ਚੰਡੀਗੜ੍ਹ 23 ਨਵੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੀ ਮਾਝਾ ਸਿਆਸਤ ਦੀ ਬਿਸਾਤ ’ਤੇ ਸਿਆਸੀ ਘਰ ਵਾਪਸੀ ਕਦੇ ਵੀ ਸਿਰਫ਼ ਭਾਵਨਾਵਾਂ ’ਤੇ ਆਧਾਰਿਤ ਨਹੀਂ ਹੁੰਦੀ, ਸਗੋਂ ਇਹ ਸਿਆਸੀ ਤਾਕਤ ਅਤੇ ਸਵੈ-ਮਾਣ ਦੀ ਕੀਮਤ ’ਤੇ ਤੈਅ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਹੀ ਜੀਜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੇ ਦੋ ਸਾਲਾਂ ਬਾਅਦ ਹੁਣ ਕੈਰੋਂ ਨੇ ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋਣ ਲਈ ਪੱਟੀ ਦੇ ਨਾਲ-ਨਾਲ ਖੇਮਕਰਨ ਵਿਧਾਨ ਸਭਾ ਹਲਕੇ ਦੀ ਟਿਕਟ ਦੇਣ ਦੀ ਸਖ਼ਤ ਸ਼ਰਤ ਰੱਖ ਦਿੱਤੀ ਹੈ।
ਸੂਤਰਾਂ ਅਨੁਸਾਰ, ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਧੀ ਦੇ ਵਿਆਹ ਸਮਾਗਮ ਦੌਰਾਨ ਸੁਖਬੀਰ ਬਾਦਲ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਨਾਲ ਪਾਰਟੀ ਵਿੱਚ ਸੰਭਾਵੀ ਵਾਪਸੀ ਬਾਰੇ ਗੱਲਬਾਤ ਕੀਤੀ ਸੀ। ਇਸ ਚਰਚਾ ਦੌਰਾਨ ਕੈਰੋਂ ਨੇ ਦੋ ਹਲਕਿਆਂ ਤੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ, ਜਿਸ ਤਹਿਤ ਉਹ ਪੱਟੀ ਹਲਕੇ ਤੋਂ ਆਪਣੇ ਪੁੱਤਰ ਦਿਲਸ਼ੇਰ ਸਿੰਘ ਕੈਰੋਂ ਨੂੰ ਅਤੇ ਖੇਮਕਰਨ ਹਲਕੇ ਤੋਂ ਖ਼ੁਦ ਚੋਣ ਮੈਦਾਨ ਵਿੱਚ ਉਤਰਨਾ ਚਾਹੁੰਦੇ ਹਨ।ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਅਤੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕਿਸੇ ਮੁਆਫ਼ੀ ਮੰਗਣ ਵਾਲੇ ਆਗੂ ਵਜੋਂ ਨਹੀਂ, ਸਗੋਂ ਬਰਾਬਰੀ ਦੇ ਹੱਕ ਅਤੇ ਸਿਆਸੀ ਕੀਮਤ ਵਸੂਲ ਕੇ ਵਾਪਸੀ ਕਰਨਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਮਈ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਕੈਰੋਂ ’ਤੇ ਪੱਟੀ ਹਲਕੇ ਵਿੱਚ ਉਨ੍ਹਾਂ ਦਾ ਵਿਰੋਧ ਕਰਨ ਦੇ ਦੋਸ਼ ਲਾਉਂਦਿਆਂ ਚੋਣ ਮੈਦਾਨ ਛੱਡਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਕੈਰੋਂ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਸੀਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਣ ’ਤੇ ਅਕਾਲੀ ਦਲ ਕੋਲ ਮਾਝੇ ਵਿੱਚ ਕੈਰੋਂ ਵਰਗਾ ਕੋਈ ਵੱਡਾ ਚਿਹਰਾ ਨਹੀਂ ਹੈ, ਜੋ ਪੱਟੀ ਵਰਗੀ ਸੀਟ ਜਿੱਤ ਸਕੇ। ਦੂਜੇ ਪਾਸੇ, ਖੇਮਕਰਨ ਵਿਰਸਾ ਸਿੰਘ ਵਲਟੋਹਾ ਦਾ ਗੜ੍ਹ ਹੈ, ਜਿੱਥੇ ਉਹ ਆਪਣੇ ਪੁੱਤਰ ਗੌਰਵਦੀਪ ਸਿੰਘ ਵਲਟੋਹਾ ਨੂੰ ਸਿਆਸੀ ਵਾਰਸ ਵਜੋਂ ਤਿਆਰ ਕਰ ਰਹੇ ਹਨ। ਅਜਿਹੇ ਵਿੱਚ ਸੁਖਬੀਰ ਬਾਦਲ ਸਾਹਮਣੇ ਵੱਡੀ ਦੁਬਿਧਾ ਖੜ੍ਹੀ ਹੋ ਗਈ ਹੈ ਕਿ ਉਹ ਪਰਿਵਾਰ ਅਤੇ ਮਾਝੇ ਵਿੱਚ ਪਾਰਟੀ ਦੀ ਤਾਕਤ ਵਾਪਸ ਲਿਆਉਣ ਲਈ ਆਪਣੇ ਵਫ਼ਾਦਾਰ ਆਗੂ ਵਲਟੋਹਾ ਦੀ ਸੀਟ ਦੀ ‘ਬਲੀ’ ਦੇਣ ਜਾਂ ਨਹੀਂ।ਪਾਰਟੀ ’ਚੋਂ ਕੱਢੇ ਜਾਣ ਮਗਰੋਂ ਕੈਰੋਂ ਭਾਵੇਂ ‘ਅਕਾਲੀ ਦਲ (ਪੁਨਰ ਸੁਰਜੀਤ)’ ਧੜੇ ਨਾਲ ਜੁੜੇ ਰਹੇ, ਪਰ ਉਨ੍ਹਾਂ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਆਪਣੀ ਜ਼ਮੀਨੀ ਪਕੜ ਕਮਜ਼ੋਰ ਨਹੀਂ ਪੈਣ ਦਿੱਤੀ। 2026 ਦੀਆਂ ਪੱਟੀ ਨਗਰ ਕੌਂਸਲ ਚੋਣਾਂ ਵਿੱਚ ਕੈਰੋਂ ਸਮਰਥਿਤ ਆਜ਼ਾਦ ਉਮੀਦਵਾਰਾਂ ਨੇ ‘ਕਿੰਗਮੇਕਰ’ ਵਜੋਂ ਉੱਭਰ ਕੇ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਸੀ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਕਈ ਸੀਨੀਅਰ ਭਾਜਪਾ ਆਗੂਆਂ ਵੱਲੋਂ ਕੈਰੋਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦੇ ਦਿੱਤੇ ਜਾ ਰਹੇ ਸੱਦਿਆਂ ਨੇ ਵੀ ਅਕਾਲੀ ਹਾਈਕਮਾਂਡ ਦੀ ਚਿੰਤਾ ਵਧਾਈ ਹੋਈ ਹੈ।
ਇਸੇ ਦੌਰਾਨ ਪਿਛਲੇ ਹਫ਼ਤੇ ਵਿਰਸਾ ਸਿੰਘ ਵਲਟੋਹਾ ਦੇ ਸੋਸ਼ਲ ਮੀਡੀਆ ਖਾਤੇ ਤੋਂ ਕੈਰੋਂ ਅਤੇ ਵਲਟੋਹਾ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕਰਕੇ ਦੋਵਾਂ ਆਗੂਆਂ ਦੇ ਮੁੜ ਇਕੱਠੇ ਹੋਣ ਦੀ ਇੱਛਾ ਜਤਾਈ ਗਈ ਸੀ, ਜਿਸ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਦੂਜੇ ਪਾਸੇ, ਦੋ ਦਿਨ ਪਹਿਲਾਂ ਸੁਖਬੀਰ ਬਾਦਲ ਦੀ ਅੰਮ੍ਰਿਤਸਰ ਫੇਰੀ ਦੌਰਾਨ ਉਨ੍ਹਾਂ ਦੀ ਵਲਟੋਹਾ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਕਿਆਸਅਰਾਈਆਂ ਵੀ ਤੇਜ਼ ਹੋ ਗਈਆਂ ਹਨ ਕਿ ਕੈਰੋਂ ਲਈ ਖੇਮਕਰਨ ਸੀਟ ਖ਼ਾਲੀ ਕਰਨ ਵਾਸਤੇ ਪਾਰਟੀ ਹਾਈਕਮਾਂਡ ਵਲਟੋਹਾ ਨੂੰ ‘ਅੰਮ੍ਰਿਤਸਰ ਦੱਖਣੀ’ ਹਲਕੇ ਤੋਂ ਚੋਣ ਲੜਨ ਲਈ ਮਨਾ ਸਕਦੀ ਹੈ।












