ਰੂਪਨਗਰ, 4 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵਰਜੀਤ ਵਾਲੀਆ ਨੇ ਜ਼ਿਲ੍ਹਾ ਰੂਪਨਗਰ ਦੀ ਹੱਦ ਅੰਦਰ ਪੈਂਦੀਆਂ ਸਤਲੁਜ ਦਰਿਆ ਅਤੇ ਹੋਰ ਵੱਖ-ਵੱਖ ਨਹਿਰਾਂ ਵਿੱਚ ਨਹਾਉਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੇਲੇ/ਉਤਸਵ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਅਤੇ ਰੂਪਨਗਰ ਜ਼ਿਲ੍ਹੇ ਦੇ ਹੋਰ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਣ ਲਈ ਆਉਂਦੇ ਹਨ। ਇਸ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਸਤਲੁਜ ਦਰਿਆ ਅਤੇ ਹੋਰ ਵੱਖ-ਵੱਖ ਨਹਿਰਾਂ ਵਿੱਚ ਇਸ਼ਨਾਨ ਕਰਦੇ ਹਨ।
ਜਿਸ ਕਾਰਨ ਕੋਈ ਮੰਦਭਾਗੀ ਘਟਨਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਰੂਪਨਗਰ ਜ਼ਿਲ੍ਹੇ ਦੀ ਹੱਦ ਅੰਦਰ ਸਤਲੁਜ ਦਰਿਆ ਅਤੇ ਹੋਰ ਵੱਖ-ਵੱਖ ਨਹਿਰਾਂ ਵਿੱਚ ਨਹਾਉਣ ’ਤੇ ਮੁਕੰਮਲ ਪਾਬੰਦੀ ਲਾਉਣੀ ਜ਼ਰੂਰੀ ਸਮਝੀ ਗਈ ਹੈ। ਇਹ ਹੁਕਮ ਜ਼ਿਲ੍ਹਾ ਰੂਪਨਗਰ ਵਿੱਚ 12 ਤੋਂ 15 ਅਪ੍ਰੈਲ 2025 ਤੱਕ ਲਾਗੂ ਰਹਿਣਗੇ।












