ਰਾਜਨੀਤੀ ਦੀ ਤਿੰਨ ਪਹੀਏ ਵਾਲੀ ਗੱਡੀ ਹੈ; ਘੁਰਕੀ, ਬੁਰਕੀ ਤੇ ਕੁਰਸੀ। ਘੁਰਕੀ (ਪੁਲਿਸ) ਨਾਲ ਲੋਕਾਂ ਨੂੰ ਡਰਾਇਆ ਜਾਂਦਾ ਹੈ, ਬੁਰਕੀ ਨਾਲ ਵਰਗਲਾਇਆ ਜਾਂਦਾ ਹੈ ਤੇ ਕੁਰਸੀ ਉੱਤੇ ਬੈਠ ਕੇ ਰਾਜ ਕੀਤਾ ਜਾਂਦਾ ਹੈ। ਸੱਤਾ ਬਦਲਦੀ ਹੈ, ਚਿਹਰੇ ਬਦਲਦੇ ਹਨ, ਨਾਅਰੇ ਬਦਲਦੇ ਹਨ ਪਰ ਲੋਕਾਂ ਦੀ ਕਿਸਮਤ ਨਹੀਂ ਬਦਲਦੀ।
ਲੋਕਾਂ ਨੂੰ ਕਦੇ ਧਰਮ ਦੇ ਨਾਂ ਉੱਤੇ ਵੰਡਿਆ ਜਾਂਦਾ ਹੈ, ਕਦੇ ਜਾਤ ਦੇ ਨਾਂ ਉੱਤੇ, ਕਦੇ ਦੇਸ਼ਭਗਤੀ ਦੇ ਨਾਂ ਉੱਤੇ ਤੇ ਕਦੇ ਵਿਕਾਸ ਦੇ ਸੁਪਨੇ ਦਿਖਾ ਕੇ। ਜਦੋਂ ਲੋਕ ਸਵਾਲ ਪੁੱਛਦੇ ਹਨ ਤਾਂ ਘੁਰਕੀ ਮਿਲਦੀ ਹੈ, ਜਦੋਂ ਚੁੱਪ ਹੋ ਜਾਂਦੇ ਹਨ ਤਾਂ ਬੁਰਕੀ ਸੁੱਟ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਕੁਰਸੀ ਦਾ ਸਫ਼ਰ ਚੱਲਦਾ ਰਹਿੰਦਾ ਹੈ।
ਸਭ ਤੋਂ ਵੱਡਾ ਦੁੱਖ ਇਹ ਨਹੀਂ ਕਿ ਹਾਕਮ ਚਾਲਾਕ ਹਨ, ਦੁੱਖ ਇਹ ਹੈ ਕਿ ਲੋਕ ਅਜੇ ਵੀ ਹਰ ਵਾਰੀ ਨਵੇਂ ਮੁਖੌਟਿਆਂ ਨੂੰ ਨਵਾਂ ਚਿਹਰਾ ਸਮਝ ਲੈਂਦੇ ਹਨ। ਜਿਹੜੇ ਕੱਲ੍ਹ ਤੱਕ ਲੋਕਾਂ ਦੀ ਲੁੱਟ ਦਾ ਰੋਣਾ ਰੋਂਦੇ ਸਨ, ਅੱਜ ਉਹੀ ਸੱਤਾ ਦੇ ਸੁਖ ਭੋਗ ਰਹੇ ਹਨ। ਜਿਹੜੇ ਕੱਲ੍ਹ ਤੱਕ ਕੁਰਸੀ ਨੂੰ ਕੋਸਦੇ ਸਨ, ਅੱਜ ਕੁਰਸੀ ਲਈ ਹਰ ਸਮਝੌਤਾ ਕਰਨ ਨੂੰ ਤਿਆਰ ਹਨ।
ਲੋਕਰਾਜ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਇੱਥੇ ਲੋਕ ਸਿਰਫ਼ ਵੋਟ ਹਨ, ਨਾਗਰਿਕ ਨਹੀਂ। ਚੋਣਾਂ ਵੇਲੇ ਉਹ ਮਾਲਕ ਹੁੰਦੇ ਹਨ, ਨਤੀਜਿਆਂ ਤੋਂ ਬਾਅਦ ਮੁੜ ਪ੍ਰਜਾ ਬਣ ਜਾਂਦੇ ਹਨ। ਉਨ੍ਹਾਂ ਦੇ ਹੱਕ ਫਾਈਲਾਂ ਵਿੱਚ ਬੰਦ ਰਹਿੰਦੇ ਹਨ ਅਤੇ ਉਨ੍ਹਾਂ ਦੇ ਸੁਪਨੇ ਭਾਸ਼ਣਾਂ ਵਿੱਚ। ਲੋਕ ਚੁੱਪ ਚਾਪ ਤਮਾਸ਼ਾ ਤੱਕਦੇ ਰਹਿੰਦੇ ਹਨ।
ਅੱਜ ਪੰਜਾਬ ਦਾ ਆਮ ਆਦਮੀ ਮਹਿੰਗਾਈ, ਬੇਰੁਜ਼ਗਾਰੀ, ਨਸ਼ਿਆਂ, ਕਰਜ਼ਿਆਂ ਅਤੇ ਭ੍ਰਿਸ਼ਟਾਚਾਰ ਨਾਲ ਲੜ ਰਿਹਾ ਹੈ। ਪਰ ਸੱਤਾ ਦੇ ਅਖਾੜੇ ਵਿੱਚ ਘੁਰਕੀ, ਬੁਰਕੀ ਤੇ ਕੁਰਸੀ ਦੀ ਕੁਸ਼ਤੀ ਜਾਰੀ ਹੈ। ਜਨਤਾ ਦੀ ਪੀੜ ਕਿਸੇ ਦਾ ਮੁੱਦਾ ਨਹੀਂ, ਸਿਰਫ਼ ਸਿਆਸੀ ਮੌਕਾ ਹੈ।
ਸੱਚ ਇਹ ਹੈ ਕਿ ਜਦੋਂ ਤੱਕ ਲੋਕ ਆਪਣੇ ਹੱਕਾਂ ਲਈ ਇੱਕਜੁੱਟ ਨਹੀਂ ਹੁੰਦੇ, ਉਦੋਂ ਤੱਕ ਕੋਈ ਵੀ ਕੁਰਸੀ ਲੋਕਾਂ ਦੀ ਨਹੀਂ ਹੋ ਸਕਦੀ। ਫਿਰ ਚਾਹੇ ਕੁਰਸੀ ਉੱਤੇ ਕੋਈ ਵੀ ਬੈਠਾ ਹੋਵੇ। ਕਿਉਂਕਿ ਲੁੱਟ ਸਿਰਫ਼ ਲੁਟੇਰੇ ਦੀ ਤਾਕਤ ਨਾਲ ਨਹੀਂ, ਲੁੱਟੇ ਜਾਣ ਵਾਲਿਆਂ ਦੀ ਚੁੱਪ ਨਾਲ ਵੀ ਚੱਲਦੀ ਹੈ।
ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਕੁਰਸੀ ਕਿਸ ਕੋਲ ਹੈ, ਸਵਾਲ ਇਹ ਹੈ ਕਿ ਕੁਰਸੀ ਨੂੰ ਲੋਕ ਚਲਾ ਰਹੇ ਹਨ ਜਾਂ ਕੁਰਸੀ ਲੋਕਾਂ ਨੂੰ? ਹੁਣ ਧਰਨੇ ਵੀ ਸਰਕਾਰ ਦੀ ਮੱਦਦ ਨਾਲ ਲੱਗਦੇ ਹਨ। ਲੋਕ ਸੁੱਤੇ ਪਏ ਹਨ, ਉਹਨਾਂ ਨੇ ਘੇਸਲ ਵੱਟੀ ਹੋਈ ਹੈ, ਆਪਾਂ ਕੀ ਲੈਣਾ ਹੈ, ਇਸ ਸੋਚ ਉਹਨਾਂ ਉਪਰ ਭਾਰੂ ਹੈ।
ਜੇ ਲੋਕ ਜਾਗ ਪਏ ਤਾਂ ਘੁਰਕੀਆਂ ਹਵਾ ਹੋ ਜਾਣਗੀਆਂ, ਬੁਰਕੀਆਂ ਬੇਅਸਰ ਹੋ ਜਾਣਗੀਆਂ ਤੇ ਕੁਰਸੀਆਂ ਲੋਕਾਂ ਦੇ ਦਰ ਉੱਤੇ ਹਾਜ਼ਰੀ ਭਰਨਗੀਆਂ। ਨਹੀਂ ਤਾਂ ਇਹੀ ਖੇਡ ਚੱਲਦੀ ਰਹੇਗੀ। ਕੋਈ ਘੁਰਕੀ ਦੇਵੇਗਾ, ਕੋਈ ਬੁਰਕੀ ਸੁੱਟੇਗਾ ਤੇ ਕੋਈ ਕੁਰਸੀ ਸੰਭਾਲੇਗਾ।
“ਜਦੋਂ ਲੋਕ ਵਿਕਣੋਂ ਹਟ ਜਾਂਦੇ ਹਨ, ਉਦੋਂ ਹਾਕਮ ਡਰਾਉਣੋਂ ਹਟ ਜਾਂਦੇ ਹਨ; ਤੇ ਜਦੋਂ ਲੋਕ ਸਵਾਲ ਪੁੱਛਣ ਲੱਗ ਪੈਂਦੇ ਹਨ, ਉਦੋਂ ਕੁਰਸੀਆਂ ਦੇ ਪੈਰ ਕੰਬਣ ਲੱਗ ਪੈਂਦੇ ਹਨ।”
ਘੁਰਕੀ, ਬੁਰਕੀ ਤੇ ਕੁਰਸੀ ਦਾ ਖੇਡ ਰਾਜਨੀਤੀ ਵਿੱਚ ਘੁਰਕੀ ਡਰਾਉਣ ਲਈ, ਬੁਰਕੀ ਵਰਗਲਾਉਣ ਲਈ ਅਤੇ ਕੁਰਸੀ ਰਾਜ ਕਰਨ ਲਈ ਵਰਤੀ ਜਾਂਦੀ ਹੈ। ਲੋਕਾਂ ਨੂੰ ਕਦੇ ਡਰ ਵਿਖਾਇਆ ਜਾਂਦਾ ਹੈ, ਕਦੇ ਲਾਲਚ ਦਿੱਤਾ ਜਾਂਦਾ ਹੈ ਅਤੇ ਕਦੇ ਬਦਲਾਅ ਦੇ ਸੁਪਨੇ। ਪਰ ਨਤੀਜਾ ਉਹੀ ਰਹਿੰਦਾ ਹੈ—ਆਮ ਆਦਮੀ ਲਾਈਨਾਂ ਵਿੱਚ ਖੜ੍ਹਾ ਰਹਿੰਦਾ ਹੈ ਅਤੇ ਸੱਤਾ ਦੇ ਖਿਡਾਰੀ ਕੁਰਸੀਆਂ ਬਦਲਦੇ ਰਹਿੰਦੇ ਹਨ।
ਅੱਜ ਦਾ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਕੁਰਸੀ ਕਿਸ ਕੋਲ ਹੈ, ਸਵਾਲ ਇਹ ਹੈ ਕਿ ਕੁਰਸੀ ਲੋਕਾਂ ਲਈ ਹੈ ਜਾਂ ਲੋਕ ਕੁਰਸੀ ਲਈ? ਜਦੋਂ ਲੋਕ ਆਪਣੀ ਤਾਕਤ ਭੁੱਲ ਜਾਂਦੇ ਹਨ ਤਾਂ ਘੁਰਕੀਆਂ ਹੁਕਮ ਬਣ ਜਾਂਦੀਆਂ ਹਨ, ਬੁਰਕੀਆਂ ਨੀਤੀ ਬਣ ਜਾਂਦੀਆਂ ਹਨ ਅਤੇ ਕੁਰਸੀਆਂ ਤਖ਼ਤ ਬਣ ਜਾਂਦੀਆਂ ਹਨ।
ਲੋਕਰਾਜ ਦਾ ਅਰਥ ਹਰ ਪੰਜ ਸਾਲ ਬਾਅਦ ਵੋਟ ਪਾਉਣਾ ਨਹੀਂ, ਸਗੋਂ ਹਰ ਰੋਜ਼ ਸਵਾਲ ਪੁੱਛਣਾ ਹੈ। ਜਦੋਂ ਲੋਕ ਸਵਾਲ ਕਰਨੇ ਛੱਡ ਦਿੰਦੇ ਹਨ ਤਾਂ ਸੱਤਾ ਜਵਾਬਦੇਹ ਨਹੀਂ ਰਹਿੰਦੀ।
ਅੱਜ ਪੰਜਾਬ ਅਤੇ ਦੇਸ਼ ਦੀ ਲੋੜ ਕਿਸੇ ਨਵੇਂ ਮਸੀਹੇ ਦੀ ਨਹੀਂ, ਸਗੋਂ ਜਾਗਦੇ ਨਾਗਰਿਕ ਦੀ ਹੈ। ਕਿਉਂਕਿ ਜਦੋਂ ਲੋਕ ਜਾਗਦੇ ਹਨ ਤਾਂ ਘੁਰਕੀਆਂ ਖ਼ਤਮ ਹੋ ਜਾਂਦੀਆਂ ਹਨ, ਬੁਰਕੀਆਂ ਬੇਅਸਰ ਹੋ ਜਾਂਦੀਆਂ ਹਨ ਅਤੇ ਕੁਰਸੀਆਂ ਨੂੰ ਲੋਕਾਂ ਅੱਗੇ ਸਿਰ ਝੁਕਾਉਣਾ ਪੈਂਦਾ ਹੈ।
“ਨੇਰੀ ਅੱਗੇ ਕੀ ਖੜਦਾ” ਸਿਰਫ਼ ਗੀਤ ਦੀ ਲਾਈਨ ਨਹੀਂ, ਸਗੋਂ ਸਮੇਂ ਦੀ ਚੇਤਾਵਨੀ ਹੈ। ਜੇ ਲੋਕ ਚੁੱਪ ਰਹੇ ਤਾਂ ਕੁਰਸੀ ਦੀ ਖੇਡ ਚੱਲਦੀ ਰਹੇਗੀ; ਜੇ ਲੋਕ ਬੋਲ ਪਏ ਤਾਂ ਖੇਡ ਦੇ ਨਿਯਮ ਹੀ ਬਦਲ ਜਾਣਗੇ।
— ਬੁੱਧ ਬਾਣ
“ਜਦੋਂ ਲੋਕ ਡਰਨਾ ਛੱਡ ਦਿੰਦੇ ਹਨ, ਉਦੋਂ ਸੱਤਾ ਘੁਰਕੀ ਦੇਣੀ ਛੱਡ ਦਿੰਦੀ ਹੈ।”
+++
ਬੁੱਧ ਸਿੰਘ ਨੀਲੋਂ
9464370823












