ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਰਕਾਰ, ਮਾਪਿਆਂ ਅਤੇ ਅਧਿਆਪਕਾਂ ਦਾ ਸਾਂਝਾ ਯਤਨ ਅਤਿ ਜ਼ਰੂਰੀ : ਮੈਡਮ ਨੀਨਾ ਮਿੱਤਲ
ਮਾਪਿਆਂ ਨੂੰ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ, ਦਾਖ਼ਲਾ ਮੁਹਿੰਮ 2026 ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ
ਰਾਜਪੁਰਾ, 7 ਫਰਵਰੀ ,ਬੋਲੇ ਪੰਜਾਬ ਬਿਊਰੋ;
ਮੁੱਖ ਮੰਤਰੀ ਪੰਜਾਬ ਮਾਣਯੋਗ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਨਾਲ ਸੰਵਾਦ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੇਰੈਂਟਸ ਵਰਕਸ਼ਾਪਾਂ ਦਾ ਲਗਾਤਾਰ ਆਯੋਜਨ ਕੀਤਾ ਜਾ ਰਿਹਾ ਹੈ। ਇਸੀ ਕੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਪਟਿਆਲਾ ਸੰਜੀਵ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਤੰਤਰਤਾ ਸੰਗਰਾਮੀ ਅਮੀਰ ਸਿੰਘ ਸਰਕਾਰੀ ਹਾਈ ਸਕੂਲ, ਰਾਜਪੁਰਾ ਟਾਊਨ ਵਿਖੇ ਮਾਪਿਆਂ ਲਈ ਇਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ।
ਇਸ ਵਰਕਸ਼ਾਪ ਵਿੱਚ ਹਲਕਾ ਰਾਜਪੁਰਾ ਦੀ ਮਾਣਯੋਗ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਮਾਪਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕੇਵਲ ਸਕੂਲ ਜਾਂ ਸਰਕਾਰ ਹੀ ਨਹੀਂ, ਸਗੋਂ ਮਾਪਿਆਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਜਦੋਂ ਸਰਕਾਰ, ਅਧਿਆਪਕ ਅਤੇ ਮਾਪੇ ਮਿਲ ਕੇ ਇਕ ਦਿਸ਼ਾ ਵਿੱਚ ਕੰਮ ਕਰਦੇ ਹਨ ਤਾਂ ਹੀ ਵਿਦਿਆਰਥੀਆਂ ਦਾ ਭਵਿੱਖ ਮਜ਼ਬੂਤ ਬਣ ਸਕਦਾ ਹੈ।
ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਦੌਰਾਨ ਉਨ੍ਹਾਂ ਨੂੰ ਸਕਾਰਾਤਮਕ ਵਾਤਾਵਰਨ, ਸਮਾਂ-ਸਾਰਣੀ ਅਤੇ ਨੈਤਿਕ ਸਹਾਰਾ ਮੁਹੱਈਆ ਕਰਵਾਉਣ। ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਦਾਖ਼ਲਾ ਮੁਹਿੰਮ 2026 ਦੀ ਵੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਈ ਇਤਿਹਾਸਕ ਕਦਮ ਚੁੱਕੇ ਗਏ ਹਨ, ਜਿਨ੍ਹਾਂ ਦਾ ਲਾਭ ਹਰ ਬੱਚੇ ਤੱਕ ਪਹੁੰਚਣਾ ਚਾਹੀਦਾ ਹੈ।
ਉਨ੍ਹਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਬਾਰੇ ਗੱਲ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਲੜਾਈ ਸਿਰਫ਼ ਪ੍ਰਸ਼ਾਸਨ ਦੀ ਨਹੀਂ, ਸਗੋਂ ਸਮਾਜਕ ਲੜਾਈ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਦੋਸਤਾਂ ਦੀ ਸੰਗਤ ਅਤੇ ਮਨੋਵਿਗਿਆਨਿਕ ਹਾਲਤ ‘ਤੇ ਧਿਆਨ ਦੇਣ ਤਾਂ ਜੋ ਨਸ਼ਿਆਂ ਤੋਂ ਦੂਰ ਰੱਖਣ ਲਈ ਸਕੂਲ ਅਤੇ ਸਮਾਜ ਨਾਲ ਮਿਲ ਕੇ ਕੰਮ ਕੀਤਾ ਜਾਵੇ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਵਿਜੇ ਮੈਨਰੋ ਸਿੱਖਿਆ ਇੰਚਾਰਜ ਜ਼ਿਲ੍ਹਾ ਪਟਿਆਲਾ ਅਤੇ ਪ੍ਰਿੰਸੀਪਲ ਪੂਨਮ ਕੁਮਾਰੀ, ਸਕੂਲ ਆਫ਼ ਐਮੀਨੈਂਸ ਮਹਿੰਦਰਗੰਜ ਰਾਜਪੁਰਾ ਨੇ ਵੀ ਵਰਕਸ਼ਾਪ ਵਿੱਚ ਸ਼ਮੂਲੀਅਤ ਕੀਤੀ ਅਤੇ ਸਰਕਾਰੀ ਸਕੂਲਾਂ ਵਿੱਚ ਹੋ ਰਹੇ ਸਿੱਖਿਆ ਸੰਬੰਧੀ ਸੁਧਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਸਕੂਲ ਇੰਚਾਰਜ ਹਰਜੀਤ ਕੌਰ ਨੇ ਅਧਿਆਪਕਾਂ ਨਾਲ ਮਿਲ ਕੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਗਤੀਵਿਧੀਆਂ ਅਤੇ ਵਿਦਿਆਰਥੀਆਂ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸਕੂਲ ਅਧਿਆਪਕਾਵਾਂ ਦਲਜੀਤ ਕੌਰ ਅੰਗਰੇਜ਼ੀ ਮਿਸਟ੍ਰੈਸ ਅਤੇ ਮਨਦੀਪ ਕੌਰ ਪੰਜਾਬੀ ਮਿਸਟ੍ਰੈਸ ਨੇ ਰਿਸੋਰਸ ਪਰਸਨ ਵਜੋਂ ਮਾਪਿਆਂ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ, ਵਿਦਿਆਰਥੀ ਮੁਲਾਂਕਣ, ਹਾਜ਼ਰੀ ਅਤੇ ਪੜ੍ਹਾਈ ਵਿੱਚ ਮਾਪਿਆਂ ਦੀ ਭੂਮਿਕਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਵਰਕਸ਼ਾਪ ਦੌਰਾਨ ਮਾਪਿਆਂ ਨੂੰ ਦਾਖ਼ਲਾ ਮੁਹਿੰਮ 2026 ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨਾਲ ਸਬੰਧਿਤ ਜਾਗਰੂਕਤਾ ਪੰਫਲੈਟ ਵੀ ਵੰਡੇ ਗਏ। ਇਸ ਮੌਕੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਸੁੰਦਰ ਪੇਂਟਿੰਗਾਂ ਦੇ ਕੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਨੂੰ ਹਾਜਰ ਮਹਿਮਾਨਾਂ ਅਤੇ ਮਾਪਿਆਂ ਨੇ ਸਰਾਹਿਆ।
ਪ੍ਰੋਗਰਾਮ ਦੌਰਾਨ ਰਾਜਿੰਦਰ ਸਿੰਘ ਚਾਨੀ, ਮੀਡੀਆ ਕੋਆਰਡੀਨੇਟਰ ਵੱਲੋਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਖ਼ੂਬੀ ਨਿਭਾਈ ਗਈ।
ਇਸ ਮੌਕੇ ਅਮਰਿੰਦਰ ਸਿੰਘ ਮੀਰੀ ਪੀਏ ਟੂ ਵਿਧਾਇਕ ਰਾਜਪੁਰਾ, ਐਡਵੋਕੇਟ ਸੰਦੀਪ ਕੁਮਾਰ ਬਾਵਾ, ਮੇਜਰ ਸਿੰਘ, ਪਿਆਰਾ ਸਿੰਘ, ਮੀਨਾ ਰਾਣੀ, ਨਰੇਸ਼ ਧਮੀਜਾ, ਮਨਪ੍ਰੀਤ ਸਿੰਘ, ਵਿਦਿਆਰਥੀਆਂ ਦੇ ਮਾਪੇ, ਕੁਲਵਿੰਦਰ ਕੌਰ ਚੇਅਰਪਰਸਨ ਸਕੂਲ ਮੈਨੇਜਮੈਂਟ ਕਮੇਟੀ ਅਤੇ ਮੈਂਬਰ, ਸਕੂਲ ਅਧਿਆਪਕ ਅਤੇ ਇਲਾਕੇ ਦੇ ਕਈ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।












