ਮੰਡੀ ਗੋਬਿੰਦਗੜ੍ਹ, 15 ਨਵੰਬਰ ,ਬੋਲੇ ਪੰਜਾਬ ਬਿਉਰੋ:
ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ), ਭਾਰਤ ਵੱਲੋਂ ਕੈਨੇਡਾ ਦੀ ਅਲਬਰਟਾ ਐਡਵਾਂਸ ਅਕੈਡਮੀ (ਏਏਏ) ਨਾਲ ਇੱਕ ਸਮਝੌਤਾ (ਐਮਓਯੂ) ਉੱਤੇ ਦਸਤਖ਼ਤ ਕੀਤੇ ਗਏ ਹਨ। ਇਸ ਸਮਝੌਤੇ ਦਾ ਉਦੇਸ਼ ਕੌਮਾਂਤਰੀ ਵਿਦਿਅਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਅਤੇ ਪੰਜਾਬੀ ਭਾਸ਼ਾ, ਸਾਂਝੀ ਖੋਜ, ਅਧਿਆਪਨ ਪ੍ਰਣਾਲੀ ਵਿੱਚ ਨਵੀਨਤਾ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਸਮਝੌਤਾ ਭਾਰਤ ਅਤੇ ਕੈਨੇਡਾ ਦਰਮਿਆਨ ਵਿਦਿਅਕ ਖੇਤਰ ਵਿੱਚ ਮਜ਼ਬੂਤ ਕੌਮਾਂਤਰੀ ਸਾਂਝ ਸਥਾਪਤ ਕਰਨ, ਗਿਆਨ ਦੇ ਆਦਾਨ-ਪ੍ਰਦਾਨ ਨੂੰ ਸੁਖਾਲਾ ਬਣਾਉਣ ਅਤੇ ਵਿਦਿਅਕ ਤੇ ਸੱਭਿਆਚਾਰਕ ਸਾਂਝ ਲਈ ਨਵੇਂ ਰਾਹ ਖੋਲ੍ਹਣ ਵੱਲ ਇੱਕ ਅਹਿਮ ਕਦਮ ਹੈ।
ਸਮਝੌਤੇ ਉੱਤੇ ਦਸਤਖ਼ਤ ਕਰਨ ਦੇ ਸਮਾਗਮ ਦੌਰਾਨ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ ਚਾਂਸਲਰ ਡਾ. ਤਜਿੰਦਰ ਕੌਰ ਨੇ ਨੁਮਾਇੰਦਗੀ ਕੀਤੀ, ਜਦਕਿ ਕੈਨੇਡਾ ਦੀ ਅਲਬਰਟਾ ਐਡਵਾਂਸ ਅਕੈਡਮੀ ਵੱਲੋਂ ਸ੍ਰੀ ਜਗਵਿੰਦਰ ਸਿੰਘ ਸਿੱਧੂ ਹਾਜ਼ਰ ਸਨ।
ਇਹ ਸਮਝੌਤਾ ਦੋਵਾਂ ਸੰਸਥਾਵਾਂ ਦੀ ਸਾਂਝੀ ਸੋਚ ਅਤੇ ਦੂਰਦਰਸ਼ੀ ਪਹੁੰਚ ਨੂੰ ਦਰਸਾਉਂਦਾ ਹੈ। ਇਸ ਦਾ ਮੁੱਖ ਉਦੇਸ਼ ਮਿਆਰੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ, ਖੋਜ ਆਧਾਰਿਤ ਕਾਰਜਾਂ ਨੂੰ ਮਜ਼ਬੂਤ ਕਰਨਾ, ਪੜ੍ਹਾਉਣ ਅਤੇ ਸਿੱਖਣ ਦੇ ਨਵੇਂ ਤੇ ਪ੍ਰਭਾਵਸ਼ਾਲੀ ਢੰਗਾਂ ਨੂੰ ਪ੍ਰਫੁੱਲਤ ਕਰਨਾ ਅਤੇ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਵਿਰਸੇ ਦੀ ਕੌਮਾਂਤਰੀ ਪੱਧਰ ਉੱਤੇ ਸੰਭਾਲ ਅਤੇ ਪ੍ਰਚਾਰ ਕਰਨਾ ਹੈ।
ਇਸ ਸਾਂਝੇ ਉਪਰਾਲੇ ਰਾਹੀਂ ਵਿਦਿਅਕ ਵਿਚਾਰ-ਵਟਾਂਦਰੇ, ਵਿਚਾਰਾਂ ਦੇ ਆਦਾਨ-ਪ੍ਰਦਾਨ, ਸੱਭਿਆਚਾਰਕ ਸਮਝ ਅਤੇ ਸੰਸਥਾਗਤ ਸਹਿਯੋਗ ਲਈ ਇੱਕ ਅਰਥਪੂਰਨ ਮੰਚ ਪ੍ਰਦਾਨ ਹੋਣ ਦੀ ਉਮੀਦ ਹੈ। ਇਸ ਨਾਲ ਭਾਰਤ ਅਤੇ ਕੈਨੇਡਾ ਦੇ ਵਿਦਿਅਕ ਅਤੇ ਸੱਭਿਆਚਾਰਕ ਸਬੰਧ ਹੋਰ ਮਜ਼ਬੂਤ ਹੋਣਗੇ।
ਇਸ ਕੌਮਾਂਤਰੀ ਸਹਿਯੋਗ ਰਾਹੀਂ ਦੇਸ਼ ਭਗਤ ਯੂਨੀਵਰਸਿਟੀ ਆਪਣੇ ਵਿਸ਼ਵ ਪੱਧਰੀ ਵਿਦਿਅਕ ਪਸਾਰ ਨੂੰ ਲਗਾਤਾਰ ਅੱਗੇ ਵਧਾ ਰਹੀ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਵਿਦਿਅਕ ਉੱਤਮਤਾ, ਕੌਮਾਂਤਰੀ ਸਾਂਝੇਦਾਰੀਆਂ ਅਤੇ ਸਰਹੱਦਾਂ ਤੋਂ ਪਾਰ ਪੰਜਾਬੀ ਭਾਸ਼ਾ ਤੇ ਵਿਰਸੇ ਦੀ ਸੰਭਾਲ ਅਤੇ ਪ੍ਰਚਾਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਹੈ।












