ਬੇਗੋਵਾਲ, 5 ਮਈ, ਬੋਲੇ ਪੰਜਾਬ ਬਿੳਰੋ: ਬੇਗੋਵਾਲ ਤੋਂ ਭੁੱਲਥ ਰੋਡ ’ਤੇ ਪਿੰਡ ਭਦਾਸ ਨੇੜੇ ਖੇਤਾਂ ਵਿੱਚ ਦੁਪਹਿਰ ਵੇਲੇ ਕਣਕ ਦੇ ਨਾੜ ਨੂੰ ਲੱਗੀ ਅੱਗ ਕਾਰਨ ਸੜਕ ‘ਤੇ ਜਾ ਰਿਹਾ ਮੋਟਰਸਾਈਕਲ ਸਵਾਰ ਪੂਰੀ ਤਰ੍ਹਾਂ ਸੜ ਗਿਆ ਅਤੇ ਗੰਭੀਰ ਰੂਪ ‘ਚ ਜਲਣ ਦੇ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਦੁਪਹਿਰ ਸਮੇਂ ਮੋਟਰਸਾਈਕਲ ਸਵਾਰ ਨੌਜਵਾਨ ਬੇਗੋਵਾਲ-ਭੁਲੱਥ ਰੋਡ ਤੋਂ ਲੰਘ ਰਿਹਾ ਸੀ ਤਾਂ ਭਦਾਸ ਤੋਂ ਥੋੜ੍ਹਾ ਅੱਗੇ ਭੁੱਲਥ ਵੱਲ ਖੇਤਾਂ ਵਿੱਚ ਅੱਗ ਲੱਗੀ ਹੋਈ ਸੀ।ਦੂਜੇ ਪਾਸੇ ਘਟਨਾ ਦਾ ਪਤਾ ਲੱਗਦਿਆਂ ਹੀ ਐੱਸ.ਐੱਚ.ਓ. ਬੇਗੋਵਾਲ ਅਮਰਜੀਤ ਕੌਰ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗੋਰੀ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰ: 3 ਬੇਗੋਵਾਲ ਵਜੋਂ ਹੋਈ ਹੈ, ਜੋ ਦੁਪਹਿਰ ਸਮੇਂ ਭੁਲੱਥ ਤੋਂ ਬੇਗੋਵਾਲ ਵੱਲ ਆ ਰਿਹਾ ਸੀ ਤੇ ਜ਼ਿਆਦਾ ਝੁਲਸ ਜਾਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਇੱਥੇ ਕਈ ਖੇਤਾਂ ਵਿੱਚ ਨਾੜ ਸੜ ਗਈ ਹੈ। ਅੱਗ ਕਿੱਥੋਂ ਅਤੇ ਕਿਵੇਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।












