ਮੋਹਾਲੀ, 4 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 8ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। 10 ਹਜ਼ਾਰ 471 ਸਕੂਲਾਂ ਵਿੱਚੋਂ ਕੁੱਲ 2 ਲੱਖ 90 ਹਜ਼ਾਰ 471 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2 ਲੱਖ 82 ਹਜ਼ਾਰ 627 ਪ੍ਰੀਖਿਆਰਥੀ ਪਾਸ ਹੋਏ।
ਪ੍ਰੀਖਿਆ ਦਾ ਨਤੀਜਾ 97.30 ਫੀਸਦੀ ਰਿਹਾ ਹੈ। ਹੁਸ਼ਿਆਰਪੁਰ ਦਾ ਪੁਨੀਤ ਵਰਮਾ 100 ਫੀਸਦੀ ਅੰਕ ਲੈ ਕੇ ਟਾਪਰ ਬਣਿਆ, ਜਦਕਿ ਦੂਜੇ ਤੇ ਤੀਜੇ ਨੰਬਰ ‘ਤੇ ਲੜਕੀਆਂ ਰਹੀਆਂ। ਨਤੀਜਾ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ‘ਤੇ ਅਪਲੋਡ ਕਰ ਦਿੱਤਾ ਗਿਆ ਹੈ। ਜਦਕਿ ਜੋ ਵਿਦਿਆਰਥੀਆਂ ਕੁਝ ਵਿਸ਼ਿਆਂ ‘ਚ ਰਹਿ ਗਏ ਹਨ। ਉਨ੍ਹਾਂ ਲਈ ਕੰਪਾਰਟਮੈਂਟ ਪ੍ਰੀਖਿਆ ਜੂਨ 2025 ਵਿੱਚ ਕਰਵਾਈ ਜਾਵੇਗੀ, ਜਿਸ ਲਈ ਸਬੰਧਤ ਵਿਦਿਆਰਥੀ ਵੱਖਰੇ ਬਿਨੈ ਪੱਤਰ ਭਰਨਗੇ।
ਇਸ ਦੌਰਾਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਚੀਫ਼ ਖ਼ਾਲਸਾ ਦੀਵਾਨ, ਮਾਡਲ ਟਾਊਨ, ਹੁਸ਼ਿਆਰਪੁਰ ਦੇ ਪੁਨੀਤ ਵਰਮਾ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ, ਸੰਤ ਮੋਹਨ ਦਾਸ ਮੈਮੋਰੀਅਲ ਸੈਕੰਡਰੀ ਸਕੂਲ ਕੋਟ ਸੁਖੀਆ, ਫ਼ਰੀਦਕੋਟ ਦੀ ਨਵਜੋਤ ਕੌਰ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਗੁਰੂ ਨਾਨਕ ਪਬਲਿਕ ਸੈਕੰਡਰੀ ਸਕੂਲ, ਚੰਨਣ (ਅੱਡਾ ਨਾਥ ਦੀ ਖੂਈ), ਅੰਮ੍ਰਿਤਸਰ ਦੀ ਨਵਜੋਤ ਕੌਰ 99.83 ਫੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ।












