AAP ਵੱਲੋਂ 46 ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਤੇਜ਼, ਤੀਜੀ ਲਿਸਟ ਜਲਦ ਹੋਵੇਗੀ ਜਾਰੀ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 27 ਨਵੰਬਰ ,ਬੋਲੇ ਪੰਜਾਬ ਬਿਊਰੋ;

ਪੰਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵੱਲੋਂ ਉਮੀਦਵਾਰਾਂ ਦੇ ਐਲਾਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਾਰਟੀ ਹਾਈਕਮਾਨ ਵੱਲੋਂ ਹੁਣ ਤੱਕ ਜਾਰੀ ਕੀਤੀਆਂ ਗਈਆਂ ਦੋ ਵੱਖ-ਵੱਖ ਸੂਚੀਆਂ ਰਾਹੀਂ ਸੂਬੇ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਵਿੱਚੋਂ 71 ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਹੁਣ ਬਾਕੀ ਰਹਿੰਦੇ 46 ਹਲਕਿਆਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਪਾਰਟੀ ਵੱਲੋਂ ਜਾਰੀ ਕੀਤੇ ਗਏ ਵੇਰਵਿਆਂ ਅਨੁਸਾਰ, ਉਮੀਦਵਾਰਾਂ ਦੀ ਪਹਿਲੀ ਸੂਚੀ 31 ਅਕਤੂਬਰ ਨੂੰ ਜਾਰੀ ਕੀਤੀ ਗਈ ਸੀ, ਜਿਸ ਵਿੱਚ 40 ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਇਸ ਤੋਂ ਬਾਅਦ 13 ਨਵੰਬਰ ਨੂੰ ਜਾਰੀ ਹੋਈ ਦੂਜੀ ਸੂਚੀ ਵਿੱਚ 31 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਸ ਤਰ੍ਹਾਂ 71 ਸੀਟਾਂ ’ਤੇ ਸਥਿਤੀ ਸਪੱਸ਼ਟ ਹੋ ਚੁੱਕੀ ਹੈ,
ਜਦਕਿ 46 ਹਲਕਿਆਂ ਲਈ ਮੰਥਨ ਜਾਰੀ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਤੀਜੀ ਸੂਚੀ ਵਿੱਚ ਸਾਰੇ ਮੌਜੂਦਾ ਵਜ਼ੀਰਾਂ ਦੇ ਨਾਂ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਹੈ, ਕਿਉਂਕਿ ਪਾਰਟੀ ਵੱਲੋਂ ਚੌਥੀ ਸੂਚੀ ਵੀ ਜਾਰੀ ਕਰਨ ਦੀ ਰਣਨੀਤੀ ਉਲੀਕੀ ਜਾ ਰਹੀ ਹੈ। ਪਾਰਟੀ ਵੱਲੋਂ ਐਲਾਨੀਆਂ ਗਈਆਂ ਪਹਿਲੀਆਂ ਦੋ ਸੂਚੀਆਂ ਨੇ ਸਿਆਸੀ ਗਲਿਆਰਿਆਂ ਵਿੱਚ ਕਾਫ਼ੀ ਹਲਚਲ ਪੈਦਾ ਕੀਤੀ ਹੈ। ਜਿੱਥੇ ਇੱਕ ਪਾਸੇ ਕਈ ਮੌਜੂਦਾ ਵਿਧਾਇਕਾਂ ’ਤੇ ਮੁੜ ਭਰੋਸਾ ਪ੍ਰਗਟਾਇਆ ਗਿਆ ਹੈ, ਉੱਥੇ ਹੀ ਦੂਜੇ ਪਾਸੇ ਕਈ ਹਲਕਿਆਂ ਵਿੱਚ ਨਵੇਂ ਚਿਹਰਿਆਂ ਨੂੰ ਵੀ ਤਰਜੀਹ ਦਿੱਤੀ ਗਈ ਹੈ। ਖ਼ਾਸ ਤੌਰ ’ਤੇ ਦੂਜੀ ਸੂਚੀ ਵਿੱਚ ਪਾਰਟੀ ਨੇ ਸਖ਼ਤ ਫ਼ੈਸਲਾ ਲੈਂਦਿਆਂ ਅੱਠ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਸਨ। ਇਨ੍ਹਾਂ ਵਿੱਚ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਨਾਂ ਵੀ ਪ੍ਰਮੁੱਖ ਤੌਰ ’ਤੇ ਸ਼ਾਮਲ ਸੀ। ਇਸ ਤੋਂ ਇਲਾਵਾ, ਪਾਰਟੀ ਨੇ ਆਪਣੀ ਜਿੱਤ ਯਕੀਨੀ ਬਣਾਉਣ ਲਈ ਦੋ ਮੌਜੂਦਾ ਸੰਸਦ ਮੈਂਬਰਾਂ (ਮੈਂਬਰ ਪਾਰਲੀਮੈਂਟ) ਨੂੰ ਵੀ ਵਿਧਾਨ ਸਭਾ ਚੋਣਾਂ ਦੇ ਅਖਾੜੇ ਵਿੱਚ ਉਤਾਰਿਆ ਹੈ।
ਅੰਦਰੂਨੀ ਸਰਵੇਖਣ ਅਤੇ ਕਾਰਗੁਜ਼ਾਰੀ ਬਣੇਗੀ ਚੋਣ ਦਾ ਆਧਾਰ ਪਾਰਟੀ ਸੂਤਰਾਂ ਅਨੁਸਾਰ, ਬਾਕੀ ਰਹਿੰਦੀਆਂ 46 ਸੀਟਾਂ ਲਈ ਪਾਰਟੀ ਦੀ ਨਜ਼ਰ ਉਨ੍ਹਾਂ ਹਲਕਿਆਂ ’ਤੇ ਟਿਕੀ ਹੋਈ ਹੈ, ਜਿੱਥੇ ਮੌਜੂਦਾ ਵਿਧਾਇਕਾਂ ਦੇ ਕੰਮਕਾਜ, ਆਮ ਲੋਕਾਂ ਵਿੱਚ ਉਨ੍ਹਾਂ ਦੀ ਪਕੜ ਅਤੇ ਜਿੱਤ ਦੀਆਂ ਸੰਭਾਵਨਾਵਾਂ ਦਾ ਬਾਰੀਕੀ ਨਾਲ ਅੰਦਰੂਨੀ ਮੁਲਾਂਕਣ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਹੀ ਇਹ ਗੱਲ ਸਪੱਸ਼ਟ ਕਰ ਚੁੱਕੇ ਹਨ ਕਿ ਟਿਕਟਾਂ ਦੀ
ਵੰਡ ਵੇਲੇ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਸ਼ ਦੀ ਥਾਂ ਜ਼ਮੀਨੀ ਸਰਵੇਖਣ, ਹਲਕੇ ਵਿੱਚ ਉਮੀਦਵਾਰ ਦੀ ਸਰਗਰਮੀ, ਜਥੇਬੰਦਕ ਤਾਲਮੇਲ ਅਤੇ ਜਿੱਤਣ ਦੀ ਸਮਰੱਥਾ ਨੂੰ ਹੀ ਮੁੱਖ ਤਰਜੀਹ ਦਿੱਤੀ ਜਾਵੇਗੀ। ਪਾਰਟੀ ਲੀਡਰਸ਼ਿਪ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਤਜਰਬੇਕਾਰ ਮੌਜੂਦਾ ਵਿਧਾਇਕਾਂ ਨੂੰ ਮੁੜ ਮੌਕਾ ਦੇਣ ਅਤੇ ਨੌਜਵਾਨ ਤੇ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਵਿਚਾਲੇ ਸਹੀ ਸੰਤੁਲਨ ਕਾਇਮ ਰੱਖਣਾ ਹੈ। ਭਾਵੇਂ ਆਮ ਆਦਮੀ ਪਾਰਟੀ ਵੱਲੋਂ ਤੀਜੀ ਸੂਚੀ ਜਾਰੀ ਕਰਨ ਦੀ ਕਿਸੇ ਅਧਿਕਾਰਤ ਤਰੀਕ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ, ਪਰ ਪਾਰਟੀ ਅੰਦਰ ਸਰਗਰਮੀਆਂ ਤੇਜ਼ ਹਨ। ਹੁਣ ਸੂਬੇ ਦੇ ਸਿਆਸੀ ਪੰਡਿਤਾਂ ਅਤੇ ਸੰਭਾਵੀ ਉਮੀਦਵਾਰਾਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ ਆਉਣ ਵਾਲੀ ਸੂਚੀ ਵਿੱਚ ਕਿੰਨੇ ਮੌਜੂਦਾ ਵਿਧਾਇਕਾਂ ਦੀ ਛੁੱਟੀ ਹੁੰਦੀ ਹੈ ਅਤੇ ਕਿੰਨੇ ਨਵੇਂ ਚਿਹਰਿਆਂ ਨੂੰ ਵਿਧਾਨ ਸਭਾ ਪਹੁੰਚਣ ਦਾ ਮੌਕਾ ਮਿਲਦਾ ਹੈ।

Latest News

Latest News