ਐਸਵਾਈਐਲ ‘ਚ ਇਕੱਠੇ ਹੋਏ ਗੰਦੇ ਪਾਣੀ ਕਾਰਨ ਫੈਲ ਰਹੀਆਂ ਹਨ ਬੀਮਾਰੀਆਂ, ਲੋਕ ਪ੍ਰੇਸ਼ਾਨ-ਸਰਕਾਰ ਕਰੇ ਧਿਆਨ :-ਡਾ. ਸੁਭਾਸ਼-ਸ਼ਰਮਾ

ਚੰਡੀਗੜ੍ਹ ਪੰਜਾਬ

ਮੋਹਾਲੀ, 5 ਜੁਲਾਈ ,ਬੋਲੇ ਪੰਜਾਬ ਬਿਊਰੋ :

– ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸ਼ੁੱਕਰਵਾਰ ਨੂੰ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡਾਂ ਤਾਜਪੁਰ, ਸੌਤਲ ਅਤੇ ਮਲਿਕਪੁਰ ਦਾ ਦੌਰਾ ਕੀਤਾ। ਆਪਣੇ ਇਸ ਦੌਰੇ ਦੌਰਾਨ ਪਿੰਡ ਵਾਸੀਆਂ ਨੇ ਡਾ. ਸੁਭਾਸ਼ ਸ਼ਰਮਾ ਨੂੰ ਦੱਸਿਆ ਕਿ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਵਿੱਚ ਭਰੇ ਗੰਦੇ ਅਤੇ ਜ਼ਹਿਰੀਲੇ ਪਾਣੀ ਕਾਰਨ ਇੱਥੋਂ ਦੇ ਦਰਜਨਾਂ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ। ਇੱਥੇ ਹਰ ਪਾਸੇ ਬਦਬੂ ਅਤੇ ਬਿਮਾਰੀਆਂ ਫੈਲੀਆਂ ਹੋਈਆਂ ਹਨ। ਪਿੰਡ ਵਾਸੀਆਂ ਦੀ ਸਮੱਸਿਆ ਸੁਣ ਕੇ ਡਾਕਟਰ ਸੁਭਾਸ਼ ਸ਼ਰਮਾ ਨੇ ਤੁਰੰਤ ਇਹ ਮਾਮਲਾ ਡਿਪਟੀ ਕਮਿਸ਼ਨਰ ਰੋਪੜ ਦੇ ਧਿਆਨ ਵਿੱਚ ਲਿਆਂਦਾ।

ਡਾ. ਸੁਭਾਸ਼ ਦੇ ਅਨੁਸਾਰ, ਡੀਸੀ ਡਾ ਪ੍ਰੀਤੀ ਯਾਦਵ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਉਹ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਡਾ. ਸ਼ਰਮਾ ਨੇ ਉਨ੍ਹਾਂ ਨੂੰ ਖੁਦ ਸਥਿਤੀ ਦਾ ਜਾਇਜ਼ਾ ਲੈਣ ਦੀ ਬੇਨਤੀ ਵੀ ਕੀਤੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਸਾਰੀ ਸਥਿਤੀ ਦਾ ਖੁਦ ਜਾਇਜ਼ਾ ਲੈਣਗੇ। ਡਾ. ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇੱਥੇ ਕਈ ਕਿਲੋਮੀਟਰ ਤੱਕ ਫੈਲੇ ਗੰਦੇ ਪਾਣੀ ਕਾਰਨ ਗੰਭੀਰ ਬਿਮਾਰੀਆਂ ਫੈਲ ਰਹੀਆਂ ਹਨ, ਇਸ ਲਈ ਉਹ ਅੱਜ ਸਥਿਤੀ ਜਾਣਨ ਲਈ ਮੌਕੇ ‘ਤੇ ਪਹੁੰਚੇ-ਅਤੇ ਸੱਚਮੁੱਚ ਇੱਥੇ ਸਥਿਤੀ ਭਿਆਨਕ ਹੈ।

ਇਨ੍ਹਾਂ ਹਾਲਾਤਾਂ ਨੂੰ ਸੁਧਾਰਨ ਲਈ ਉਨ੍ਹਾਂ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਅਤੇ ਉੱਚ ਅਧਿਕਾਰੀਆਂ ਨੇ ਪਾਈਪਾਂ ਪਾ ਕੇ ਇਸ ਪਾਣੀ ਦੀ ਨਿਕਾਸੀ ਦਾ ਭਰੋਸਾ ਦਿੱਤਾ ਹੈ।  ਡਾ. ਸੁਭਾਸ਼-ਸ਼ਰਮਾ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਤਾਂ ਭਾਜਪਾ ਇਸ ਲਈ ਸੰਘਰਸ਼ ਕਰੇਗੀ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਜ਼ਾਰਾਂ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ, ਪਰ ਸਰਕਾਰ ਦੇ ਵਿਧਾਇਕ, ਮੰਤਰੀ ਅਤੇ ਸੰਸਦ ਮੈਂਬਰ ਕੰਨ ‘ਤੇ ਜੂੰ ਤੱਕ ਕੇ ਬੈਠੇ ਹਨ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਲੋਕਾਂ ਦੀ ਸ਼ਕਤੀ ਨੂੰ ਘੱਟ ਨਾ ਸਮਝੇ ਅਤੇ ਲੋਕ ਰੋਹ ਦਾ ਸ਼ਿਕਾਰ ਹੋਣ ਤੋਂ ਬਚੇ।

Leave a Reply

Your email address will not be published. Required fields are marked *