ਅਬੋਹਰ, 5 ਮਈ, ਬੋਲੇ ਪੰਜਾਬ ਬਿਓਰੋ:
ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਪੁਲਸ ਹਿਰਾਸਤ ‘ਚ ਮਰਨ ਵਾਲੇ ਅਨੁਜ ਥਾਪਨ ਦੀ ਲਾਸ਼ ਉਨ੍ਹਾਂ ਦੇ ਪਿੰਡ ਸੁਖਚੈਨ ਪਹੁੰਚ ਗਈ ਹੈ। ਮ੍ਰਿਤਕ ਦੇਹ ਅਬੋਹਰ ਉਪਮੰਡਲ ਅਧੀਨ ਪੈਂਦੇ ਪਿੰਡ ਸੁਖਚੈਨ ਵਿਖੇ ਪੁੱਜਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਬਿਸ਼ਨੋਈ ਭਾਈਚਾਰੇ ਦੇ ਲੋਕ ਉਨ੍ਹਾਂ ਦੇ ਘਰ ਪੁੱਜਣੇ ਸ਼ੁਰੂ ਹੋ ਗਏ।
ਪ੍ਰਸ਼ਾਸਨ ਨੇ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲੀਸ ਫੋਰਸ ਵੀ ਤਾਇਨਾਤ ਕਰ ਦਿੱਤੀ ਹੈ। ਇਸ ਮੌਕੇ ਆਲ ਇੰਡੀਆ ਬਿਸ਼ਨੋਈ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਦਵਿੰਦਰ ਬੂਰੀਆ, ਪੰਜਾਬ ਪ੍ਰਧਾਨ ਸੁਭਾਸ਼ ਡੇਲੂ ,ਪਿੰਡ ਦੇ ਸਰਪੰਚ ਮਨੋਜ ਗੋਦਾਰਾ ਤੋਂ ਇਲਾਵਾ ਬਿਸ਼ਨੋਈ ਸਮਾਜ ਦੇ ਪ੍ਰਮੁੱਖ ਲੋਕ ਮੌਜੂਦ ਸਨ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਨਾਇਬ ਤਹਿਸੀਲਦਾਰ ਸੀਤੋ ਗੁੰਨੋ, ਡੀਐਸਪੀ ਅਬੋਹਰ ਅਤੇ ਬੱਲੂਆਣਾ ਤੇ ਬੱਲੂਆਣਾ ਦੇ ਵਿਧਾਇਕ ਗੋਲਡੀ ਮੁਸਾਫ਼ਿਰ ਵੀ ਮੌਕੇ ’ਤੇ ਮੌਜੂਦ ਸਨ।
ਬਿਸ਼ਨੋਈ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਅਨੁਜ ਥਾਪਨ ਦਾ ਸਸਕਾਰ ਕੀਤਾ ਜਾਵੇਗਾ।ਬਿਸ਼ਨੋਈ ਭਾਈਚਾਰੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਅਨੁਜ ਥਾਪਨ ਦਾ ਪੋਸਟਮਾਰਟਮ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਕਰਵਾਇਆ ਜਾਵੇ, ਅਨੁਜ ਥਾਪਨ ਦੀ ਪੁਲੀਸ ਹਿਰਾਸਤ ਵਿੱਚ ਮੌਤ ਹੋਣ ਕਾਰਨ ਪਰਿਵਾਰ ਨੂੰ ਬਣਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।
ਉਨ੍ਹਾਂ ਦੋਸ਼ ਲਾਇਆ ਕਿ ਨਾਜਾਇਜ਼ ਚੁੱਕਣ ਵਿੱਚ ਸ਼ਾਮਲ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪਰਿਵਾਰ ਉਸ ਦੀ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਵੀ ਕਰ ਰਿਹਾ ਹੈ।












