ਰਾਜਪੁਰਾ, 25 ਨਵੰਬਰ, ਬੋਲੇ ਪੰਜਾਬ ਬਿਊਰੋ :
ਪਟਿਆਲਾ ਜ਼ਿਲ੍ਹੇ ‘ਚ ਰਾਜਪੁਰਾ ਦੇ ਰਹਿਣ ਵਾਲੇ ਅਗਨੀਵੀਰ ਹਰਮਨ ਨੂਰੀ ਦੀ ਜੰਮੂ-ਕਸ਼ਮੀਰ ‘ਚ ਡਿਊਟੀ ਦੌਰਾਨ ਮੌਤ ਹੋ ਗਈ ਹੈ। ਉਹ 24 ਸਾਲਾਂ ਦੇ ਸਨ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਰਾਜਪੁਰਾ ਨੇੜਲੇ ਪਿੰਡ ਗੱਦੋਮਾਜਰਾ ਦੇ ਰਹਿਣ ਵਾਲੇ ਸਨ।
ਫੌਜ ਨੇ ਮੰਗਲਵਾਰ ਸ਼ਾਮ ਕਰੀਬ 4:00 ਵਜੇ ਪਰਿਵਾਰ ਨੂੰ ਉਨ੍ਹਾਂ ਦੀ ਮੌਤ ਬਾਰੇ ਸੂਚਿਤ ਕੀਤਾ। ਫੌਜੀ ਅਧਿਕਾਰੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆ ਰਹੇ ਹਨ, ਜਿੱਥੇ ਪੂਰੇ ਫੌਜੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਰਿਪੋਰਟਾਂ ਅਨੁਸਾਰ ਹਰਮਨ ਨੂਰੀ ਪੁੱਤਰ ਜਸਵੀਰ ਸਿੰਘ ਨੇ ਲਗਭਗ ਤਿੰਨ ਸਾਲ ਪਹਿਲਾਂ ‘ਅਗਨੀਵੀਰ’ ਯੋਜਨਾ ਤਹਿਤ ਭਾਰਤੀ ਫੌਜ ਵਿੱਚ ਸ਼ਮੂਲੀਅਤ ਕੀਤੀ ਸੀ। ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੂੰ ਜੰਮੂ ਵਿੱਚ ’20 ਪੰਜਾਬ’ ਯੂਨਿਟ ਵਿੱਚ ਤਾਇਨਾਤ ਕੀਤਾ ਗਿਆ ਸੀ, ਜਿੱਥੇ ਉਹ ਸੇਵਾ ਨਿਭਾਅ ਰਹੇ ਸਨ। ਜਵਾਨ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।












