ਚੰਡੀਗੜ੍ਹ, 4 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪੱਖ ਦੀ ਵਕਾਲਤ ਕਰਨ ਸੰਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਨੇ ਕਿਹਾ ਹੈ ਕਿ ਅਕਾਲੀ ਦਲ ਵਿੱਚ ਸਿਰਫ਼ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਬਾਕੀਆਂ ਨੂੰ ਨਹੀਂ, ਇਹ ਬਹੁਤ ਮੰਦਭਾਗਾ ਹੈ।
ਗਰੇਵਾਲ ਨੇ ਕਿਹਾ ਕਿ ਸਾਰੇ ਪੰਥ ਦੀ ਤਰੱਕੀ ਲਈ ਸਤਿਕਾਰਯੋਗ ਹਨ ਅਤੇ ਸਾਰਿਆਂ ਨੂੰ ਇਕੱਠੇ ਹੋ ਕੇ ਅੱਗੇ ਵਧਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਅਤੇ ਇੱਕ ਪਰਿਵਾਰ ਨੇ ਪਹਿਲਾਂ ਹੀ ਸਿੱਖ ਪੰਥ ਨੂੰ ਬਹੁਤ ਨੁਕਸਾਨ ਕੀਤਾ ਹੈ। ਸ਼੍ਰੋਮਣੀ ਕਮੇਟੀ ਜਿਸਦਾ 100 ਸਾਲ ਦਾ ਇਤਿਹਾਸ ਹੈ, ਦੀ ਕਾਰਜਸ਼ੈਲੀ ਵਿੱਚ ਬਹੁਤ ਗਿਰਾਵਟ ਆ ਚੁਕੀ ਹੈ, ਜਿਸ ਕਾਰਨ ਸਿੱਖ ਭਾਈਚਾਰਾ ਬਹੁਤ ਨਿਰਾਸ਼ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਅਤੇ ਪੰਥ ਦੀ ਸ਼ਾਨ ਨੂੰ ਬਚਾਉਣ ਲਈ ਸਿੱਖ ਭਾਈਚਾਰੇ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ।












