ਰਾਜਪੁਰਾ, 28 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਇਥੋਂ ਨੇੜਲੇ ਸ਼ਾਮ ਨਗਰ ਵਿਖੇ ਸਥਿਤ ਵਿਸ਼ਵਕਰਮਾ ਮੰਦਿਰ ਦੇ ਆਲੇ-ਦੁਆਲੇ ਦੀਆਂ ਖਾਲੀ ਕਿਆਰੀਆਂ ਨੂੰ ਹਰੀਆਲੀ ਅਤੇ ਸੁੰਦਰਤਾ ਨਾਲ ਭਰਨ ਦੇ ਉਦੇਸ਼ ਹਿੱਤ ਕਿਰਤ ਦਾਨ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਰੁੱਖ ਲਗਾਉਣ ਮੁਹਿੰਮ ਚਲਾਈ ਗਈ। ਇਸ ਦੌਰਾਨ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਮਿਹਨਤ ਅਤੇ ਸਮਰਪਨ ਦੀ ਮਿਸਾਲ ਪੇਸ਼ ਕਰਦਿਆਂ ਫੁੱਲਾਂ ਵਾਲੇ ਕਈ ਕਿਸਮਾਂ ਦੇ ਪੌਦੇ ਆਪਣੇ ਹੱਥੀਂ ਲਗਾਏ।
ਵਿਸ਼ੇਸ਼ ਤੌਰ ‘ਤੇ ਪ੍ਰਧਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ ਰਾਜਪੁਰਾ ਕੁਲਦੀਪ ਵਰਮਾ ਨੇ ਹਾਜ਼ਰੀ ਭਰੀ ਅਤੇ ਰਾਜਪੁਰਾ ਨਿਵਾਸੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਪਣੇ ਇਲਾਕਿਆਂ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਫ਼ ਸਫ਼ਾਈ ਅਤੇ ਹਰੀਆਲੀ ਨਾ ਸਿਰਫ ਸਾਡਾ ਫ਼ਰਜ ਹੈ, ਸਗੋਂ ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਵਧੀਆ ਵਾਤਾਵਰਨ ਦੀ ਸੌਗਾਤ ਵੀ ਹੈ। ਅਸੀਂ ਜਿੱਥੇ ਵੀ ਰਹੀਏ, ਆਪਣੀ ਧਰਤੀ ਨੂੰ ਸਾਂਭਣਾ ਸਾਡੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ।
ਇਸ ਮੌਕੇ ਕਿਰਤ ਦਾਨ ਸੇਵਾ ਸੁਸਾਇਟੀ ਦੇ ਪ੍ਰਮੁੱਖ ਮੈਂਬਰ ਭੁਪਿੰਦਰ ਸਿੰਘ ਚੋਪੜਾ, ਟਿੰਕੂ ਬਾਂਸਲ, ਮੁਨੀਸ਼ ਸੂਦ, ਸਾਬਕਾ ਮਿਊਂਸਪਲ ਕੌਂਸਲਰ ਅਮਰੀਸ਼ ਸ਼ਰਮਾ, ਸੂਰਜ ਬਾਵਾ, ਸੁਖਬੀਰ ਸਿੰਘ ਗੋਲਡੀ, ਰਾਕੇਸ਼ ਵਰਮਾ, ਅਮਰਪ੍ਰੀਤ ਸਿੰਘ ਸੰਧੂ ਅਤੇ ਅੱਵਲਨੂਰ ਸਿੰਘ ਨੇ ਵੀ ਸਰਗਰਮੀ ਨਾਲ ਭਾਗ ਲਿਆ। ਹਰ ਮੈਂਬਰ ਨੇ ਨਿਰੰਤਰ ਸੇਵਾ ਭਾਵਨਾ ਦਿਖਾਉਂਦੇ ਹੋਏ ਪੌਦੇ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲਈ।
ਸਮੂਹ ਨੇ ਇੱਥੇ ਇਹ ਵੀ ਸੰਕਲਪ ਲਿਆ ਕਿ ਇਹ ਮੁਹਿੰਮ ਰੁਕਣੀ ਨਹੀਂ ਚਾਹੀਦੀ, ਬਲਕਿ ਇਸਨੂੰ ਹੋਰ ਵਧਾ ਕੇ ਹੋਰ ਇਲਾਕਿਆਂ ਤੱਕ ਲਿਜਾਇਆ ਜਾਵੇ। ਇਸ ਉਪਰਾਲੇ ਨੂੰ ਲੈ ਕੇ ਇਲਾਕੇ ਵਾਸੀਆਂ ਨੇ ਵੀ ਪ੍ਰਸੰਨਤਾ ਜਤਾਈ ਅਤੇ ਕਿਰਤ ਦਾਨ ਸੇਵਾ ਸੁਸਾਇਟੀ ਦੀ ਇਸ ਪਹਿਲ ਦੀ ਸਰਾਹਨਾ ਕੀਤੀ। ਲੋਕਾਂ ਨੇ ਕਿਹਾ ਕਿ ਜਦ ਤੱਕ ਸਾਡੇ ਆਲੇ-ਦੁਆਲੇ ਹਰਿਆਵਲ ਨਹੀਂ ਹੋਵੇਗੀ, ਤਦ ਤੱਕ ਸਿਹਤਮੰਦ ਜੀਵਨ ਸੰਭਵ ਨਹੀਂ। ਇਨ੍ਹਾਂ ਲਗਾਏ ਗਏ ਬੂਟਿਆਂ ਦੀ ਸੰਭਾਲ ਲਈ ਨਿਯਮਤ ਜਲ ਸਿੰਚਾਈ ਅਤੇ ਘਾਹ-ਪੱਤਿਆਂ ਦੀ ਸਫ਼ਾਈ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ। ਕਿਰਤ ਦਾਨ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਲੋਕਾਂ ਨੂੰ ਆਪਣੀ ਗਲੀ, ਮੁਹੱਲੇ ਅਤੇ ਮੰਦਰ ਦੇ ਆਲੇ-ਦੁਆਲੇ ਰੁੱਖ ਲਗਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।
ਇਸ ਸਮਾਗਮ ਨਾਲ ਨਾਂ ਸਿਰਫ ਹਰਿਆਲੀ ਵਧਾਉਣ ਦੀ ਪ੍ਰੇਰਨਾ ਮਿਲੀ, ਸਗੋਂ ਲੋਕਾਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਵੀ ਵਧੀ। ਆਉਣ ਵਾਲੇ ਸਮੇਂ ਵਿਚ ਕਿਰਤ ਦਾਨ ਸੇਵਾ ਸੁਸਾਇਟੀ ਵੱਲੋਂ ਹੋਰ ਵੀ ਵਾਤਾਵਰਨ ਸੰਬੰਧੀ ਪ੍ਰੋਗਰਾਮ ਕੀਤੇ ਜਾਣਗੇ।