ਜਲੰਧਰ, 5 ਮਈ, ਬੋਲੇ ਪੰਜਾਬ ਬਿਓਰੋ:
ਮਾਰਚ 2022 ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਨੂੰ ਜਲੰਧਰ ਪੁਲਿਸ ਨੇ ਅੰਮ੍ਰਿਤਸਰ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਦੀ ਪਛਾਣ ਸਵਰਨਦੀਪ ਸਿੰਘ ਵਾਸੀ ਗੋਲਡਨ ਗੇਟ, ਪ੍ਰੀਤਮ ਐਨਕਲੇਵ, ਅੰਮ੍ਰਿਤਸਰ ਵਜੋਂ ਹੋਈ ਹੈ। ਸੰਦੀਪ ਦੇ ਕਤਲ ਤੋਂ ਬਾਅਦ ਮੁਲਜ਼ਮ ਫਰਾਰ ਸੀ। ਕਤਲ ਦੇ ਛੇ ਮਹੀਨੇ ਬਾਅਦ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਸੀ।
ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ 14 ਮਾਰਚ 2022 ਨੂੰ ਨਕੋਦਰ ਦੇ ਪਿੰਡ ਮੱਲੀਆਂ ਵਿਖੇ 5 ਹਮਲਾਵਰਾਂ ਨੇ ਮੈਚ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਸ਼ਾਮ ਕਰੀਬ 6 ਵਜੇ ਵਾਪਰੀ। ਹਮਲਾਵਰ ਚਿੱਟੇ ਰੰਗ ਦੀ ਕਾਰ ਵਿੱਚ ਆਏ ਸਨ। ਉਨ੍ਹਾਂ ਨੇ ਸੰਦੀਪ ‘ਤੇ ਕਰੀਬ 20 ਰਾਉਂਡ ਫਾਇਰ ਕੀਤੇ। ਉਸ ਨੂੰ ਮੂੰਹ ਤੋਂ ਛਾਤੀ ਤੱਕ ਗੋਲੀ ਮਾਰੀ ਗਈ ਸੀ। ਚੱਲ ਰਹੇ ਮੈਚ ਦੌਰਾਨ ਅੰਨ੍ਹੇਵਾਹ ਗੋਲੀਬਾਰੀ ਕਾਰਨ ਸਟੇਡੀਅਮ ਵਿੱਚ ਹਫੜਾ-ਦਫੜੀ ਮੱਚ ਗਈ ਸੀ।












