ ਨੂੰ ਭਾਜਪਾ ਹਰਾਓ-ਕਾਰਪੋਰੇਟ ਭਜਾਓ-ਦੇਸ਼ ਬਚਾਓ ਦੇ ਸੱਦੇ ਤਹਿਤ ਸਵਾਲ ਪੁੱਛਣ ਦਾ ਤਹਿ ਕੀਤਾ ਗਿਆ ਸੀ। ਫਿਰੋਜ਼ਪੁਰ ਵਿੱਚ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਾਣਾ ਗੁਰਮੀਤ ਸੋਢੀ ਨੂੰ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿੱਚ ਸਵਾਲ ਪੁੱਛਣ ਲਈ ਕਿਸਾਨ ਕਾਰਕੁਨ ਇਕੱਠੇ ਹੋਏ ਸਨ। ਇਸ ਸਮੇਂ ਵੱਡੀ ਗਿਣਤੀ ਵਿੱਚ ਹਰਨੇਕ ਸਿੰਘ ਮਹਿਮਾ ਸਮੇਤ ਸੈਂਕੜੇ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅੱਧੀ ਰਾਤ ਤੱਕ ਖੱਜਲ ਖੁਆਰ ਕੀਤਾ। ਹਰਨੇਕ ਸਿੰਘ ਮਹਿਮਾ ਨੂੰ 8 ਸਾਲ ਪੁਰਾਣੇ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਹੋਇਆ ਹੈ। ਮੀਟਿੰਗ ਨੇ ਮਹਿਸੂਸ ਕੀਤਾ ਕਿ ਹਰਨੇਕ ਸਿੰਘ ਮਹਿਮਾ ਦੀ ਗ੍ਰਿਫ਼ਤਾਰੀ ਜੁਝਾਰੂ ਕਿਸਾਨ ਕਾਫ਼ਲਿਆਂ ਲਈ ਗੰਭੀਰ ਚੁਣੌਤੀ ਹੈ। 17 ਮਈ ਨੂੰ ਐਸ ਪੀ ਫਿਰੋਜ਼ਪੁਰ ਦਫ਼ਤਰ ਅੱਗੇ ਵਿਸ਼ਾਲ ਧਰਨਾ ਦੇਕੇ ਹਰਨੇਕ ਸਿੰਘ ਮਹਿਮਾ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਸੀ।

ਇਸ ਧਰਨੇ ਦੀ ਐੱਸਕੇਐੱਮ ਵਿੱਚ ਸ਼ਾਮਲ ਕਿਸਾਨ-ਮਜਦੂਰ ਜਥੇਬੰਦੀਆਂ ਨੇ ਭਰਾਤਰੀ ਹਮਾਇਤ ਦਿੱਤੀ ਸੀ, ਪਰ 20 ਦਿਨ ਦਾ ਸਮਾਂ ਬੀਤ ਜਾਣ ਬਾਅਦ ਵੀ ਹਰਨੇਕ ਸਿੰਘ ਮਹਿਮਾ ਨੂੰ ਸਾਜ਼ਿਸ਼ ਤਹਿਤ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਮੀਟਿੰਗ ਨੇ ਇਹ ਵੀ ਮਹਿਸੂਸ ਕੀਤਾ ਕਿ ਇਹ ਗ੍ਰਿਫਤਾਰੀ ਹਰਨੇਕ ਸਿੰਘ ਮਹਿਮਾ ਦੀ ਨਹੀਂ ਸਗੋਂ ਜਥੇਬੰਦੀ ਲਈ ਗੰਭੀਰ ਚੁਣੌਤੀ ਹੈ। ਇਸ ਨੂੰ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਾਕਮ ਅਜਿਹਾ ਕਰਕੇ ਸੰਘਰਸ਼ਸ਼ੀਲ ਕਾਫ਼ਲਿਆਂ ਨੂੰ ਦਹਿਸ਼ਤ ਜੁਦਾ ਕਰਨਾ ਚਾਹੁੰਦੇ ਹਨ। ਸਾਡਾ ਇਤਿਹਾਸ ਇਹ ਹੈ ਕਿ ਨਾਂ ਅਸੀਂ ਕਦੇ ਝੁਕੇ ਹਾਂ, ਨਾਂ ਡਰੇ ਨਾਂ ਦਹਿਸ਼ਤ ਜੁਦਾ ਹੋਏ ਹਾਂ।

ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਵੱਡੀ ਚੁਣੌਤੀ ਨਾਲ ਸਿੱਝਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ 14 ਜੂਨ ਫਿਰੋਜ਼ਪੁਰ ਵਿਖੇ ਸੂਬਾ ਪੱਧਰੀ ਇਕੱਠ ਕਰਕੇ ਐਸਐਸਪੀ ਫਿਰੋਜ਼ਪੁਰ ਦਫਤਰ ਦਾ ਘਰਾਓ ਕੀਤਾ ਜਾਵੇਗਾ। ਉਸ ਤੋਂ ਪਹਿਲਾਂ ਸਾਰੇ ਜ਼ਿਲ੍ਹਿਆਂ ਦੀਆਂ ਵਧਵੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਫਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਬਲਾਕਾਂ ਦੀਆਂ ਵਧਵੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ।

ਸੀਨੀਅਰ ਮੀਤ ਪ੍ਰਧਾਨ ਗੁਰਦੀਪ ਰਾਮਪੁਰਾ ਨੇ ਦੱਸਿਆ ਕਿ ਬੀਤੇ ਸੰਘਰਸ਼ਾਂ 17 ਮਈ ਫਿਰੋਜ਼ਪੁਰ ਐਸਐਸਪੀ ਦਫ਼ਤਰ ਅੱਗੇ ਧਰਨਾ, 21 ਮਈ ਜਗਰਾਉਂ ਕਿਸਾਨ-ਮਜ਼ਦੂਰ ਮਹਾਂਰੈਲੀ, ਹਰਨੇਕ ਮਹਿਮਾ ਦੇ ਗ੍ਰਿਫ਼ਤਾਰੀ ਦੇ ਵਿਰੁੱਧ ਪਿੰਡਾਂ ਵਿੱਚ ਅਰਥੀਆਂ ਸਾੜੀਆਂ, ਭਾਜਪਾ ਉਮੀਦਵਾਰਾਂ ਦੇ ਵਿਰੋਧ ਦੀ ਸਮੀਖਿਆ ਕੀਤੀ ਗਈ। ਸਾਰੇ ਪ੍ਰੋਗਰਾਮਾਂ ‘ਤੇ ਜਥੇਬੰਦੀ ਦੀ ਸ਼ਮੂਲੀਅਤ ‘ਤੇ ਤਸੱਲੀ ਪ੍ਰਗਟ ਕੀਤੀ ਗਈ। ਉਨ੍ਹਾਂ ਦੱਸਿਆ 14 ਜੂਨ ਫਿਰੋਜ਼ਪੁਰ ਧਰਨੇ ਵਾਸਤੇ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਮਰਦ-ਔਰਤਾਂ ਦੀ ਵੱਡੀ ਗਿਣਤੀ ਕਾਫ਼ਲਿਆਂ ਦੀ ਸ਼ਮੂਲੀਅਤ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।

Leave a Reply

Your email address will not be published. Required fields are marked *