ਫਰੀਦਕੋਟ, 30 ਅਪ੍ਰੈਲ,ਬੋਲੇ ਪੰਜਾਬ ਬਿਊਰੋ ;
ਫਰੀਦਕੋਟ ਪੁਲਿਸ ਨੇ ਨਸ਼ੇ ਵਿਰੁੱਧ ਲੜਾਈ ’ਚ ਇੱਕ ਹੋਰ ਵੱਡੀ ਕਾਮਯਾਬੀ ਹਾਸਿਲ ਕਰਦਿਆਂ 310 ਗ੍ਰਾਮ ਹੈਰੋਇਨ ਸਮੇਤ 4 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਐੱਸ.ਪੀ. (ਇਨਵੈਸਟੀਗੇਸ਼ਨ) ਸੰਦੀਪ ਕੁਮਾਰ ਦੀ ਅਗਵਾਈ ਹੇਠ ਸੀਆਈਏ ਸਟਾਫ ਨੇ ਅੰਜਾਮ ਦਿੱਤੀ।
ਸੂਤਰਾਂ ਮੁਤਾਬਕ, ਇੰਸਪੈਕਟਰ ਅਮਰਿੰਦਰ ਸਿੰਘ ਅਤੇ ਥਾਣੇਦਾਰ ਚਰਨਜੀਤ ਸਿੰਘ ਨੇ ਸਾਥੀ ਅਧਿਕਾਰੀਆਂ ਨਾਲ ਮਿਲ ਕੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਕੋਟਕਪੂਰਾ ਬਾਈਪਾਸ ’ਤੇ ਨਾਕਾਬੰਦੀ ਦੌਰਾਨ ਪਾਰਕ ਨੇੜੇ ਖੜੀ ਵੈਂਟੋ ਕਾਰ ਨੂੰ ਰੋਕਿਆ, ਜਿਸ ਵਿੱਚ 4 ਨੌਜਵਾਨ ਸਵਾਰ ਸਨ। ਪੁਲਿਸ ਨੂੰ ਸ਼ੱਕ ਹੋਣ ਤੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਉਹਨਾਂ ਦੀ ਪਛਾਣ ਜਗਮੀਤ ਸਿੰਘ ਉਰਫ ਸਨੀ, ਸੰਦੀਪ ਸਿੰਘ ਉਰਫ ਸਨੀ, ਮਹਿਕਦੀਪ ਸਿੰਘ ਅਤੇ ਹਰਜੀਤ ਸਿੰਘ ਉਰਫ ਜੀਤਾ ਵਜੋਂ ਹੋਈ।
ਡੀਐੱਸਪੀ ਤਰਲੋਚਨ ਸਿੰਘ ਮੌਕੇ ’ਤੇ ਪਹੁੰਚੇ ਅਤੇ ਤਲਾਸ਼ੀ ਦੌਰਾਨ ਸੰਦੀਪ ਸਿੰਘ ਕੋਲੋਂ 26 ਗ੍ਰਾਮ ਅਤੇ ਮਹਿਕਦੀਪ ਸਿੰਘ ਕੋਲੋਂ 284 ਗ੍ਰਾਮ ਹੈਰੋਇਨ ਮਿਲੀ। ਨਾਲ ਹੀ ਕਾਰ ’ਚੋਂ ਇੱਕ ਕੰਪਿਊਟਰ ਕੰਡਾ ਵੀ ਮਿਲਿਆ, ਜਿਸ ਨਾਲ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਤਸਕਰ ਨਸ਼ਿਆਂ ਦੀ ਤਸਕਰੀ ਲਈ ਅਜਿਹੇ ਢੰਗ ਵਰਤ ਰਹੇ ਸਨ।
ਪੁਲਿਸ ਨੇ ਕਾਰ ਨੂੰ ਕਬਜੇ ’ਚ ਲੈ ਕੇ ਥਾਣਾ ਸਿਟੀ ਫਰੀਦਕੋਟ ’ਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੇ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।












