ਖੰਗੂੜਾ ਅਤੇ ਸਾਥੀਆਂ ਨੂੰ ਮੁਅੱਤਲ ਕਰਨ ਵਿਰੁੱਧ ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਗੇਟ ਰੈਲੀ

ਐਕਸੀਡੈਂਟ ਚੰਡੀਗੜ੍ਹ ਪੰਜਾਬ

ਮੋਹਾਲੀ 8 ਜੁਲਾਈ ,ਬੋਲੇ ਪੰਜਾਬ ਬਿਊਰੋ :

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ (ਰਜਿ:) ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ, ਰਾਜਿੰਦਰ ਸਿੰਘ ਅਤੇ ਰਣਜੀਤ ਸਿੰਘ ਨੂੰ ਸਸਪੈਂਡ ਕਰਨ ਦੇ ਮਾਮਲੇ ਸਬੰਧੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਭਰਵੀਂ ਗੇਟ ਰੈਲੀ ਕੀਤੀ ਗਈ। ਜਿਸ ਵਿੱਚ ਬੋਰਡ ਮੁਲਾਜ਼ਮਾਂ ਸਮੇਤ ਰਿਟਾਇਰੀ ਐਸੋਸੀਏਸ਼ਨ ਦੇ ਆਗੂ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਰੈਲੀ ਨੂੰ ਸੰਬੋਧਨ ਕਰਦਿਆਂ ਅਤੇ ਮੁਲਾਜ਼ਮਾਂ ਨੂੰ ਆਪਣਾ ਪੱਖ ਰੱਖਦਿਆਂ ਪਰਵਿੰਦਰ ਸਿੰਘ ਖੰਗੂੜਾ ਨੇ ਬੋਰਡ ਮੈਨੇਜਮੈਂਟ ਉੱਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਸਾਜ਼ਿਸ਼ ਦੇ ਤਹਿਤ ਮੇਰੀ ਆਵਾਜ਼ ਨੂੰ ਦਬਾਉਣ ਲਈ ਮੈਨੂੰ ਮੁਅੱਤਲ ਕੀਤਾ ਗਿਆ ਹੈ। ਕਿਉਂਕਿ ਮੈਂ ਪਿਛਲੇ ਸਮੇਂ ਤੋਂ ਬੋਰਡ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਅਵਾਜ਼ ਚੁੱਕ ਰਿਹਾ ਹਾਂ, ਜਿਵੇਂ ਕਿ  ਬੋਰਡ ਸਕੱਤਰ ਵੱਲੋਂ ਨਿਯਮਾਂ ਤੋਂ ਉਲਟ 166 ਪਰੀਖਿਆਰਥੀਆਂ ਦਾ ਵਿਸ਼ਾ ਫੀਸ ਲਏ ਬਿਨਾਂ ਤਬਦੀਲ ਕਰਨ ਉਪਰੰਤ ਪਰੀਖਿਆ ਕਰਵਾਉਣ, ਤਰਸ ਅਧਾਰ ਤੇ ਨੌਕਰੀਆਂ ਨਾ ਦੇਣ, ਬੇ-ਵਜ੍ਹਾ ਤਰੱਕੀਆਂ ਵਿੱਚ ਖੜੋਤ ਪੈਦਾ ਕਰਨ ਅਤੇ ਬੋਰਡ ਮੁਲਾਜ਼ਮਾਂ ਨੂੰ ਮੰਦੀ ਸ਼ਬਦਾਵਲੀ ਵਰਤ ਕੇ ਜ਼ਲੀਲ ਕਰਨ ਆਦਿ ਦੀਆਂ ਕਾਰਵਾਈਆਂ ਨੂੰ ਉਜਾਗਰ ਕਰਨ ਦੇ ਬਦਲੇ ਉਹਨਾਂ ਨੂੰ ਕੇਵਲ ਸ਼ੱਕ ਦੇ ਆਧਾਰ ਉਤੇ ਮੁਅੱਤਲ ਕੀਤਾ ਗਿਆ ਹੈ, ਜੋ ਬਿਲਕੁਲ ਨਿਰਅਧਾਰ ਹੈ। ਉਹਨਾਂ ਵੱਲੋਂ ਰੈਲੀ ਵਿੱਚ ਕਿਹਾ ਗਿਆ ਕਿ ਸੰਯੁਕਤ ਸਕੱਤਰ ਦੁਆਰਾ ਕੀਤੀ ਗਈ ਜਾਂਚ ਸੱਚ ਤੋਂ ਕੋਹਾਂ ਦੂਰ ਹੈ। ਉਨਾਂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਇਸ ਕੇਸ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ, ਜੇਕਰ ਮੇਰੀ ਇਸ ਕੇਸ ਵਿੱਚ ਇੱਕ ਪ੍ਰਤੀਸ਼ਤ ਵੀ ਸ਼ਮੂਲੀਅਤ ਸਾਬਿਤ ਹੋਈ ਤਾਂ ਮੈਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦੇਵਾਂਗਾ।

ਸ. ਖੰਗੂੜਾ ਜੀ ਵੱਲੋਂ ਰੈਲੀ ਵਿੱਚ ਮੈਨੇਜਮੈਂਟ ਤੇ ਦੋਸ਼ ਲਗਾਉਂਦਿਆਂ ਕਿਹਾ ਗਿਆ ਕਿ ਵੈਰੀਫਿਕੇਸ਼ਨ ਦੇ ਜਿਸ ਕੇਸ ਸਬੰਧੀ ਉਹਨਾਂ ਨੂੰ ਮੁਅੱਤਲ ਕੀਤਾ ਗਿਆ ਹੈ, ਇਹ ਕੇਸ ਸਾਲ 2023 ਵਿੱਚ ਵੈਰੀਫਿਕੇਸ਼ਨ ਬ੍ਰਾਂਚ ਵਿਚ ਪਹੁੰਚਣ ਤੋਂ ਪਹਿਲਾਂ ਹੀ ਸਿੰਗਲ ਵਿੰਡੋ ਤੋਂ ਹੀ ਕਿਸੇ ਨੇ ਵੈਰੀਫ਼ਾਈ ਕਰਕੇ ਸਬੰਧਤ ਮਹਿਕਮੇ ਪੰਜਾਬ ਫਾਰਮੇਸੀ ਕੌਂਸਲ ਨੂੰ ਭੇਜ ਦਿੱਤਾ ਸੀ। ਜਿਸ ਨੇ ਵੀ ਇਹ ਕੇਸ ਬਾਹਰ ਦਾ ਬਾਹਰ ਵੈਰੀਫ਼ਾਈ ਕੀਤਾ ਹੈ, ਉਹਨਾਂ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਾਏ ਇੱਕ ਕਥਿਤ ਸਾਜ਼ਿਸ਼ ਤਹਿਤ ਪ੍ਰਧਾਨ ਦੇ ਅਕਸ਼ ਨੂੰ ਠੇਸ ਪਹੁੰਚਾਉਣ ਅਤੇ ਆਪਸੀ ਰੰਜਿਸ਼ ਤਹਿਤ ਮੈਨੇਜਮੈਂਟ ਵੱਲੋਂ ਮੁਅੱਤਲ ਕਰਨ ਦੀ ਇੱਕ-ਤਰਫ਼ਾ ਕਾਰਵਾਈ ਕੀਤੀ ਗਈ ਹੈ।ਉਹਨਾਂ ਇਹ ਵੀ ਦੱਸਿਆ ਕਿ ਇਸ ਕੇਸ ਦੇ ਮੁੱਖ ਦੋਸ਼ੀ ਅਜੈ ਕੁਮਾਰ ਨੂੰ ਇਨਕੁਆਰੀ ਅਫ਼ਸਰ ਜਨਕ ਰਾਜ ਮਹਿਰੋਕ ਵੱਲੋਂ ਜਾਂਚ ਵਿਚ ਸ਼ਾਮਲ ਕੀਤਾ ਗਿਆ ਸੀ, ਪ੍ਰੰਤੂ ਉਸ ਉੱਤੇ ਕੋਈ ਕਾਰਵਾਈ ਨਾ ਕਰਦਿਆਂ ਵਾਪਿਸ ਭੇਜ ਦਿੱਤਾ ਗਿਆ। ਸੰਯੁਕਤ ਸਕੱਤਰ ਵੱਲੋਂ ਕੀਤੀ ਗਈ ਪੜਤਾਲ ਵਿੱਚ ਸਾਫ ਤੌਰ ਤੇ ਲਿਖਿਆ ਗਿਆ ਹੈ ਕਿ ਜਾਅਲੀ ਵੈਰੀਫਿਕੇਸ਼ਨ ਰਿਪੋਰਟ ‘ਤੇ ਦਰਜ ਦਸਤਖ਼ਤ ਕਰਤਾ ਅਜੇ ਤੱਕ ਟਰੇਸ ਨਹੀਂ ਹੋ ਸਕੇ।  

ਰੈਲੀ ਦੌਰਾਨ ਸ. ਅਮਰ ਸਿੰਘ ਧਾਲੀਵਾਲ, ਪ੍ਰਧਾਨ ਰਿਟਾਇਰੀ ਐਸੋਸੀਏਸ਼ਨ ਵੱਲੋਂ ਬਹੁਤ ਹੀ ਅਫ਼ਸੋਸਜਨਕ ਲਹਿਜ਼ੇ ਵਿੱਚ ਸੰਬੋਧਨ ਕਰਦੇ ਹੋਏ ਕਿਹਾ ਕਿ ਬੋਰਡ ਦਫਤਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਨੀਲੇ ਗਰੁੱਪ (ਵਿਰੋਧੀ ਧਿਰ) ਦੇ ਆਗੂਆਂ ਵੱਲੋਂ ਮੁਅੱਤਲ ਕੀਤੇ ਮੁਲਾਜ਼ਮਾਂ ਦੇ ਨਾਲ ਖੜ੍ਹਨ ਦੀ ਬਜਾਏ ਅੱਜ ਦੀ ਰੈਲੀ ਦਾ ਬਾਈਕਾਟ ਕਰਕੇ ਬੋਰਡ ਮੈਨੇਜਮੈਂਟ ਦੇ ਪਿੱਠੂ ਹੋਣ ਦਾ ਸਬੂਤ ਦਿੱਤਾ ਗਿਆ ਹੈ। ਜਿਸ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਸ਼ਾਖ ਨੂੰ ਖੇਤਰ ਵਿੱਚ ਬਹੁਤ ਵੱਡੀ ਢਾਅ ਲੱਗੀ ਹੈ। ਜਿਸ ਨਾਲ ਮੁਲਾਜ਼ਮਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਬੋਰਡ ਦਫਤਰ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ।

ਇਸ ਉਪਰੰਤ ਗੁਰਮੇਲ ਸਿੰਘ ਮੌਜੇਵਾਲ, ਜਨਰਲ ਸਕੱਤਰ ਰਿਟਾਇਰੀ ਐਸੋਸੀਏਸ਼ਨ ਵੱਲੋਂ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਖੰਗੂੜਾ ਜੀ ਪਿਛਲੇ ਪੰਦਰਾਂ ਸਾਲਾਂ ਤੋਂ ਮੁਲਾਜ਼ਮਾਂ ਦੇ ਹਿੱਤਾਂ ਲਈ ਸੰਘਰਸ਼ ਕਰਦਾ ਆ ਰਿਹਾ ਹੈ ਅਤੇ ਉਹਨਾਂ ਵੱਲੋਂ ਵੀ ਮੁਅੱਤਲੀ ਦੇ ਹੁਕਮਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਰਿਟਾਇਰੀ ਐਸੋਸੀਏਸ਼ਨ ਦੇ ਅਹੁਦੇਦਾਰ ਸ. ਹਰਦੇਵ ਸਿੰਘ ਕਲੇਰ ਜੀ ਵੱਲੋਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਕਿ ਪਿਛਲੇ ਸਮਿਆਂ ਦੀ ਤਰ੍ਹਾਂ ਜਥੇਬੰਦੀ ਦੇ ਸਾਰੇ ਆਗੂ ਅਤੇ ਮੁਲਾਜ਼ਮਾਂ ਨੂੰ ਇੱਕਜੁੱਟ ਹੋਕੇ ਮੈਨੇਜਮੈਂਟ ਦੇ ਅਜਿਹੇ ਨਾਦਰਸ਼ਾਹੀ ਫ਼ੁਰਮਾਨਾਂ ਦੇ ਵਿਰੁੱਧ ਡਟ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

                 ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਵੱਲੋਂ ਉਲੀਕੇ ਸੰਘਰਸ਼ ਦਾ ਸਮਰਥਨ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀ ਐਸੋਸੀਏਸ਼ਨ, ਪੀ.ਐਸ.ਐਮ.ਐਸ.ਯੂ. ਦੇ ਪ੍ਰਧਾਨ ਅਮਰੀਕ ਸਿੰਘ ਸੰਧੂ, ਜਨਰਲ ਸਕੱਤਰ ਪਿੱਪਲ ਸਿੰਘ ਸਿੱਧੂ, ਪੰਜਾਬ ਸਿਵਲ ਸਕੱਤਰੇਤ ਕਰਮਚਾਰੀ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸ ਫ਼ੈੱਡਰੇਸ਼ਨ ਵੱਲੋਂ ਗੁਰਵਿੰਦਰ ਸਿੰਘ ਚੰਡੀਗੜ੍ਹ, ਪੈਨਸ਼ਨਰ ਵੈੱਲਫ਼ਅਰ ਦੇ ਪ੍ਰਧਨ ਕਰਮ ਸਿੰਘ ਧਨੋਆ ਜਨਰਲ ਸਕੱਤਰ ਜਗਦੀਸ਼ ਸਿੰਘ, ਗੌਰਮਿੰਟ ਟੀਰਰਜ਼ ਯੂਨੀਅਨ ਤੋਂ ਮਨਪ੍ਰੀਤ ਸਿੰਘ ਗੋਸਲਾਂ, ਨਗਰ ਨਿਗਮ ਮੁਹਾਲੀ ਤੋਂ ਅਜਮੇਰ ਸਿੰਘ ਲੌਂਗੀਆ ਅਤੇ ਸੰਤੋਖ਼ ਸਿੰਘ, ਬਾਗਵਾਨੀ ਵਿਭਾਗ ਤੋਂ ਸੁਰੇਸ਼ ਕੁਮਾਰ ਬਾਬਾ ਪੰਜਾਬ ਲਘੂ ਉਦਯੋਗ ਤੋਂ ਤੇਜਿੰਦਰ ਸਿੰਘ, ਜਲ ਸਰੋਤ ਵਿਭਾਗ ਤੋਂ ਜਗਜੀਵਨ ਸਿੰਘ, ਪੀ.ਐਸ.ਐਸ.ਐਫ਼-1680 ਤੋਂ ਪ੍ਰੇਮ ਚੰਦ ਅਤੇ ਕਰਤਾਰ ਸਿੰਘ ਪਾਲ ਉਚੇਚੇ ਤੌਰ ਤੇ ਪਹੁੰਚੇ।ਇਸ ਮੌਕੇ ਉਹਨਾਂ ਨਾਲ ਪਰਮਜੀਤ ਸਿੰਘ ਬੈਨੀਪਾਲ, ਗੁਰਚਰਨ ਸਿੰਘ ਤਰਮਾਲਾ, ਹਰਮਨਦੀਪ ਬੋਪਾਰਾਏ, ਮੈਡਮ ਸੀਮਾ ਸੂਦ, ਰਾਜੀਵ ਕੁਮਾਰ (ਲੈਕਚਰਾਰ), ਰਾਕੇਸ਼ ਕੁਮਾਰ (ਲੈਕਚਰਾਰ), ਜੋਗਿੰਦਰ ਸਿੰਘ, ਵੀਰਪਾਲ ਸਿੰਘ, ਬੱਬਲਜੀਤ ਸਿੰਘ, ਮਲਕੀਤ ਸਿੰਘ ਗੱਗੜ, ਮਨਜੀਤ ਸਿੰਘ, ਗੁਰਜੀਤ ਸਿੰਘ ਬੀਦੋਵਾਲੀ, ਲਖਵਿੰਦਰ ਸਿੰਘ ਘੜੂੰਆਂ, ਮਨਜਿੰਦਰ ਸਿੰਘ ਹੁਲਕਾ, ਜਸਪਾਲ ਸਿੰਘ ਅਤੇ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

1 thought on “ਖੰਗੂੜਾ ਅਤੇ ਸਾਥੀਆਂ ਨੂੰ ਮੁਅੱਤਲ ਕਰਨ ਵਿਰੁੱਧ ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਗੇਟ ਰੈਲੀ

Leave a Reply

Your email address will not be published. Required fields are marked *