ਯਾਤਰੀ ਗਨ ਧਿਆਨ ਦੇ!
ਇਸ ਪੰਜਾਬ ਵਿੱਚ ਕੁਦਰਤੀ ਗਰਮੀ ਦਾ ਪ੍ਰਕੋਪ ਜਾਰੀ ਹੈ, ਘਰੋਂ ਬਾਹਰ ਨਿਕਲਣਾ ਤੁਹਾਡੇ ਲਈ ਹਾਨੀਕਾਰਕ ਹੈ। ਬਾਹਰ ਸੂਰਜ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਲੁੱਟ ਖੋਹ ਕਰਨ ਵਾਲਾ ਮਿਲੇ ਨਾ ਮਿਲੇ। ਸਰਕਾਰੀ ਸੇਵਾਦਾਰ ਤੁਹਾਡੀ ਸੇਵਾ ਕਰਨ ਮਿਲ ਸਕਦੇ ਹਨ। ਤੁਹਾਡੀ ਕਿਸਮਤ ਉਪਰ ਨਿਰਭਰ ਕਰਦਾ ਹੈ ਕਿ ਤੁਸੀਂ ਤੰਦਰੁਸਤ ਵਾਪਸ ਆ ਸਕੋ। ਨਹੀਂ ਇਹ ਇਹ ਸੇਵਾਦਾਰ ਸੇਵਾ ਕਰਨ ਤੋਂ ਗਧੇ ਦੇ ਸਿੰਗਾਂ ਵਾਂਗ ਰੂਪੋਸ਼ ਹੋ ਸਕਦੇ ਹਨ। ਜਿਵੇਂ ਮਾਸਟਰ ਸਾਹਿਬ ਦੀ ਸੇਵਾ ਕਰਨ ਤੋਂ ਬਾਅਦ ਗ਼ਾਇਬ ਹੋਏ ਹਨ। ਇਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਪਟਿਆਲਾ ਦੇ ਕੁੱਝ ਸੇਵਾਦਾਰ ਸੇਵਾ ਕਰਨ ਤੋਂ ਬਾਅਦ ਨਹੀਂ ਲੱਭ ਰਹੇ। ਮਾਣਯੋਗ ਹਾਈਕੋਰਟ ਦੇ ਹੁਕਮ ਵੀ ਇਹਨਾਂ ਨੇ ਛਿੱਕੇ ਟੰਗ ਦਿੱਤੇ ਹਨ। ਪੰਜਾਬ ਹੁਣ ਇਹਨਾਂ ਵਰਦੀਧਾਰੀ ਸੇਵਾਦਾਰਾਂ ਦੇ ਹਵਾਲੇ ਹੈ। ਬਚਾਓ ਵਿੱਚ ਬਚਾਓ ਹੈ। ਤੁਹਾਡੀ ਜੀਵਨ ਯਾਤਰਾ ਸ਼ੁੱਭ ਮੰਗਲਮ ਰਹੇ। ਮਹੌਲ ਹੁਣ ਪਹਿਲਾਂ ਵਰਗਾ ਨਹੀਂ ਰਿਹਾ। ਬਾਕੀ ਤੁਹਾਡੀ ਮਰਜ਼ੀ ਹੈ। ਕਿਉਂ ਕਿ ਮੁੱਠਭੇੜ ਫਰਜ਼ੀ ਹੈ। ਇਹ ਕਦੋਂ ਤੇ ਕਿੱਥੇ ਹੋ ਜਾਵੇ, ਕੋਈ ਪਤਾ ਨਹੀਂ ਲੱਗਦਾ, ਇਸ ਲਈ ਘਰਾਂ ਵਿੱਚ ਰਹੋਗੇ ਤਾਂ ਵੀ ਤੁਸੀਂ ਬਚ ਕੇ ਰਹੋ। ਇਹ ਸੇਵਾਦਾਰ ਘਰਾਂ ਵਿੱਚ ਵੀ ਸੇਵਾ ਕਰਨ ਅੰਮ੍ਰਿਤ ਵੇਲੇ ਪੁਜ ਜਾਂਦੇ ਹਨ। ਹੁਣ ਤੁਸੀਂ ਕਹੋਗੇ ਕਿ ਬੰਦਾ ਕਿਥੇ ਸੁਰੱਖਿਅਤ ਹੈ? ਬੰਦਾ ਕਿਥੇ ਸੁਰੱਖਿਅਤ ਰਹਿ ਸਕਦਾ ਹੈ ਇਸ ਲਈ ਖੋਜ ਜਾਰੀ ਹੈ। ਜਦੋਂ ਵੀ ਕੋਈ ਦਵਾਈ ਬੂਟੀ ਸੱਪ ਸਲੂਟੀ ਮਿਲੀ ਤਾਂ ਤੁਹਾਨੂੰ ਦੱਸ ਦੇਵਾਂਗੇ। ਉਂਝ ਮਾਹੌਲ ਠੀਕ ਠਾਕ ਹੈ,ਨਸ਼ਿਆਂ ਦੇ ਵਿੱਚ ਢਿੱਲ ਵਰਤਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਕੁੱਝ ਪੁਲਿਸ ਇੰਸਪੈਕਟਰ ਵਰਦੀਆਂ ਸਮੇਤ ਫਰਾਰ ਹਨ, ਪੁਲਿਸ ਟੀਮਾਂ ਬਣਾ ਕਿ ਉਹਨਾਂ ਬਿੱਲੀ ਚੂਹੇ ਦੀਆਂ ਖੇਡਾਂ ਖੇਡਦੀ ਹੈ। ਕਿਉਂਕਿ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਅਧੀਨ ਪਖ਼ਾਨਿਆਂ ਦੇ ਉਦਘਾਟਨ ਸਮਾਰੋਹ ਬੰਦ ਕਰ ਦਿੱਤੇ ਹਨ। ਕੁਲ ਮਿਲਾ ਕੇ ਸਥਿਤੀ ਸ਼ਾਂਤ ਪੂਰਵਕ ਹੈ। ਮਾਹੌਲ ਠੀਕ ਹੈ, ਪੁਲਿਸ ਮੁਸਤੈਦ ਹੈ। ਕਾਤਲ ਪੁਲਿਸ ਦੀ ਪਕੜ ਤੋਂ ਬਾਹਰ ਹਨ, ਘਰਾਂ ਵਿਚੋਂ ਚੁੱਕ ਕੇ ਨੌਜਵਾਨਾਂ ਨੂੰ ਕ਼ਤਲ ਕਰਨ ਵਾਲੇ ਪੁਲਿਸ ਅਧਿਕਾਰੀ ਖਾਮੋਸ਼ ਹਨ। ਉਹਨਾਂ ਦੀਆਂ ਕੀਤੀਆਂ ਅੱਗੇ ਆ ਰਹੀਆਂ ਹਨ। ਆਪੇ ਬੀਜਿ ਤੇ ਆਪੇ ਖਾ, ਦਾ ਵਰਤਾਰਾ ਬਣਿਆ ਹੋਇਆ ਹੈ। ਨਾਭਾ ਪੁਲਿਸ ਮੁਕਾਬਲੇ ਦੀ ਸੀਬੀਆਈ ਜਾਂਚ ਪੜਤਾਲ ਕਰਨ ਲਈ ਹੁਕਮ ਹੋਇਆ ਹੈ। ਪੁਲਿਸ ਡਰੀ ਹੋਈ ਹੈ। ਕਿਉਂਕਿ ਚੁਰਾਸੀ ਤੋਂ ਬਾਅਦ ਝੂਠੇ ਪੁਲਿਸ ਮੁਕਾਬਲੇ ਕਰਨ ਵਾਲਿਆਂ ਨੂੰ ਸੀਬੀਆਈ ਅਦਾਲਤ ਸਜ਼ਾਵਾਂ ਸੁਣਾ ਰਹੀ ਹੈ। ਉਂਝ ਮਾਹੌਲ ਠੀਕ ਹੈਂ। ਮੌਸਮ ਠੰਢਾ ਹੋਇਆ ਹੈ, ਮੀਂਹ ਤੇ ਝੱਖੜ ਝੁੱਲ ਸਕਦਾ ਹੈ, ਕੋਈ ਹੋਰ ਨਿਰਦੋਸ਼ ਪਸ਼ੂ ਪੰਛੀ ਤੇ ਮਨੁੱਖ ਮਾਰਿਆ ਜਾ ਸਕਦਾ ਹੈ। ਹੋਣੀ ਨੂੰ ਕੌਣ ਟਾਲ ਸਕਦਾ ਹੈ। ਸਰਕਾਰ ਨੇ ਪੁਲਿਸ ਅਧਿਕਾਰੀ ਦਾ ਮੁੱਲ ਦੋ ਕਰੋੜ ਰੁਪਏ ਪਾਇਆ ਹੈ, ਕਾਤਲਾਂ ਨੂੰ ਭਜਾਇਆ ਹੈ। ਸਰਕਾਰ ਵਲੋਂ ਕਾਤਲਾਂ ਲਈ ਕੋਈ ਸੁਨੇਹਾ ਨਹੀਂ ਆਇਆ, ਇਸ ਲਈ ਪੁਲਿਸ ਅਧਿਕਾਰੀ ਆਪਣੀ ਜਾਨ ਦੀ ਰਾਖੀ ਖੁਦ ਕਰਨ। ਉਹ ਮੂੰਹ ਜ਼ੁਬਾਨੀ ਹੁਕਮਾਂ ਨੂੰ ਛਿੱਕੇ ਟੰਗ ਕੇ ਕਾਨੂੰਨ ਦਾ ਸ਼ਿਕੰਜਾ ਕਸਣ। ਨਹੀਂ ਤਾਂ ਇਹ ਅੱਗ ਉਹਨਾਂ ਤੱਕ ਪੁੱਜੀ ਸਮਝੋ, ਤਰਨਤਾਰਨ ਵਾਲੀ ਖ਼ਬਰ ਤੋਂ ਕੁੱਝ ਸਿੱਖਣ ਦੀ ਕੋਸ਼ਿਸ਼ ਕਰਨ। ਨਹੀਂ ਤਾਂ ਬੁਢਾਪੇ ਵਿੱਚ ਜੇਲ੍ਹ ਕੱਟਣੀ ਔਖੀ ਹੁੰਦੀ ਹੈ। ਸੀਬੀਆਈ ਅਦਾਲਤ ਕਿਸੇ ਨੂੰ ਮੁਆਫ਼ ਨਹੀਂ ਕਰਦੀ। ਆਪਣੇ ਖੂਨ ਨਾਲ ਲਿਬੜੇ ਹੱਥਾਂ ਪੈਰਾਂ ਤੇ ਮੂੰਹ ਧੋਵੋ। ਗੁਰੂ ਹਰਿਸਹਾਏ ਵਿੱਚ ਫੌਜਾ ਸਿੰਘ ਫਰਾਰੀ ਦੇ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹੈ। ਲੋਕ ਸਰਕਾਰ ਖ਼ਿਲਾਫ਼ ਸੜਕਾਂ ਉਤੇ ਧੁੱਪ ਵਿੱਚ ਸੁੱਕ ਰਹੇ ਹਨ। ਪੰਜਾਬ ਸਰਕਾਰ ਲੁਧਿਆਣੇ ਦੀ ਸੀਟ ਜਿੱਤਣ ਲਈ ਸਰਕਾਰੀ ਮਸ਼ੀਨਰੀ ਸਮੇਤ ਗਲ਼ੀ ਗਲ਼ੀ ਫਿਰਦੀ ਹੈ। ਆਂਗਣਵਾੜੀ ਤੇ ਆਸ਼ਾ ਵਰਕਰਾਂ, ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਜਥੇਬੰਦੀਆਂ ਵੀ ਸੜਕਾਂ ਉੱਤੇ ਸਰਕਾਰ ਦੀ ਆਰਤੀ ਉਤਾਰ ਰਹੀਆਂ ਹਨ। ਆਮ ਆਦਮੀ ਪਾਰਟੀ ਵੱਲੋਂ ਦਰੋਪਤੀ ਦਾਅ ਤੇ ਲਗਾ ਦਿੱਤੀ ਹੈ। ਦੋਵੇਂ ਪਾਸੇ ਫੌਜਾਂ ਸ਼ਬਦਾਂ ਦੀਆਂ ਮਿਜ਼ਾਇਲਾਂ ਦਾਗ ਰਹੀਆਂ ਹਨ। ਭਗਵੰਤ ਮਾਨ ਦੀ ਰੈਲੀ ਵਿੱਚ ਬੈਠੇ ਭਮੱਕੜ ਤਾੜੀਆਂ ਮਾਰਦੇ ਹਨ। ਸਰਕਾਰੀ ਵਿਭਾਗਾਂ ਦੇ ਫੰਡ ਪੰਜਾਬ ਸਰਕਾਰ ਨੇ ਵਾਪਸ ਮੰਗਵਾਏ ਹਨ। ਇੱਕ ਹਜ਼ਾਰ ਕਰੋੜ ਰੁਪਏ ਹੋਰ ਕਰਜ਼ਾ ਲਿਆ ਹੈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਖਜ਼ਾਨਾ ਦਫਤਰ ਬੰਦ ਕਰ ਦਿੱਤਾ ਹੈ। ਖਤਰੇ ਦਾ ਘੁੱਗੂ ਬੋਲ ਪਿਆ ਹੈ। ਵਿੱਤੀ ਐਮਰਜੈਂਸੀ ਲਗਾ ਦਿੱਤੀ ਹੈ। ਹੁਣ ਤੁਸੀਂ ਰੱਬ ਦੇ ਆਸਰੇ ਓ। ਇਸ ਲਈ ਦਵਾਈ ਨਾਲੋਂ ਦੁਆਵਾਂ ਕਰੋ, ਪਰਹੇਜ਼ ਰੱਖੋ। ਆਪਾਂ ਸਰਕਾਰ ਨਾਲ ਨਹੀਂ, ਭੁੱਖ ਤੇ ਬੀਮਾਰੀ ਨਾਲ ਲੜਨਾ ਹੈ। ਤੁਸੀਂ ਹੁਣ ਕਾਨੂੰਨ ਦੀ ਰਾਖੀ ਕਰੋ, ਬਹੁਤ ਮੁਫ਼ਤ ਦਾ ਮਾਲ ਛਕਿਆ ਹੈ, ਰਿਸ਼ਵਤਖੋਰੀ ਨਾਲ ਮਹਿਲ ਉਸਾਰੇ ਗਏ ਹਨ। ਸਭ ਇਥੇ ਹੀ ਰਹਿ ਜਾਣੇ ਹਨ। ਨਾਲ਼ ਕੁੱਝ ਨਹੀਂ ਜਾਣਾ। ਸੰਭਲੋ ਪੰਜਾਬੀਓ ਦੁਸ਼ਮਣ ਦੀਆਂ ਚਾਲਾਂ ਨੂੰ, ਉਹਨਾਂ ਭਰਾ ਮਾਰੂ ਹੱਲਾ ਬੋਲਿਆ ਹੈ। ਹੁਣ ਤੀਜਾ ਘੱਲੂਘਾਰਾ ਹੋਵੇਗਾ। ਬਚਾਅ ਹੁੰਦਾ ਹੈ ਬਚ ਜਾਵੋ। ਪੰਜਾਬ ਨੂੰ ਸੋਚੀ ਸਮਝੀ ਸਾਜ਼ਿਸ਼ ਅਧੀਨ ਅੱਸੀਵਿਆਂ ਦੇ ਦਹਾਕੇ ਵੱਲ ਧੱਕਿਆ ਜਾ ਰਿਹਾ ਹੈ। ਹੁਣ ਚਿਹਰੇ ਬਦਲੇ ਹਨ, ਨੀਤੀਆਂ ਓਹੀ ਹਨ, ਪੰਜਾਬ ਦੇ ਲੋਕਾਂ ਨੂੰ ਇਹਨਾਂ ਚਾਲਾਂ ਨੂੰ ਸਮਝਣਾ ਚਾਹੀਦਾ ਹੈ, ਸਿਆਸੀ ਪਾਰਟੀਆਂ ਦੇ ਆਗੂਆਂ ਇਸ ਕਹਾਣੀ ਦਾ ਸੱਚ ਪਤਾ ਹੈ, ਉਹਨਾਂ ਨੇ ਲੋਕਾਂ ਦਾ ਧਿਆਨ ਬਦਲਣ ਲਈ ਸਿਆਸੀ ਰੇੜਕਾ ਪਾਇਆ ਹੋਇਆ ਹੈ। ਪੰਜਾਬ ਦੇ ਲੋਕਾਂ ਨੂੰ ਜੱਟ ਬਨਾਮ ਦਲਿਤ ਭਾਈਚਾਰੇ ਵਿੱਚ ਵੰਡ ਕੇ ਉਕਸਾਇਆ ਜਾ ਰਿਹਾ ਹੈ। ਡਾਕਟਰ ਅੰਬੇਡਕਰ ਦੀਆਂ ਮੂਰਤੀਆਂ ਦੇ ਨਾਲ ਛੇੜਛਾੜ ਕਰਵਾ ਕੇ ਮਾਹੌਲ ਗਰਮਾਇਆ ਜਾ ਰਿਹਾ ਹੈ। ਦਲਿਤ ਭਾਈਚਾਰੇ ਨੂੰ ਭੜਕਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਸਾਜ਼ਿਸ਼ਾਂ ਨੂੰ ਸਮਝਣ ਦੀ ਲੋੜ ਹੈ, ਦੁਸ਼ਮਣ ਬਹੁਤ ਸ਼ਾਤਰ ਦਿਮਾਗ ਨਾਲ ਹਮਲਾ ਕਰ ਰਿਹਾ ਹੈ। ਇਸਨੂੰ ਸਮਝਣ ਦੀ ਲੋੜ ਹੈ ਪਰ ਪੰਜਾਬ ਦੇ ਲੋਕਾਂ ਨੇ ਕੰਨਾਂ ਵਿੱਚ ਤੇਲ ਪਾਇਆ ਹੋਇਆ ਹੈ ਤੇ ਮੂੰਹ ਉਤੇ ਛਿਕਲੀਆਂ ਬੰਨੀਆਂ ਹੋਈਆਂ ਹਨ। ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਕੀ ਹੋ ਰਿਹਾ ਪਰ ਚੁੱਪ ਚਾਪ ਤਮਾਸ਼ਾ ਤੱਕਦੇ ਹਨ। ਤੁਸੀਂ ਜਾਵੋ, ਛਿੱਤਰ ਤੇ ਗੋਲੀਆਂ ਖਾਓ।
ਤੁਹਾਡੀ ਜੀਵਨ ਯਾਤਰਾ ਸਫ਼ਲ ਰਹੇ। ਤੁਸੀਂ ਜਿੱਥੇ ਵੀ ਹੋ ਖ਼ੁਸ਼ ਰਹੋ। ਚੁੱਪ ਰਹੋ ਕਿਉਂਕਿ ਬਾਹਰ ਬਹੁਤ ਜੋਰਦਾਰ ਗਰਮੀ ਪੈ ਰਹੀ ਹੈ। ਦੇ ਤੁਹਾਡੇ ਆਲੇ ਦੁਆਲੇ ਕੋਈ ਬਚਿਆ ਦਰਖਤ ਹੈ ਉਹ ਵੀ ਵੱਢ ਦਿਓ। ਤਾਂ ਕਿ ਮੌਸਮ ਤੇ ਮਾਹੌਲ ਠੀਕ ਰਹੇ।
ਧੁੱਪ ਤੁਹਾਡੀ ਯਾਤਰਾ ਸਫ਼ਲ ਕਰੇ।
ਸ਼ੁੱਭ ਮੰਗਲਮ!
Budh Singh Neelon
94643 70823















