ਨਸ਼ਾ ਮੁਕਤ ਪੰਜਾਬ ਦੀ ਪਹਿਲ: ਸਕੂਲਾਂ ਤੋਂ ਸ਼ੁਰੂ ਹੋਵੇਗੀ ਜਾਗਰੂਕਤਾ ਮੁਹਿੰਮ

ਚੰਡੀਗੜ੍ਹ ਪੰਜਾਬ

ਵਿੱਕੀ ਮਿੱਡੂਖੇੜਾ ਫਾਊਂਡੇਸ਼ਨ ਨੇ ਕਲਾਸ 6 ਵੀਂ ਤੋਂ 8 ਵੀਂ ਤੱਕ ਦੇ ਵਿਦਿਆਰਥੀਆਂ ਲਈ ਤਿਆਰ ਕੀਤੀ ਵਿਸ਼ੇਸ਼ ਸਿੱਖਿਆਤਮਕ ਪੁਸਤਕ

ਪੰਜਾਬ ਦੇ ਸਿੱਖਿਆ ਮੰਤਰੀ ਨੂੰ ਕਲਾਸ 6 ਵੀਂ ਦੇ ਪਾਠਕ੍ਰਮ ‘ਚ ਨਸ਼ੇ ਦੇ ਮਾੜੇ ਪ੍ਰਭਾਵਾਂ ‘ਤੇ ਲਾਜ਼ਮੀ ਅਧਿਆਏ ਸ਼ਾਮਲ ਕਰਨ ਦਾ ਪ੍ਰਸਤਾਵ



ਚੰਡੀਗੜ੍ਹ, 23 ਨਵੰਬਰ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)

ਪੰਜਾਬ ‘ਚ ਨਸ਼ੇ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਅਤੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਨਸ਼ੇ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿੱਕੀ ਮਿੱਡੂਖੇੜਾ ਫਾਊਂਡੇਸ਼ਨ ਨੇ ਇੱਕ ਅਹਿਮ ਪਹਿਲ ਕੀਤੀ ਹੈ। ਫਾਊਂਡੇਸ਼ਨ ਨੇ ਕਲਾਸ 6 ਵੀਂ ਤੋਂ 8 ਵੀਂ ਤੱਕ ਦੇ ਵਿਦਿਆਰਥੀਆਂ ਲਈ ਨਸ਼ੇ ਖਿਲਾਫ਼ ਜਾਗਰੂਕਤਾ ‘ਤੇ ਆਧਾਰਿਤ ਵਿਸ਼ੇਸ਼ ਸਿੱਖਿਆਤਮਕ ਪੁਸਤਕ “ਚੜ੍ਹਦੀਕਲਾ ਪੰਜਾਬ – Say No to Drugs, Say Yes to Life” ਤਿਆਰ ਕੀਤੀ ਹੈ। ਚੰਡੀਗੜ੍ਹ ਪ੍ਰੈਸ ਕਲੱਬ ‘ਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਪੁਸਤਕ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਦੇ ਮਾਧਿਅਮ ਰਾਹੀਂ ਸਕੂਲਾਂ ‘ਚ ਨਸ਼ਾ ਵਿਰੋਧੀ ਸਿੱਖਿਆ ਨੂੰ ਮਜ਼ਬੂਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ।

ਅਜੇਪਾਲ ਮਿੱਡੂਖੇੜਾ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਪੰਜਾਬ ਦੇ ਵਿਧਾਨ ਸਭਾ ਸਪੀਕਰ ਅਤੇ ਸਿੱਖਿਆ ਮੰਤਰੀ ਨੂੰ ਭੇਜੇ ਗਏ ਪ੍ਰਸਤਾਵ ‘ਚ ਮੰਗ ਕੀਤੀ ਗਈ ਹੈ ਕਿ ਕਲਾਸ 6 ਦੇ ਪਾਠਕ੍ਰਮ ‘ਚ ਮਨੁੱਖੀ ਸਰੀਰ ਅਤੇ ਦਿਮਾਗ ‘ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਨਾਲ ਸਬੰਧਿਤ ਇੱਕ ਲਾਜ਼ਮੀ ਅਧਿਆਏ ਸ਼ਾਮਲ ਕੀਤਾ ਜਾਵੇ। ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਐਸ.ਸੀ.ਈ.ਆਰ.ਟੀ. ਨੂੰ ਸਿੱਖਿਆਤਮਕ ਸਮੱਗਰੀ ਦੀ ਸਮੀਖਿਆ ਕਰਕੇ ਪਾਠਕ੍ਰਮ ‘ਚ ਸ਼ਾਮਲ ਕਰਨ ਦੀ ਜ਼ਿੰਮੇਵਾਰੀ ਦੇਣ ਦਾ ਸੁਝਾਅ ਦਿੱਤਾ ਗਿਆ ਹੈ।

ਫਾਊਂਡੇਸ਼ਨ ਦਾ ਮੰਨਣਾ ਹੈ ਕਿ ਨਸ਼ੇ ਖਿਲਾਫ਼ ਲੜਾਈ ਸਿਰਫ਼ ਪੁਲਿਸ ਕਾਰਵਾਈ, ਨਸ਼ਾ ਮੁਕਤੀ ਕੇਂਦਰਾਂ ਅਤੇ ਮੁੜ ਵਸੇਬੇ ਤੱਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਬੱਚਿਆਂ ਨੂੰ ਨਸ਼ੇ ਦੇ ਖਤਰਿਆਂ ਬਾਰੇ ਸਮੇਂ ਸਿਰ ਸਿੱਖਿਅਤ ਕਰਨਾ ਵੀ ਜ਼ਰੂਰੀ ਹੈ। 6 ਵੀਂ ਦੇ ਵਿਦਿਆਰਥੀ ਆਮ ਤੌਰ ‘ਤੇ 11 ਤੋਂ 12 ਸਾਲ ਦੀ ਉਮਰ ਦੇ ਹੁੰਦੇ ਹਨ, ਜਦੋਂ ਉਨ੍ਹਾਂ ‘ਚ ਸਹੀ-ਗਲਤ ਦੀ ਸਮਝ ਅਤੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਵਿਕਸਿਤ ਹੋ ਰਿਹਾ ਹੁੰਦਾ ਹੈ। ਅਜਿਹੇ ਸਮੇਂ ‘ਚ ਉਨ੍ਹਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਦੀ ਜਾਣਕਾਰੀ ਦੇਣਾ ਭਵਿੱਖ ‘ਚ ਨਸ਼ੇ ਤੋਂ ਬਚਾਅ ਦਾ ਮਜ਼ਬੂਤ ਆਧਾਰ ਬਣ ਸਕਦਾ ਹੈ।

ਪੁਸਤਕ ‘ਚ ਸਰੀਰ ਅਤੇ ਦਿਮਾਗ ‘ਤੇ ਨਸ਼ੇ ਦੇ ਪ੍ਰਭਾਵ ਦੀ ਜਾਣਕਾਰੀ

ਪੁਸਤਕ ‘ਚ ਤੰਬਾਕੂ, ਸ਼ਰਾਬ, ਗਾਂਜਾ, ਹੈਰੋਇਨ, ਹੋਰ ਨਸ਼ੀਲੇ ਪਦਾਰਥਾਂ ਅਤੇ ਦਵਾਈਆਂ ਦੀ ਦੁਰਵਰਤੋਂ ਨਾਲ ਹੋਣ ਵਾਲੇ ਨੁਕਸਾਨ ਨੂੰ ਸਰਲ ਭਾਸ਼ਾ ‘ਚ ਸਮਝਾਇਆ ਗਿਆ ਹੈ। ਇਸ ‘ਚ ਦੱਸਿਆ ਗਿਆ ਹੈ ਕਿ ਨਸ਼ਾ ਦਿਮਾਗ, ਦਿਲ, ਫੇਫੜਿਆਂ, ਜਿਗਰ ਅਤੇ ਗੁਰਦਿਆਂ ਸਮੇਤ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ। ਇਸ ਤੋਂ ਇਲਾਵਾ ਮਾਨਸਿਕ ਸਿਹਤ, ਪੜ੍ਹਾਈ, ਪਰਿਵਾਰਕ ਜੀਵਨ ਅਤੇ ਸਮਾਜਿਕ ਸਬੰਧਾਂ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਵਿਦਿਆਰਥੀਆਂ ਨੂੰ ਸਾਥੀਆਂ ਦੇ ਦਬਾਅ ‘ਚ ਨਸ਼ੇ ਤੋਂ ਦੂਰ ਰਹਿਣ, ਆਤਮਵਿਸ਼ਵਾਸ ਨਾਲ ‘ਨਾਂ’ ਕਹਿਣ ਅਤੇ ਤਣਾਅ ਨਾਲ ਨਜਿੱਠਣ ਦੇ ਸਿਹਤਮੰਦ ਤਰੀਕੇ ਅਪਣਾਉਣ ਬਾਰੇ ਵੀ ਦੱਸਿਆ ਗਿਆ ਹੈ। ਪੁਸਤਕ ‘ਚ ਪ੍ਰਸ਼ਨੋਤਰੀ, ਕਲਾਸ ਗਤੀਵਿਧੀਆਂ, ਪੋਸਟਰ ਮੁਕਾਬਲਾ, ਅਧਿਆਪਕ ਮਾਰਗਦਰਸ਼ਨ, ਮਾਪਿਆਂ ਲਈ ਸੰਦੇਸ਼ ਅਤੇ ਵਿਦਿਆਰਥੀਆਂ ਦੀ ਨਸ਼ਾ ਮੁਕਤ ਪੰਜਾਬ ਦੀ ਸਹੁੰ ਨੂੰ ਵੀ ਥਾਂ ਦਿੱਤੀ ਗਈ ਹੈ।

ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ‘ਚ ਉਪਲਬਧ ਕਰਾਉਣ ਦਾ ਸੁਝਾਅ

ਫਾਊਂਡੇਸ਼ਨ ਨੇ ਪੁਸਤਕ ਨੂੰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ‘ਚ ਤਿਆਰ ਕਰਕੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਤੱਕ ਪਹੁੰਚਾਉਣ ਦਾ ਪ੍ਰਸਤਾਵ ਰੱਖਿਆ ਹੈ। ਇਸ ਦੇ ਨਾਲ ਹੀ ਅਧਿਆਪਕਾਂ ਦੀ ਸਿਖਲਾਈ, ਨਿਯਮਿਤ ਜਾਗਰੂਕਤਾ ਸੈਸ਼ਨਾਂ ਅਤੇ ਸਕੂਲ ਪੱਧਰ ‘ਤੇ ਨਸ਼ਾ ਵਿਰੋਧੀ ਗਤੀਵਿਧੀਆਂ ਦੇ ਆਯੋਜਨ ਦੀ ਵੀ ਸਿਫਾਰਸ਼ ਕੀਤੀ ਗਈ ਹੈ।

ਪ੍ਰਸਤਾਵ ‘ਚ ਕਲਾਸ 6 ਵੀਂ ਤੋਂ ਸ਼ੁਰੂਆਤ ਕਰਦਿਆਂ ਹੌਲੀ-ਹੌਲੀ ਕਲਾਸ 7 ਵੀਂ ਤੋਂ 12 ਵੀਂ ਤੱਕ ਨਸ਼ਾ ਰੋਕਥਾਮ ਸਬੰਧੀ ਸਿੱਖਿਆ ਦਾ ਵਿਸਥਾਰ ਕਰਨ ਦੀ ਗੱਲ ਕਹੀ ਗਈ ਹੈ। ਫਾਊਂਡੇਸ਼ਨ ਅਨੁਸਾਰ, ਜੇ ਸਕੂਲਾਂ ‘ਚ ਇਸ ਵਿਸ਼ੇ ਨੂੰ ਵਿਵਸਥਿਤ ਢੰਗ ਨਾਲ ਪੜ੍ਹਾਇਆ ਜਾਵੇ ਤਾਂ ਬੱਚੇ ਨਸ਼ੇ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਆਪਣੇ ਪਰਿਵਾਰ ਅਤੇ ਸਮਾਜ ‘ਚ ਵੀ ਸਕਾਰਾਤਮਕ ਸੰਦੇਸ਼ ਪਹੁੰਚਾ ਸਕਣਗੇ।

ਫਾਊਂਡੇਸ਼ਨ ਨੇ ਉਮੀਦ ਜਤਾਈ ਕਿ ਪੰਜਾਬ ਸਰਕਾਰ ਇਸ ਪ੍ਰਸਤਾਵ ‘ਤੇ ਗੰਭੀਰਤਾ ਨਾਲ ਵਿਚਾਰ ਕਰੇਗੀ ਅਤੇ ਸਕੂਲਾਂ ਨੂੰ ਨਸ਼ਾ ਮੁਕਤ ਸਮਾਜ ਦੇ ਨਿਰਮਾਣ ‘ਚ ਸਰਗਰਮ ਭਾਈਵਾਲ ਬਣਾਉਣ ਲਈ ਲੋੜੀਂਦੇ ਕਦਮ ਚੁੱਕੇਗੀ।

Latest News

Latest News