ਘੁਰਕੀ, ਬੁਰਕੀ ਤੇ ਕੁਰਸੀ !

ਸਾਹਿਤ ਚੰਡੀਗੜ੍ਹ ਪੰਜਾਬ

ਘੁਰਕੀ, ਬੁਰਕੀ ਤੇ ਕੁਰਸੀ !

ਜਨਾਬ ਸੁਰਜੀਤ ਪਾਤਰ ਦੀ ਗ਼ਜ਼ਲ ਦੇ ਬੋਲ ਯਾਦ ਕਰੀਏ ਤੇ ਆਪਣਾ ਫਰਜ਼ ਨਿਭਾਈਏ ।
ਲੱਗੀ ਜੇ ਤੇਰੇ ਕਾਲਜੇ ਛੁਰੀ ਨਹੀਂ
ਇਹ ਨਾ ਸਮਝ ਕਿ ਸ਼ਹਿਰ ਹਾਲਤ ਬੁਰੀ ਨਹੀਂ।
ਸ਼ਹਿਰ ਦੀ ਕੀ ਹਾਲਤ ਪੁੱਛਦੇ ਓ, ਹਾਲਾਤ ਤਾਂ ਪੂਰੇ ਦੇਸ਼ ਦੀ ਖ਼ਸਤਾ ਹੋ ਗਈ ਹੈ। ਉਹਨਾਂ ਨੇ ਕਾਨੂੰਨ ਰਾਹੀਂ ਆਮ ਲੋਕਾਂ ਦਾ ਗਲ਼ਾ ਫ਼ੜ ਲਿਆ ਹੈ। ਪਹਿਲਾਂ ਆਰੀ ਚੱਲਦੀ ਸੀ, ਹੁਣ ਬੁਲਡੋਜ਼ਰਾਂ ਨਾਲ ਤਬਾਹੀ ਮਚਾਈ ਹੋਈ ਹੈ। ਮਾਣਯੋਗ ਸੁਪਰੀਮ ਕੋਰਟ ਦੀ ਵੀ ਕੋਈ ਸੁਣਦਾ ਨਹੀਂ। ਹੁਣ ਦੇਸ਼ ਅੰਦਰ ਤਾਂ ਆਰਾ ਹੀ ਚੱਲ ਪਿਆ ਹੈ। ਜਿਹੜਾ ਸਭ ਕੁੱਝ ਵੱਢੀ ਜਾ ਰਿਹਾ ਹੈ ਤੇ ਪੰਜਾਬੀ ਬਾਂਹ ਸਿਰਹਾਣੇ ਰੱਖ ਕੇ ਸੁੱਤੇ ਹਨ। ਸਿਆਣੇ ਕਹਿੰਦੇ ਹਨ ਕਿ ਸੁੱਤੇ ਨੂੰ ਜਗਾਇਆ ਜਾ ਸਕਦਾ ਹੈ ਪਰ ਜਾਗਦਿਆਂ ਨੂੰ ਕੌਣ ਜਗਾਏ ? ਖੈਰ ਆਪਾਂ ਵੀ ਕੀ ਲੈਣਾ ਹੈ। ਨਾਲੇ ਸਾਡਾ ਕੀ ਬਿਗੜਿਆ ਹੈ। ਜਿਹਨਾਂ ਦਾ ਬਿਗੜਿਆ ਹੈ, ਉਨ੍ਹਾਂ ਨੂੰ ਕੋਈ ਫਿਕਰ ਨਹੀਂ ਹੈ। ਫੇਰ ਆਪਾਂ ਕੀ ਫਿਕਰ ਕਰਨਾ ਹੈ, ਨਾਲੇ ਚਿੰਤਾ ਕਰਨੀ ਚਿਖਾ ਸਮਾਨ ਹੈ। ਜੋ ਕੁੱਝ ਹੋ ਰਿਹਾ ਉਪਰ ਵਾਲੇ ਦੀ ਮਰਜ਼ੀ ਨਾਲ ਹੁੰਦਾ ਹੈ । ਸਿਆਣੇ ਕਹਿੰਦੇ ਹੁੰਦੇ ਹਨ ਕਿ ” ਉਸਦੇ ਹੁਕਮ ਬਿਨਾਂ ਪੱਤਾ ਨਹੀਂ ਹਿਲਦਾ ।” ਬਾਕੀ ਹੁਣ ਕਹਿਣ ਲਈ ਬਚਿਆ ਹੀ ਕੁੱਝ ਨਹੀਂ। ਜੇ ਉਹਦੇ ਹੁਕਮ ਅੰਦਰ ਸਭ ਹੋ ਰਿਹਾ। ਫੇਰ ਭਾਣਾ ਮੰਨਣ ਵਿੱਚ ਕੀ ਹਰਜ਼ ਹੈ। ਤੁਸੀਂ ਲਵੋ ਨਜ਼ਾਰੇ ਬਦਲਾਅ ਦੇ, ਦੇਖੋ ਕਿਥੇ ਕਿਥੇ ਹੁੰਦਾ ਹੈ, ਬਦਲਾਅ। ਘੁਰਕੀ, ਬੁਰਕੀ ਤੇ ਕੁਰਸੀ ਮੂਹਰੇ ਕੌਣ ਖੜਦਾ ਤੇ ਅੜਦਾ ਹੈ। ਗੁਰਨਾਮ ਗਾਮੀ ਸੰਗਤਪੁਰੀਏ ਦੇ ਗੀਤ ਦੇ ਬੋਲ ਚੇਤੇ ਆਉਦੇ ਹਨ । ਜਨਾਬ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਨੇ ਗਾਏ ਸੀ…ਮੇਰੀ ਭੈਣ ਵੇ ਜਮਾਤਾਂ ਤੇਰਾ ਕਰਗੀ। ਤੇਰੀ ਭੈਣ ਤਾਂ ਸੁਣੀਂ ਦੀ ਚੰਦ ਵਰਗੀ,
ਉਹਦੇ ਵਿੱਚੋਂ ਇਹ ਵੀ ਬੋਲ ਆਉਂਦੇ ਹਨ, ਜਿਹੜੇ ਸਮਾਜ ਉਤੇ ਪੂਰੇ ਢੁੱਕਦੇ ਹਨ।
ਅੰਬੀ ਪੱਕ ਕਦੋ ਹੈ ਝੜਦੀ?
ਨੇਰੀ ਅੱਗੇ ਕੀ ਖੜਦਾ !”
ਇਸ ਗੀਤ ਦੇ ਬੋਲ ਦੇਸ਼ ਦੀ ਹਾਲਤ ਨੂੰ ਬਿਆਨ ਕਰਦੇ ਹਨ। ਕਹਿੰਦੇ ਹਨ ਕਿ ਪੰਜਾਬ ਬਹੁਤ ਪੜ੍ਹ ਗਿਆ ਹੈ। ਇਸੇ ਕਰਕੇ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੀ ਹੈ। ਉਥੇ ਪੜ੍ਹਾਈ ਕਹਿੰਦੇ ਕੰਮ ਕਰਨ ਸਹਾਇਤਾ ਕਰਦੀ ਹੈ। ਬਾਕੀ ਹਾਲਤ ਕੀ ਹਨ, ਤੁਸੀਂ ਬਿਹਤਰ ਜਾਣਦੇ ਓ ? ਸਮਾਜ ਦੇ ਵਿੱਚ ਆਮ ਆਦਮੀ ਦੀ ਹਾਲਤ ਦਿਨੋਂ ਦਿਨ ਪਾਣੀ ਵਰਗੀ ਹੋ ਰਹੀ ਹੈ।ਆਮ ਆਦਮੀ ਕਰੇ ਤੇ ਕੀ ਨਾ ਕਰੇ? ਇਹ ਉਸਦੇ ਵੱਸ ਨਹੀਂ । ਉਹ ਤੇ ਆਪਣੇ ਢਿੱਡ ਦੀ ਭੁੱਖ ਮਿਟਾਉਣ ਦੇ ਲਈ ਸਾਰਾ ਦਿਨ ਮਿੱਟੀ ਦੇ ਨਾਲ ਮਿੱਟੀ ਹੋ ਕੇ ਇਕ ਦਿਨ ਆਪ ਹੀ ਮਿੱਟੀ ਵਿੱਚ ਮਿਲ ਜਾਂਦਾ ਹੈ। ਇਹ ਸਿਲਸਿਲਾ ਯੁੱਗਾਂ ਤੋਂ ਜਾਰੀ ਹੈ। ਉਸ ਨੂੰ ਤੇ ਆਪਣੇ ਹੱਕਾਂ ਦੀ ਲੜ੍ਹਾਈ ਦਾ ਨੀ ਪਤਾ ਕਿ ਕਿਵੇਂ ਤੇ ਕਿਸ ਦੇ ਖਿਲਾਫ਼ ਲੜਨੀ ਹੈ? ਉਹ ਤੇ ਆਪਣੀ ਤੀਵੀਂ ਨਾਲ ਲੜ ਕੇ ਹੀ ਗੁੱਸਾ ਕੱਢ ਲੈਂਦਾ ਹੈ। ਜਿਹਨਾਂ ਨੂੰ ਪਤਾ ਕਿ ਮਨੁੱਖ ਦੀ ਮਹੱਤਤਾ ਕੀ ਹੈ , ਉਨ੍ਹਾਂ ਨੇ ਉਸ ਨੂੰ ਵੋਟ ਦੀ ਪਰਚੀ ਬਣਾ ਲਿਆ ਹੈ । ਹੁਣ ਤੇ ਉਸ ਨੂੰ ਇਹ ਪਤਾ ਹੀ ਨਹੀਂ ਕਿ ਉਹ ਕਿਸ ਦਾ ਕੀ ਲੱਗਦਾ ਹੈ? ਗੱਲ ਤੇ ਘੁਰਕੀ ਤੇ ਬੁਰਕੀ ਦੀ ਚੱਲਦੀ ਹੈ। ਕੁਰਸੀ ਆਪੇ ਵਿੱਚ ਆ ਗਈ ਹੈ। ਹੁਣ ਤਾਂ ਪੰਜਾਬ ਨੂੰ ਸੁਪਰ ਮੁੱਖ ਮੰਤਰੀ ਮਿਲ ਗਿਆ ਹੈ। ਸਲਾਹਕਾਰ ਬੋਰਡ ਦਿੱਲੀ ਵਾਲਿਆਂ ਦਾ ਚੌਵੀ ਘੰਟੇ ਹਾਜ਼ਰ ਹੈ। ਨਵੀਆਂ ਗੁੱਡੀਆਂ ਨਵੇਂ ਪਟੋਲੇ।
ਇਹਨਾਂ ਤਿੰਨ ਸ਼ਬਦਾਂ ਦਾ ਜ਼ਿੰਦਗੀ ਦੇ ਨਾਲ ਬਹੁਤ ਗੂੜ੍ਹਾ ਸੰਬੰਧ ਹੈ.ਜਿਹੜਾ ਕਦੇ ਨਾ ਕਦੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਪਰ ਰਾਜਨੀਤੀ ਦੇ ਵਿੱਚ ਇਹ ਤਿੰਨ ਸ਼ਬਦ ਅੱਜਕੱਲ੍ਹ ਬਹੁਤ ਚਰਚਾ ਵਿੱਚ ਹਨ ।
ਉਹ ਇਸ ਕਰਕੇ ਕਿ ਰਾਜਨੀਤੀ ਦੇ ਹੁਣ ਦੋ ਕੋਣ ਨਹੀਂ ਤਿਕੋਣ ਬਣ ਗਈ ਹੈ। ਇਕ ਧਿਰ ਰਾਜ ਕਰ ਰਹੀ..ਇਕ ਧਿਰ ਦੇਖ ਰਹੀ ਤੇ ਇਕ ਆਪਣੇ ਖੁਰਾਂ ਦੇ ਨਾਲ ਮਿੱਟੀ ਪੁੱਟ ਰਹੀ ਹੈ..ਇਹ ਤਿਕੌਣ ਆਮ ਲੋਕਾਂ ਦੇ ਗਲੇ ਦੀ ਹੱਡੀ ਬਣ ਗਈ ਹੈ.ਤੇ ਕਦੇ…ਸਿਰ ਵਿੱਚ ਤੇ ਪਿੱਛੇ ਚੁਭਦੀ ਹੈ..! ਹੁਣ ਤਾਂ ਸਾਹਿਤ ਸਭਾਵਾਂ ਵਿੱਚ ਵੀ ਰਾਜਨੀਤੀ ਆ ਵੜੀ ਹੈ। ਹਰ ਕਿਸੇ ਦੀ ਸਾਹਿਤਕ ਸੰਸਥਾਵਾਂ ਦੀਆਂ ਪ੍ਰਧਾਨਗੀਆਂ ਉਤੇ ਅੱਖਾਂ ਟਿੱਕੀਆਂ ਹੋਈਆਂ ਹਨ। ਉਹਨਾਂ ਦੇ ਆਪਣੇ ਪੱਲੇ ਕੀ ਹੈ, ਜੁਗਾੜ ਬੰਦੀ, ਤਿਕੜਮਬਾਜ਼ੀ ਤੇ ਲੈਣ ਦੇਣ ਹੈ। ਕਦੇ ਘੁਰਕੀ, ਕਦੇ ਬੁਰਕੀ ਤੋਂ ਅੱਗੇ ਗੱਲ ਕੁਰਸੀ ਤੱਕ ਪੁੱਜ ਗਈ ਹੈ।ਲੋਕ ਹੁਣ ਉਹਨਾਂ ਦਾ ਕੁਰਸੀਨਾਮਾ ਲੱਭਦੇ ਹਨ ਕਿ ਘੁਰਕੀ ਤੇ ਬੁਰਕੀ ਤੋਂ ਬਾਅਦ ਕੁਰਸੀ ਤੱਕ ਕਿੰਨੀ ਕੁ ਦੇਰ ਅੱਖਾਂ ਬੱਦ ਕੀਤੀਆਂ ਜਾ ਸਕਦੀਆਂ ਹਨ ? ਜਿਵੇਂ ਕਹਿੰਦੇ ਪਿਆਰ, ਜੰਗ ਤੇ ਰਾਜਨੀਤੀ ਦੇ ਵਿੱਚ ਸਭ ਕੁੱਝ ਜਾਇਜ਼ ਹੁੰਦੇ ਹੈ ਪਰ ਰਾਜਨੀਤੀ ਦੇ ਵਿੱਚ ਤਾਂ ਸਭ ਕੁੱਝ ਹੀ ਨਜਾਇਜ਼ ਹੋ ਰਿਹਾ ਹੈ! ਕਈ ਵਾਰ ਤੇ ਇੰਝ ਜਾਪਦਾ ਸਭ ਰੱਬ ਆਸਰੇ ਹੀ ਚੱਲ ਰਿਹਾ ਹੈ।ਆਮ ਆਦਮੀ ਦੀ ਕਿਧਰੇ ਵੀ ਸੁਣਵਾਈ ਨਹੀਂ, ਲੋਕ ਮਰ ਰਹੇ ਹਨ, ਲੁੱਟੇ ਜਾ ਰਹੇ ਤੇ ਕੁੱਟੇ ਜਾ ਰਹੇ ਹਨ.। ਸਿਸਟਮ ਬੇਸ਼ਰਮ ਹੋਇਆ ਹੱਸ ਰਿਹਾ ਤੇ ਕਾਨੂੰਨ ਦਾ ਪਾਠ ਪੜ੍ਹਾਇਆ ਤੇ ਸੁਣਾਇਆ ਜਾ ਰਿਹਾ ਹੈ।
.ਜੇ ਕੋਈ ਲੋਕਾਂ ਦੀ ਬਾਂਹ ਫੜਦਾ ਹੈ, ਉਸ ਦੀ ਬਾਂਹ ਮਰੋੜੀ ਜਾਂਦੀ ਹੈ। ਰਾਜ ਦੀ ਨੌਕਰਸ਼ਾਹੀ ਬੇਲਗਾਮ ਹੋ ਗਈ ਹੈ। ਲੋਕ ਸਰਕਾਰੀ ਦਫਤਰਾਂ ਦੇ ਚੱਕਰ ਮਾਰਦੇ ਹਨ ਤੇ ਸਮਾਂ ਤੇ ਮਾਇਆ ਗਵਾ ਕੇ ਘਰ ਆ ਜਾਂਦੇ ਹਨ..। ਦੂਜੇ ਪਾਸੇ ਲੋਕਾਂ ਦੇ ਬੁਨਿਆਦੀ ਤੇ ਸੰਵਿਧਾਨਕ ਹੱਕ ਖੋਹੇ ਜਾ ਰਹੇ ਹਨ, ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ, ਲੋਕ ਚੁਪ ਦੀ ਗੁਫਾ ਵਿੱਚ ਬੈਠੇ ਹਨ। ਲੋਕਾਂ ਨੂੰ ਸਵਰਗ ਦੇ ਰਸਤੇ ਦੱਸਣ ਵਾਲੀ ਚਿੱਟੀ ਸਿਉਕ..ਦੋਵੇਂ ਹੱਥੀਂ ਲੁੱਟ ਰਹੀ ਹੈ। ਲੋਕ ਸਰੀਰਕ ਤੇ ਆਰਥਿਕ ਲੁੱਟ ਕਰਵਾ ਰਹੇ ਹਨ। ਸਿਹਤ, ਸਿਖਿਆ ਤੇ ਰੁਜ਼ਗਾਰ ਖੋਹ ਲਿਆ ਹੈ। ਜਨਤਕ ਅਦਾਰਿਆਂ ਨੂੰ ਪਹਿਲਾਂ ਬਦਨਾਮ ਕੀਤਾ ਤੇ ਫੇਰ ਉਹਨਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਛੱਲੀਆਂ ਵਾਂਗ ਕੁੱਟਿਆ ਜਾਂਦਾ ਹੈ। ਨੌਕਰੀਆਂ ਬਾਹਰਲੇ ਸੂਬਿਆਂ ਦੇ ਨੌਜਵਾਨ ਹਾਸਲ ਕਰ ਰਹੇ ਹਨ। ਬਦਲਾਅ ਲਿਆਉਣ ਵਾਲੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਲੋਕ ਚੇਤਨਾ ਦੀ ਘਾਟ ਕਾਰਨ ਲੋਕਾਂ ਵਿੱਚ ਜਾਗਰੂਕਤਾ ਨਹੀਂ। ਉਹ ਲੋਟੂਆਂ ਦੇ ਮਗਰ ਤੁਰੇ ਫਿਰਦੇ ਹਨ। ਹਰ ਸਿਆਸੀ ਪਾਰਟੀ ਕੋਈ ਵੱਡੀ ਕੋਈ ਛੋਟੀ ਲੁਟੇਰਿਆਂ ਦੀ ਫੌਜ ਹੈ। ਹੁਣ ਤਾਂ ਫੌਜ ਵੀ ਸੁਰੱਖਿਅਤ ਨਹੀਂ। ਪੰਜਾਬ ਵਿੱਚ ਪੁਲਿਸ ਦਾ ਰਾਜ ਹੈ। ਉਹਨਾਂ ਨੇ ਹੁਣ ਨੌਜਵਾਨਾਂ ਦੀ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਦੋ ਮਹੀਨਿਆਂ ਵਿੱਚ ਪੰਜਾਹ ਪੁਲਿਸ ਮੁਕਾਬਲੇ ਹੋਏ ਹਨ। ਸਭ ਦਾ ਇਕੋ ਤਰੀਕਾ ਵਰਤਿਆ ਗਿਆ ਹੈ। ਪਟਿਆਲਾ ਕਰਨਲ ਬਾਠ ਕਾਂਡ ਨੇ ਪੁਲਿਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਹੁਣ ਪੁਲਸ ਤੇ ਪੰਜਾਬ ਸਰਕਾਰ ਬਚਾਅ ਲਈ ਹਰ ਹੀਲਾ ਵਰਤ ਰਹੀ ਹੈ ਪਰ ਉਹਨਾਂ ਦੀ ਕੋਈ ਵੀ ਪੇਸ਼ ਨਹੀਂ ਜਾ ਰਹੀ। ਝੂਠ ਸਾਹਮਣੇ ਆ ਰਿਹਾ ਹੈ। ਪੁਲਿਸ ਦੀਆਂ ਘਰ ਘਰ ਗੱਲਾਂ ਹੋ ਰਹੀਆਂ ਹਨ। ਬਚਾਅ ਲਈ ਆਪਣੇ ਆਪ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ। ਉਂਝ ਮਹਿੰਗਾਈ ਤੇ ਆਰਥਿਕ ਮੰਦੀ ਨੇ ਕਰੋੜਾਂ ਲੋਕ ਵਿਹਲੇ ਕਰ ਦਿੱਤੇ ਹਨ। ਪੰਜਾਬ ਦੇ ਵਿੱਚ ਰਾਜ ਸੱਤਾ ਦੀ ਜੰਗ ਲੱਗੀ ਹੋਈ ਹੈ, ਇਸੇ ਜੰਗ ਦੇ ਵਿੱਚ ਘੁਰਕੀ, ਬੁਰਕੀ ਤੇ ਕੁਰਸੀ ਦਾ ਬੋਲਬਾਲਾ ਹੋਇਆ ਹੈ। ਕਦੋਂ ਲੋਕਰਾਜ ਬਣੂੰ ? ਲੋਕ ਊਠ ਦੇ ਡਿੱਗ ਰਹੇ ਬੁੱਲ੍ਹ ਦੀ ਝਾਕ ਵਿੱਚ ਕੁੱਤੇ ਵਾਂਗ ਤੁਰੇ ਨਹੀ ਰਹੇ ਸਗੋਂ ਆਪਣਿਆਂ ਨੂੰ ਲਤਾੜ ਕੇ ਦੌੜ ਰਹੇ ਹਨ ਪਰ ਜਦੋਂ ਤੱਕ ਲੋਕ ਇੱਕਠੇ ਨੀ ਹੁੰਦੇ,ਉਦੋਂ ਤੱਕ ਇਸ ਤਰ੍ਹਾਂ ਹੀ ਲੁੱਟਮਾਰ ਜਾਰੀ ਰਹੇਗੀ। ਹੁਣ ਲੋਕਾਂ ਨੇ ਦੇਖਣਾ ਹੈ ਕਿ ਮਰਨਾ ਹੈ ਜਾ ਫਿਰ ਜਿਉਂਦੇ ਰਹਿਣਾ ਹੈ ? ਹੁਣ ਦੇਸ਼ ਦੂਸਰੀ ਅਜ਼ਾਦੀ ਦੀ ਜੰਗ ਲੜ ਰਹੇ ਹਾਂ। ਇਸ ਸਮੇ ਬੁੱਕਲ ਦੇ ਯਾਰ ਇਸ ਜਨ ਅੰਦੋਲਨ ਦੇ ਵਿੱਚ ਘੁਸਪੈਠ ਕਰ ਰਹੇ ਹਨ…ਬੇਲਾ ਸਿੰਘ ਤੇ ਕਿਰਪਾਲ ਸਿੰਘ ਵਰਗੇ ਸੂਹੀਏ ਬਣੇ ਹਨ…ਇਹਨਾਂ ਤੋਂ ਬਚਣ ਦੀ ਲੋੜ ਹੈ..! ਦੇਸ਼ ਦੇ ਅੰਦਰ ਦੂਸਰੀ ਪੂਰਨ ਆਜ਼ਾਦੀ ਦੀ ਜੰਗ ਦੀ ਜਰੂਰਤ ਹੈ, ਪਰ ਲੜੇ ਕੌਣ ? ਅਜੇ ਕਿਹੜਾ ਭੁੱਖ ਨਾਲ ਮਰੇ ਹਾਂ। ਸਸਤਾ ਤੇ ਮਹਿੰਗਾ ਸਭ ਕੁੱਝ ਮਿਲ ਰਿਹਾ ਹੈ। ਅਗਲਿਆਂ ਨੇ ਕਿਸਾਨ ਅੰਦੋਲਨ ਉਜਾੜ ਦਿੱਤਾ ਹੈ। ਟਰਾਲੀਆਂ ਤੇ ਹੋਰ ਸਮਾਨ ਲੁੱਟ ਲਿਆ ਹੈ। ਲੋਕ ਚੁੱਪ ਚਾਪ ਤਮਾਸ਼ਾ ਤੱਕਦੇ ਰਹੇ। ਸਾਡੇ ਅੰਦਰ ਐਨੀ ਹਿੰਮਤ ਨਹੀਂ ਕਿ ਇੱਕ ਜੁੱਟ ਹੋ ਕੇ ਸੰਘਰਸ਼ ਕਰੀਏ। ਅਸੀਂ ਕਿਹੜਾ ਜਰਮਨੀ ਹਾਂ ਜੋ ਤੇਲ ਦੀਆਂ ਵਧੀਆ ਕੀਮਤਾਂ ਦਾ ਵਿਰੋਧ ਕਰਕੇ ਸਰਕਾਰ ਨੂੰ ਵਾਪਸ ਲੈਣ ਮਜ਼ਬੂਰ ਕਰ ਦਵਾਂਗੇ? ਅਸੀਂ ਤੇ ਭਾਰਤੀ ਗੁਲਾਮ ਲੋਕ ਹਾਂ। ਗੁਲਾਮ ਦੀ ਕੋਈ ਸੋਚ ਤੇ ਸਰਕਾਰ ਦੇ ਲੜ੍ਹਾਈ ਨਹੀਂ ਹੁੰਦੀ ਤੇ ਘੁਰਕੀ, ਬੁਰਕੀ ਤੇ ਕੁਰਸੀ ਦੀ ਖੇਡ ਸਿਆਸੀ ਹੈ। ਆਪਾਂ ਕੀ ਲੈਣਾ ਹੈ? ਕਰੋ ਮੌਜ? ਲਵੋ ਕਿਸੇ ਸਾਧ ਦੇ ਡੇਰੇ ਜਾ ਕੇ ਸਵਰਗ ਦੀਆਂ ਟਿਕਟਾਂ ਚਿੱਟੀ ਸਿਉੰਕ ਉਡੀਕ ਦੀ ਹੈ। ਤੁਸੀਂ ਕੀ ਲੈਣਾ ਘੁਰਕੀ ਤੇ ਕੁਰਸੀ ਤੋਂ ਤੁਸੀਂ ਬੁਰਕੀ ਛਕੋ!

ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।