ਸ਼ਬਦ ਗੁਰੂ ਜਦੋਂ ਅੰਮ੍ਰਿਤ ਬਣਦਾ ਹੈ!
ਬੁੱਧ ਚਿੰਤਨ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਨੂੰ ਸਮਰਪਿਤ
ਸ਼ਬਦ ਗੁਰੂ ਜਦੋਂ ਅੰਮ੍ਰਿਤ ਬਣਦਾ ਹੈ ਤਾਂ ਮਨ ਨਿਰਮਲ ਹੁੰਦਾ ਹੈ। ਜਿਵੇਂ ਨਿਰਮਲ ਪਾਣੀ ਪਾਰਦਰਸ਼ੀ ਹੁੰਦਾ ਹੈ। ਜਿਸ ਦੇ ਆਰ ਪਾਰ ਦੇਖਿਆ ਜਾ ਸਕਦਾ ਹੈ। ਗੰਧਲਾ ਪਾਣੀ ਹੋਵੇ ਜਾਂ ਮਨ ਉਸ ਦੇ ਅੰਦਰ ਹੀ ਹੈ, ਨਹੀਂ ਦੇਖਿਆ ਜਾ ਸਕਦਾ। ਮਨ ਨੂੰ ਨਿਰਮਲ ਬਣਾਉਣ ਲਈ ਗਿਆਨ ਹਾਸਲ ਕਰਨਾ ਪੈਂਦਾ ਹੈ। ਗਿਆਨ ਗੁਰੂ ਬਿਨਾਂ ਨਹੀਂ ਮਿਲਦਾ। ਇਸੇ ਕਰਕੇ ਆਖਿਆ ਜਾਂਦਾ ਹੈ ਕਿ, ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂ। ਗਿਆਨ ਦਾ ਭੰਡਾਰ ਅਥਾਹ ਹੈ।
ਗਿਆਨ ਤੇ ਸ਼ਬਦ ਦੀ ਯਾਤਰਾ ਕਰਦਿਆਂ, ਸ਼ਬਦਾਂ ਦੇ ਆਰ-ਪਾਰ ਜਾਣਾ ਪੈਂਦਾ ਹੈ। ਸ਼ਬਦ ਕੇਵਲ ਯਾਤਰਾ ਹੀ ਨਹੀਂ ਕਰਦੇ, ਇਹ ਤਾਂ ਬਣਦੇ, ਘੜੇ ਜਾਂਦੇ, ਸਾਂਚੇ ਤੇ ਤਰਾਸ਼ੇ ਜਾਂਦੇ, ਜਨਮ ਲੈਂਦੇ, ਮਰਦੇ, ਸੁੰਗੜਦੇ, ਫੈਲਦੇ, ਗੁਆਚਦੇ ਹੋਏ ਸਮੇਂ ਦੇ ਨਾਲ ਨਾਲ ਯਾਤਰਾ ਕਰਦੇ ਹਨ। ਮਨੁੱਖ ਦਾ ਸ਼ਬਦ ਦੇ ਨਾਲ ਰਿਸ਼ਤਾ ਜਨਮ ਤੋਂ ਪਹਿਲਾਂ ਹੀ ਗਰਭ ਵਿੱਚ ਪੈ ਜਾਂਦਾ ਹੈ।
ਇਸੇ ਕਰਕੇ ਅਸੀਂ ਬਹੁਤ ਕੁੱਝ ਨਾਲ ਹੀ ਲੈ ਕੇ ਜੰਮਦੇ ਹਾਂ, ਜੰਮਦਿਆਂ ਦੇ ਮੂੰਹ ਤਿੱਖੇ ਇਸੇ ਕਰਕੇ ਹੁੰਦੇ ਹਨ, ਕਿ ਉਨਾਂ ਦੇ ਮੂੰਹ ਤਿੱਖੇ ਕਰਨ ਲਈ ਸਾਡੇ ਪੁਰਖਿਆਂ ਨੇ ਜਿੱਥੇ ਸਾਨੂੰ ਲੋਰੀਆਂ ਦਿੱਤੀਆਂ ਹਨ, ਬਹਾਦਰੀ ਤੇ ਕੁਰਬਾਨੀ ਦੀਆਂ ਕਥਾਵਾਂ ਸੁਣਾਈਆਂ ਹਨ, ਉੱਥੇ ਉਨਾਂ ਸਾਨੂੰ ਆਪਣੇ ਤੇ ਬੇਗਾਨਿਆਂ ਦਾ ਅਹਿਸਾਸ ਹੀ ਨਹੀਂ ਕਰਵਾਇਆ, ਸਗੋਂ ਸੁਚੇਤ ਰਹਿਣ ਦਾ ਪਾਠ ਵੀ ਪੜਾਇਆ ਹੈ।
ਅਸੀਂ ਪੜ੍ਹਾਏ ਗਏ ਪਾਠਾਂ ਨੂੰ ਅਮਲ ਵਿੱਚ ਲਿਆਉਣ ਦੀ ਵਜਾਏ, ਖੁਦ ਪਾਠ ਕਰਨ ਲੱਗ ਪਏ ਤੇ ਅਸੀਂ ਪਾਠੀ ਹੋ ਗਏ। ਸਿਮਰਨ ਕਰਨ, ਪਾਠ ਕਰਨ ਤੇ ਪਾਠੀ ਹੋਣ ਵਿੱਚ ਢੇਰ ਅੰਤਰ ਹੈ, ਪਰ ਸਾਡੀ ਬਦਕਿਸਮਤੀ ਇਹ ਹੋ ਗਈ ਕਿ ਅਸੀਂ ਪਾਠੀਆਂ ਨੂੰ ਹੀ ਗੁਰੂ ਦੇ ਵਜ਼ੀਰ ਸਮਝਣ ਲੱਗ ਪਏ ਹਾਂ। ਦੂਜੇ ਪਾਸੇ ਅਸੀਂ ਪਾਠੀਆਂ ਨੂੰ ਗੁਰੂ ਘਰਾਂ ਦੇ ਸੀਰੀ ਹੀ ਬਣਾ ਲਿਆ ਹੈ। ਉਹਨਾਂ ਦਾ ਅਸੀਂ ਸੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਸਿਮਰਨਾ ਆਪਣੇ ਆਪ ਨੂੰ ਨੂੰ ਹੁੰਦਾ ਹੈ। ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਹੁੰਦਾ ਹੈ।
ਇਸ ਕਰਕੇ ਅਸੀਂ ਸ਼ਬਦ ਗੁਰੂ ਦੇ ਨਾਲੋਂ ਟੁੱਟ ਕੇ ਪਾਠੀਆਂ, ਕੀਰਤਨੀਆਂ ਤੇ ਪੁਜਾਰੀਆਂ ਦੇ ਕਦਮਾਂ ਵਿੱਚ ਸਿਰ ਰੱਖ ਕੇ ਆਪਣੇ ਚੰਗੇ ਭਵਿੱਖ ਦੀਆਂ ਅਰਦਾਸਾਂ ਕਰਦੇ ਹਾਂ ਤੇ ਉਨਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਾਂ। ਪਾਠੀਆ ਦੇ ਕਮੇਟੀ ਕੀ ਕੀ ਕਰਦੀ ਹੈ ਕਿਵੇਂ ਉਹਨਾਂ ਦਾ ਸੋਸ਼ਣ ਕਰਦੀ ਹੈ ਇਸ ਤੇ ਕਥਾ ਫੇਰ ਕਰਾਗੇ।
ਅਸੀਂ ਅਰਦਾਸਾਂ ਤਾਂ ਗੁਰੂ ਅੱਗੇ ਕਰਦੇ ਹਾਂ, ਪਰ ਸਾਡਾ ਸਿਰ ਉਹਨਾਂ ਪੁਜਾਰੀਆਂ ਦੇ ਕਦਮਾਂ ਥੱਲੇ ਹੁੰਦਾ ਹੈ, ਜਿਹੜੇ ਆਪਣੇ ਆਪ ਨੂੰ ਸ਼ਬਦ ਗੁਰੂ ਨਾਲੋਂ ਵੀ ਵੱਡਾ ਸਮਝ ਦੇ ਹਨ ਪਰ ਵੱਡੇ ਹੁੰਦੇ ਨਹੀਂ। ਉਹ ਗੁਰੂ ਦੇ ਨਾਮ ਤੇ ਆਪਣੇ ਕਾਰੋਬਾਰ ਵਧਾਉਣ ਲਈ ਧਰਮ ਦਾ ਸਹਾਰਾ ਲੈਂਦੇ ਹਨ। ਉਹ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਹਨ, ਪਰ ਵੱਡੇ ਨਹੀਂ ਹੁੰਦੇ। ਵੱਡੇ ਹੋਣ ਲਈ ਧੁੱਪੇ ਬੈਠ ਕੇ ਦਾਹੜੀ ਚਿੱਟੀ ਕਰਨਾ ਵੀ ਨਹੀਂ ਹੁੰਦਾ ਤੇ ਨਾ ਹੀ ਕਿਸੇ ਵੱਡੇ ਆਹੁਦੇ ਤੇ ਪੁੱਜ ਜਾਣਾ ਹੁੰਦਾ ਹੈ। ਪਰ ਅਸੀਂ ਉਨ੍ਹਾਂ ਨੂੰ ਹੀ ਵੱਡੇ ਸਮਝਣ ਲੱਗ ਪੈਂਦੇ ਹਾਂ, ਜਿੰਨਾਂ ਦੇ ਬਸਤਰ ਚਿੱਟੇ ਹੁੰਦੇ ਹਨ ਤੇ ਅਹੁਦੇ ਵੱਡੇ ਹੁੰਦੇ ਹਨ। ਪਰ ਉਹਨਾਂ ਦੇ ਦਿਲ ਕਾਲ਼ੇ ਹੁੰਦੇ ਹਨ।
ਸ਼ਬਦ ਦੀ ਯਾਤਰਾ ਦਾ ਇੱਕ ਲੰਬਾ ਤੇ ਸੰਘਰਸ਼ਮਈ ਇਤਿਹਾਸ ਹੈ। ਇਹ ਇਤਿਹਾਸ ਨੂੰ ਵਾਚਦਿਆਂ ਅਸੀਂ ਕਦੇ ਵੀ ਸ਼ਬਦਾਂ ਦੀ ਗਹਿਰਾਈ ਤੇ ਅਸਮਾਨ ਵਰਗੀ ਉਚਾਈ ਨਹੀਂ ਮਾਪ ਸਕਦੇ। ਇਹ ਸਮੁੰਦਰ ਤੇ ਅਸਮਾਨ ਵਾਂਗ ਵਿਸ਼ਾਲ ਹਨ।
ਉਂਝ ਅਸੀਂ ਸ਼ਬਦਾਂ ਦੇ ਵਣਜਾਰੇ ਅਖਵਾਉਣ ਦਾ ਢੌਂਗ ਰਚਦੇ ਹਾਂ। ਸ਼ਬਦਾਂ ਦਾ ਢੋਂਗ ਉਹੀ ਰਚਦੇ ਹਨ ਜਿੰਨਾਂ ਨੂੰ ਸ਼ਬਦਾਂ ਨਾਲ ਖੇਡਣਾ ਆਉਂਦਾ ਹੈ। ਸ਼ਬਦਾਂ ਨਾਲ ਖੇਡਣ ਲਈ ਸ਼ਬਦਾਂ ਦੀ ਭਾਸ਼ਾ ਨੂੰ ਸਮਝਣਾ ਬੜਾ ਔਖਾ ਮਾਰਗ ਹੈ ਪਰ ਅਸੀਂ ਔਖੇ ਮਾਰਗਾਂ ਦੇ ਮੁਸਾਫਿਰ ਨਹੀਂ, ਇਸ ਕਰਕੇ ਅਸੀਂ ਬਾਤਾਂ ਸੁਨਣੀਆਂ ਤੇ ਪੜ੍ਹਨੀਆਂ ਭੁੱਲ ਗਏ ਹਾਂ।
ਸ਼ਬਦ ਗੁਰੂ ਨੂੰ ਭੁੱਲਣ ਕਰਕੇ ਅਸੀਂ ਜ਼ਿੰਦਗੀ ਦੇ ਅਜਿਹੇ ਭਵ-ਸਾਗਰ ਵਿੱਚ ਫਸ ਗਏ ਹਾਂ, ਕਿ ਸਾਡੀ ਹਾਲਤ ਝਾਲ ਦੇ ਪਾਣੀਆਂ ਵਰਗੀ ਹੋ ਗਈ ਹੈ, ਜਿਹੜਾ ਆਪਣੀ ਹੀ ਪਰਿਕਰਮਾ ਕਰਦਾ ਰਹਿੰਦਾ ਤੇ ਸੋਚਦਾ ਹੈ, ਉਸ ਨੇ ਬਹੁਤ ਲੰਬਾ ਸਫ਼ਰ ਤਹਿ ਕਰ ਲਿਆ ਹੈ।
ਸਫਰ ਤੈਅ ਕਰਨ ਲਈ ਪੈਰਾਂ ਨਾਲ ਨਹੀਂ ਸੋਚ, ਸਮਝ ਤੇ ਮੰਜ਼ਿਲ ਦਾ ਨਿਸ਼ਾਨਾ ਮਿੱਥ ਕੇ ਤੁਰਿਆ ਜਾਂਦਾ ਹੈ। ਉਂਝ ਅਸੀਂ ਹਰ ਵੇਲੇ ਵੱਖ ਵੱਖ ਥਾਵਾਂ ਦੀਆਂ ਯਾਤਰਾਵਾਂ 'ਤੇ ਤੁਰੇ ਤਾਂ ਰਹਿੰਦੇ ਹਾਂ, ਪਰ ਅਸੀਂ ਕਿਸੇ ਮੰਜ਼ਿਲ ਉਤੇ ਨਹੀਂ ਪੁੱਜਦੇ। ਇਸੇ ਕਰਕੇ ਘੁੰਮਣਘੇਰੀ ਵਿੱਚ ਗੁਆਚ ਜਾਂਦੇ ਹਾਂ। ਗੁਆਚਦੇ ਉਹੀ ਹੁੰਦੇ ਹਨ, ਜਿੰਨਾਂ ਨੇ ਮੁੜ ਕੇ ਕੁੱਝ ਲੱਭ ਕੇ ਲਿਆਉਣਾ ਨਹੀਂ ਹੁੰਦਾ ਹੈ। ਦੁੱਧ ਤੇ ਪਾਣੀ ਦਾ ਨਿਤਾਰਾ ਉਹੀ ਕਰ ਸਕਦਾ ਹੈ, ਜਿਸ ਕੋਲ ਪਰਖਣ ਦੀ ਕਸਵੋਟੀ ਹੋਵੇ।
ਅਸੀਂ ਪਰਖਣੀਆਂ ਲਾ ਲਾ ਕੇ ਉਨ੍ਹਾਂ ਲੋਕਾਂ ਦਾ ਲਹੂ ਹੀ ਨਿਚੋੜਦੇ ਹਾਂ, ਜਿੰਨ੍ਹਾਂ ਦੇ ਅੰਦਰ ਲਹੂ ਹੁੰਦਾ ਨਹੀਂ। ਅਸੀਂ ਕਦੇ ਵੀ ਉਨ੍ਹਾਂ ਦੇ ਇਹ ਪਰਖਣੀਆਂ ਨਹੀਂ ਲਾਉਂਦੇ ਜਿਹੜੇ ਲੋਕਾਂ ਦਾ ਲਹੂ ਪੀਂਦੇ ਹਨ। ਪਰ ਆਪਣੇ ਆਪ ਨੂੰ ਸ਼ਾਕਾਹਾਰੀ ਕਹਿੰਦੇ ਹਨ।
ਚਿੱਟੇ ਬਸਤਰ ਤੇ ਚਿੱਟੀ ਦਾਹੜੀ ਦੇ ਨਾਲ ਆਪਣੇ ਅੰਦਰਲੇ ਕਾਲਖ ਨੂੰ ਲਕੋਇਆ ਨਹੀਂ ਜਾ ਸਕਦਾ। ਤੁਹਾਡੇ ਅੰਦਰਲੀ ਕਾਲਖ ਤੁਹਾਡੀ ਅੱਖਾਂ ਦੇ ਰਾਂਹੀ ਸਾਰੀ ਹੀ ਚੁਗਲੀ ਕਰ ਦਿੰਦੀ ਹੈ, ਪਰ ਤੁਹਾਨੂੰ ਪਤਾ ਹੀ ਨਹੀਂ ਲਗਦਾ ਕਿ ਤੁਹਾਡੇ ਦਿਲ ਦੀਆਂ ਗੱਲਾਂ ਦੂਸਰੇ ਨੂੰ ਕਿਵੇਂ ਪਤਾ ਲੱਗ ਗਈਆਂ ਹਨ, ਤੁਸੀ ਆਪਣਿਆਂ 'ਤੇ ਸ਼ੱਕ ਕਰਦੇ ਹੋ ਤੇ ਬੇਗਾਨਿਆਂ ਉੱਤੇ ਵਿਸ਼ਵਾਸ ਕਰਨ ਲੱਗਦੇ ਹੋ।
ਇਸੇ ਕਰਕੇ ਅਸੀਂ ਆਪਣਿਆਂ ਦੇ ਹੱਥੋਂ ਕਤਲ ਹੁੰਦੇ ਹਾਂ, ਤਾਂ ਕਤਲ ਕਰਦੇ ਹਾਂ। ਸਾਡੇ ਕਾਤਲ ਕੋਈ ਬਾਹਰੋਂ ਨਹੀਂ ਆਉਂਦੇ, ਸਾਡੇ ਅੰਦਰੋਂ ਹੀ ਪੈਦਾ ਹੁੰਦੇ ਹਨ। ਇਹ ਉਦੋਂ ਹੀ ਪੈਦਾ ਹੁੰਦੇ ਹਨ, ਜਦੋਂ ਅਸੀਂ ਹਰ ਇੱਕ ਤੇ ਵਿਸ਼ਵਾਸ ਕਰਦੇ ਹਾਂ, ਵਿਸ਼ਵਾਸ਼ ਇੱਕ ਦਿਨ ਵਿੱਚ ਪੈਦਾ ਨਹੀਂ ਕੀਤਾ ਜਾ ਸਕਦਾ। ਬੜੀ ਘਾਲਣਾ ਘਾਲਣੀ ਪੈਂਦੀ ਹੈ।
ਅਸੀਂ ਘਾਲਣਾ ਨਹੀਂ ਘਾਲਦੇ, ਘੌਲੀ ਜ਼ਰੂਰ ਬਣ ਜਾਂਦੇ ਹਾਂ। ਸ਼ਬਦਾਂ ਦੀ ਯਾਤਰਾ ਜਦੋਂ ਬੰਦਿਸ਼ ਬਣਦੀ ਹੈ ਤਾਂ ਤਲਵਾਰ ਲਹੂ ਮੰਗਦੀ। ਜਦੋਂ ਤਲਵਾਰ ਲਹੂ ਮੰਗਦੀ ਹੈ ਸੋਚ ਜਨਮ ਲੈਂਦੀ, ਸੋਚ ਜਿਹੜੀ ਵਿਚਾਰ ਧਾਰਾ ਬਣਦੀ ਹੈ। ਤਾਂ ਫਿਰ ਸਿਰ ਉਠਦੇ ਹਨ, ਬਗੈਰ ਸਿਰਾਂ ਵਾਲੇ ਸਿਰ ਹੁੰਦਿਆਂ ਵੀ ਦੌੜਦੇ ਹਨ।
ਬੁੱਧ ਸਿੰਘ ਨੀਲੋਂ
9464370823
ਪੇਂਟਿੰਗ ਰਾਜ ਕੁਮਾਰ












