ਚੰਡੀਗੜ੍ਹ 25 ਨਵੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸ਼ਾਮਲਾਟ (ਸਾਂਝੀ ਪੰਚਾਇਤੀ ਜ਼ਮੀਨ) ਜ਼ਮੀਨ ਸ਼ੱਕੀ ਕਿਰਦਾਰਾਂ (ਵਿਅਕਤੀਆਂ) ਨੂੰ ਸ਼ਰੇਆਮ ਗੈਰ-ਕਾਨੂੰਨੀ ਢੰਗ ਨਾਲ ਅਲਾਟ ਕੀਤੀ ਗਈ ਹੈ। ਇਹ ਗੱਲ ਭਾਜਪਾ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਪਾਰਟੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ।
ਖਾਸ ਕਰਕੇ ਕੌਮਾਂਤਰੀ ਸਰਹੱਦ ਦੇ ਨੇੜੇ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਗੰਭੀਰ ਮੁੱਦੇ ਨੂੰ ਉਭਾਰਦਿਆਂ,ਉਨ੍ਹਾਂ ਸ਼ਾਮਲਾਟ (ਸਾਂਝੀ ਪੰਚਾਇਤੀ ਜ਼ਮੀਨ) ਨੂੰ ਗੈਰ-ਕਾਨੂੰਨੀ ਮਾਈਨਰਾਂ ਨੂੰ ਤਬਦੀਲ ਕਰਨ ਬਾਰੇ ਗੱਲ ਕੀਤੀ। ਇਸ ਮੁੱਦੇ ਦਾ ਹਾਲ ਹੀ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਪਰਦਾਫਾਸ਼ ਕੀਤਾ ਗਿਆ ਸੀ। ਕਈ ਥਾਵਾਂ ‘ਤੇ ਜੰਗਲਾਤ ਖੇਤਰ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਕਾਨੂੰਨ ਸਪੱਸ਼ਟ ਤੌਰ ‘ਤੇ ਜੰਗਲਾਂ ਦੇ ਨਾਲ ਲੱਗਦੇ ਇੱਕ ਕਿਲੋਮੀਟਰ ਦੇ ਖੇਤਰ ਵਿੱਚ ਮਾਈਨਿੰਗ ਨਾ ਕਰਨ ਦੀ ਵਿਵਸਥਾ ਕਰਦਾ ਹੈ।ਉਨ੍ਹਾਂ “ਸ਼ੱਕੀ” ਕਿਰਦਾਰਾਂ ਨੂੰ ਜਾਰੀ ਕੀਤੇ ਗਏ ਐਲ.ਓ.ਆਈ.(ਲੈਟਰ ਆਫ਼ ਇੰਟੈਂਟ) ਦੀਆਂ ਖਾਸ ਉਦਾਹਰਣਾਂ ਦਿੱਤੀਆਂ ਅਤੇ ਕਿਹਾ “ਇੱਥੋਂ ਤੱਕ ਕਿ ਨਿਯਮਾਂ ਵਿੱਚ ਅਖੌਤੀ ਫੇਰਬਦਲ” ਵੀ ਗੈਰ-ਕਾਨੂੰਨੀ ਹੈ। ਉਹ ਪਠਾਨਕੋਟ ਖੇਤਰ ਵਿੱਚ 150 ਏਕੜ ਦੇ ਖਾਸ ਟੁਕੜੇ ਦਾ ਹਵਾਲਾ ਦੇ ਰਹੇ ਸਨ। ਇਸ ਵਿੱਚ ਤਿੰਨ ਮੰਤਰਾਲੇ—ਮਾਈਨਿੰਗ, ਪੰਚਾਇਤੀ ਰਾਜ ਮੰਤਰਾਲਾ ਅਤੇ ਜੰਗਲਾਤ ਮੰਤਰਾਲਾ ਸ਼ਾਮਲ ਹਨ।ਭਾਜਪਾ ਆਗੂ ਨੇ ਕਿਹਾ ਕਿ ਮੈਂ ਸਥਿਤੀ ਦੀ ਗੰਭੀਰਤਾ ਦਿਖਾਉਣ ਲਈ ਜਲਦੀ ਹੀ ਹੋਰ ਫਾਈਲਾਂ ਪੇਸ਼ ਕਰਾਂਗਾ। ਮੈਂ ਇਸ ਵਿੱਚ ਸ਼ਾਮਲ ਸਾਰਿਆਂ ਦੇ ਨਾਮ ਦੱਸਾਂਗਾ। ਸਾਡੀ ਚਾਰਜਸ਼ੀਟ ਸਬੂਤਾਂ ਸਮੇਤ ਹੋਵੇਗੀ।












