ਨਸ਼ਾ ਮੁਕਤ ਪੰਜਾਬ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਪਾਣੀਆਂ ਅਤੇ ਕਿਸਾਨੀ ਹੱਕਾਂ ਦੀ ਰਾਖੀ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਨਵੀਂ ਦਿੱਲੀ 11 ਨਵੰਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):
ਅਕਾਲੀ ਦਲ ਵਾਰਿਸ ਪੰਜਾਬ ਦੇ–ਕੈਨੇਡਾ ਈਸਟ ਵੱਲੋਂ 8 ਨਵੰਬਰ ਨੂੰ ਗੁਰਦੁਆਰਾ ਸਾਹਿਬ ਗ੍ਰੇਟਰ ਮਾਂਟਰੀਅਲ, ਡੀ.ਡੀ.ਓ. ਵਿਖੇ ਕਰਵਾਏ ਗਏ ਸਮਾਗਮ ਨੂੰ ਸੰਗਤ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਮਾਂਟਰੀਅਲ ਦੀ ਸੀਨੀਅਰ ਤੇ ਨੌਜਵਾਨ ਲੀਡਰਸ਼ਿਪ ਸਮੇਤ ਵੱਡੀ ਗਿਣਤੀ ਵਿੱਚ ਕਮਿਊਨਿਟੀ ਮੈਂਬਰਾਂ ਨੇ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਇਸ ਨੂੰ ਨਵੀਂ ਮਜ਼ਬੂਤੀ ਦਿੱਤੀ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਸ. ਨਰਿੰਦਰ ਸਿੰਘ ਮਿਨਹਾਸ, ਸ. ਬਲਰਾਜ ਸਿੰਘ ਕੈਰੋਂ, ਸ. ਸਰਬਜੀਤ ਸਿੰਘ ਮਿਨਹਾਸ, ਸ. ਪਰਗਟ ਸਿੰਘ ਭੰਡਾਲ, ਸ. ਗੁਰਦੀਪ ਸਿੰਘ ਜੰਡੂ, ਸ. ਸਤਨਾਮ ਸਿੰਘ ਭਮਰਾ, ਸ. ਧਨਵੀਰ ਸਿੰਘ, ਸ. ਜੋਬਨਜੀਤ ਸਿੰਘ, ਸ. ਗੁਰਜੀਤ ਸਿੰਘ, ਸ. ਸੀਤਲ ਸਿੰਘ ਸ਼ਾਹਕੋਟ, ਸ. ਜਸਪ੍ਰੀਤ ਸਿੰਘ ਸੰਧੂ, ਸ. ਭੁਪਿੰਦਰ ਸਿੰਘ ਜੰਡੂ, ਸ. ਸੁਰਿੰਦਰ ਸਿੰਘ ਸਰੋਆ ਅਤੇ ਜਨਪਾਲ ਸਿੰਘ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਅਤੇ ਸੰਗਤ ਮੈਂਬਰਾਂ ਨੇ ਪਾਰਟੀ ਦੀ ਮੈਂਬਰਸ਼ਿਪ ਲੈ ਕੇ ਪੰਜਾਬ, ਪੰਥ ਅਤੇ ਕੌਮ ਦੀ ਸੇਵਾ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਪਾਰਟੀ ਦੇ ਕੈਨੇਡਾ ਈਸਟ ਦੇ ਪ੍ਰਧਾਨ ਸ. ਪਰਮਿੰਦਰ ਸਿੰਘ ਪਾਂਗਲੀ ਨੇ ਇਸ ਭਰਵੇਂ ਹੁੰਗਾਰੇ ਲਈ ਸਮੂਹ ਸਾਧ ਸੰਗਤ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੇਂ ਆਗੂਆਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਮਾਂਟਰੀਅਲ ਵਿੱਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ, ਨਸ਼ਾ ਮੁਕਤ ਪੰਜਾਬ ਦੀ ਸਿਰਜਣਾ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਪਾਣੀਆਂ ਦੀ ਰਾਖੀ, ਕਿਸਾਨੀ ਹੱਕਾਂ ਦੀ ਸੁਰੱਖਿਆ ਅਤੇ ਪੰਜਾਬ ਦੀ ਵਿਲੱਖਣ ਹੋਂਦ ਤੇ ਪਛਾਣ ਨੂੰ ਬਚਾਉਣ ਲਈ ਦ੍ਰਿੜਤਾ ਨਾਲ ਖੜ੍ਹੀ ਰਹੇਗੀ। ਉਨ੍ਹਾਂ ਨਵੇਂ ਸ਼ਾਮਲ ਹੋਏ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ।












