ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਮੋਤੀ ਨਗਰ ਸਕੂਲ ਮੁੱਖੀ ਦੀ ਬਦਲੀ ਕਰਕੇ ਜਾਂਚ ਮੁਕੰਮਲ ਕਰਨ ਦੇ ਕੀਤੇ ਹੁਕਮ

ਪੰਜਾਬ

ਪੀੜਤ ਅਧਿਆਪਕਾ ਨਾਲ ਇਨਸਾਫ਼ ਦੀ ਮੰਗ ਲਈ ਜਥੇਬੰਦੀਆਂ ਨੇ ਸੱਦੀ 16 ਫਰਵਰੀ ਦੀ ਸਾਂਝੀ ਮੀਟਿੰਗ


ਲੁਧਿਆਣਾ 11 ਫਰਵਰੀ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ );

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ 9 ਫਰਵਰੀ ਨੂੰ ਡਾਇਰੈਕਟਰ ਸਕੂਲ ਸਿੱਖਿਆ ਨੂੰ ਪੱਤਰ ਭੇਜ ਕੇ ਸਰਕਾਰੀ ਮਾਡਲ ਪ੍ਰਾਇਮਰੀ ਸਕੂਲ ਮੋਤੀ ਨਗਰ (ਜ਼ਿਲ੍ਹਾ ਲੁਧਿਆਣਾ) ਦੇ ਹੈੱਡ ਟੀਚਰ ਦੀ ਤੁਰੰਤ ਪ੍ਰਭਾਵ ਨਾਲ ਬਦਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਤਾਂ ਜੋ ਸਕੂਲ ਦੀ ਹੀ ਇੱਕ ਮਹਿਲਾ ਅਧਿਆਪਕਾ ਵੱਲੋਂ ਲਗਾਏ ਗਏ ਵਿਤਕਰੇ, ਤੰਗ ਪ੍ਰੇਸ਼ਾਨ ਅਤੇ ਬਦਨਾਮ ਕਰਨ ਦੇ ਗੰਭੀਰ ਦੋਸ਼ਾਂ ਵਾਲੇ ਮਾਮਲੇ ਵਿੱਚ ਜਾਂਚ ਨੂੰ ਪ੍ਰਭਾਵਿਤ ਹੋਣ ਤੋਂ ਰੋਕਿਆ ਜਾ ਸਕੇ। ਇੱਥੇ ਦੱਸਣਯੋਗ ਹੈ ਕਿ ਇਸ ਮਸਲੇ ਨੂੰ ਲੈ ਕਿ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ (ਜਿਲ੍ਹਾ ਲੁਧਿਆਣਾ), 6635 ਈਟੀਟੀ ਅਧਿਆਪਕ ਯੂਨੀਅਨ ਲੁਧਿਆਣਾ ਅਤੇ 4161 ਮਾਸਟਰ ਕਾਡਰ ਯੂਨੀਅਨ ਵੱਲੋਂ ਪੀੜਤ ਅਧਿਆਪਕਾ ਲਈ ਇਨਸਾਫ਼ ਦੀ ਮੰਗ ਲਈ ਸਕੂਲ ਮੁੱਖੀ ਨੂੰ ਤਬਦੀਲ ਕਰਕੇ ਗ੍ਰੇਡ – ਏ ਮਹਿਲਾ ਅਧਿਕਾਰੀਆਂ ਤੋਂ ਨਿਰਪੱਖ ਜਾਂਚ ਕਰਵਾਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਜੱਥੇਬੰਦੀਆਂ ਦੇ ਆਗੂਆਂ ਰਮਨਜੀਤ ਸਿੰਘ ਸੰਧੂ, ਰੁਪਿੰਦਰਪਾਲ ਸਿੰਘ ਗਿੱਲ, ਪਰਮਿੰਦਰ ਸਿੰਘ ਮਲੌਦ ਅਤੇ ਜਸਵਿੰਦਰ ਸਿੰਘ ਐਤੀਆਣਾ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਦਫਤਰ ਦੇ ਪਿਛਲੇ ਸਮੇਂ ਵਿੱਚ ਜਾਰੀ ਆਫੀਸ਼ਲ ਪੱਤਰਾਂ ਅਨੁਸਾਰ ਸਬੰਧਿਤ ਸਕੂਲ ਮੁੱਖੀ ‘ਤੇ ਪਹਿਲਾ ਵੀ ਕਈ ਗੰਭੀਰ ਮਾਮਲਿਆਂ ਵਿੱਚ ਦੋਸ਼ ਲੱਗਦੇ ਰਹੇ ਹਨ, ਪਰ ਹਰ ਵਾਰ ਉਹ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਬਚ ਜਾਂਦਾ ਰਿਹਾ ਹੈ। ਇਸ ਮਾਮਲੇ ਵਿੱਚ ਵੀ ਉਸ ਵੱਲੋਂ ਆਪਣੇ ਖਿਲਾਫ ਹੋਈ ਸ਼ਿਕਾਇਤ ਤੋਂ ਬੁਖਲਾ ਕੇ ਪੀੜਤ ਅਧਿਆਪਕਾ ਨੂੰ ਮੀਡਿਆ ਵਿੱਚ ਨਿੱਜੀ ਤੌਰ ‘ਤੇ ਬਦਨਾਮ ਕਰਨ, ਉਸ ਦੀ ਹਮਾਇਤ ਵਿੱਚ ਖੜ੍ਹਣ ਵਾਲਿਆਂ ਖਿਲਾਫ ਸਾਜਿਸ਼ੀ ਬਿਆਨਬਾਜੀ ਤੇ ਝੂਠੀਆਂ ਸ਼ਿਕਾਇਤਾਂ ਕਰਨ, ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਸਬੂਤ ਮਿਟਾਉਣ ਅਤੇ ਉੱਚ ਅਧਿਕਾਰੀਆਂ ਦੀ ਮਨਜੂਰੀ ਤੋਂ ਬਿਨਾਂ ਹੀ ਸਕੂਲ ਦੇ ਲੈਟਰ ਹੈਡ ਤੇ ਅਹੁਦੇ ਦੀ ਦੁਰਵਰਤੋਂ ਕਰਕੇ ਕੁੱਝ ਮੀਡਿਆ ਅਦਾਰਿਆਂ ਨੂੰ ਬੇ-ਵਜਾਹ ਦੇ ਅਣ-ਅਧਿਕਾਰਿਤ ਨੋਟਿਸ ਕੱਢ ਕੇ ਪੀੜਤ ਦੀ ਆਵਾਜ਼ ਦਬਾਉਣ ਦੇ ਯਤਨ ਕੀਤੇ ਗਏ ਹਨ, ਪ੍ਰੰਤੂ ਉਹ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਬਣਦੀ ਜਥੇਬੰਦਕ ਭੂਮਿਕਾ ਪੂਰੀ ਨਿਡਰਤਾ ਨਾਲ ਨਿਭਾਉਣੀ ਜਾਰੀ ਰੱਖਣ ਲਈ ਦ੍ਰਿੜ ਹਨ।
ਇਸ ਮੌਕੇ ਪੀੜਤ ਅਧਿਆਪਕਾ ਨਰਿੰਦਰ ਪਾਲ ਕੌਰ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਹੁਕਮਾਂ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਦੱਸਿਆ ਕਿ ਸਕੂਲ ਦੇ ਹੈੱਡ ਟੀਚਰ ਵੱਲੋਂ ਉਸ ਖਿਲਾਫ ਪਿੱਛਲੇ ਲੰਮੇ ਸਮੇ ਤੋਂ ਭੱਦੀਆਂ ਤੇ ਨਸਲੀ ਟਿੱਪਣੀਆਂ ਰਾਹੀਂ ਨਫ਼ਰਤ ਦਾ ਪ੍ਰਗਟਾਵਾ ਕੀਤਾ ਜਾਂਦਾ ਰਿਹਾ ਹੈ। ਮਿਤੀ 28 ਅਤੇ 29 ਨਵੰਬਰ 2025 ਨੂੰ ਸਕੂਲ ਵਿੱਚ ਹਾਜ਼ਰ ਹੋਣ ਦੇ ਬਾਵਜੂਦ ਉਸਨੂੰ ਸਟਾਫ ਰਜਿਸਟਰ ਵਿੱਚ ਅਣ ਅਧਿਕਾਰਿਤ ਤੌਰ ‘ਤੇ ਹਾਜ਼ਰੀ ਪਾਉਣ ਤੋਂ ਰੋਕਿਆ ਗਿਆ ਅਤੇ ਜਲੀਲ ਕੀਤਾ ਗਿਆ, ਜਿਸ ਦੇ ਦਸਤੀ ਸਬੂਤ ਮੌਜੂਦ ਹਨ। ਇਸ ਤੋਂ ਪਹਿਲਾਂ ਹੈੱਡ ਟੀਚਰ ਵੱਲੋਂ ਆਨੇ ਬਹਾਨੇ ਹਰ ਸਾਲ 2200 ਰੁਪਏ ਅਤੇ ਸਕੂਲ ਦੀ ਸਫਾਈ ਦੇ ਨਾਮ ‘ਤੇ 300 ਰੁਪਏ ਹਰ ਮਹੀਨੇ ਦਬਾਅ ਅਧੀਨ ਲਏ ਜਾਂਦੇ ਰਹੇ ਸਨ, ਜਿਸ ਦੀਆਂ ਸਲਿੱਪਾਂ ਵੀ ਮੌਜੂਦ ਹਨ। ਹੈੱਡ ਟੀਚਰ ਵੱਲੋਂ ਵਾਰ ਵਾਰ ਮਾਨਸਿਕ ਤੰਗ ਕਰਨਾ ਬੰਦ ਨਾ ਕਰਨ ‘ਤੇ ਇਹ ਫੰਡ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਉਸ ਵੱਲੋਂ 19 ਦਸੰਬਰ ਤੋਂ 21 ਜਨਵਰੀ 2026 ਦਰਮਿਆਨ ਮੇਰੇ ਇਕੱਲੀ ਲਈ ਬਾਥਰੂਮ ਨੂੰ ਜਿੰਦਰਾ ਲਗਾ ਦਿੱਤਾ ਅਤੇ ਸਕੂਲ ਵਿੱਚਲੇ ਸਫ਼ਾਈ ਕਰਮਚਾਰੀਆਂ ਨੂੰ ਮੇਰੀ ਜਮਾਤ ਦੀ ਸਫ਼ਾਈ ਕਰਨ ਤੋਂ ਵੀ ਮਨ੍ਹਾ ਕਰ ਦਿੱਤਾ ਗਿਆ, ਜਿਸ ਦੇ ਆਡੀਓ, ਵੀਡੀਓ ਅਤੇ ਤਸਵੀਰਾਂ ਦੇ ਰੂਪ ਵਿੱਚ ਸਬੂਤ ਵੀ ਮੌਜੂਦ ਹਨ। ਇਸ ਤਰ੍ਹਾਂ ਮੇਰੇ ਲਈ ਸਕੂਲ ਵਿੱਚ ਅਪਮਾਨਜਨਕ ਮਾਹੌਲ ਬਣਾਉਂਦੇ ਹੋਏ ਇੱਕ ਔਰਤ ਵਜੋਂ ਮੇਰੀ ਸਿਹਤ ਅਤੇ ਸੁਰੱਖਿਆ ਨੂੰ ਪ੍ਰਭਾਵਿਤ ਕੀਤਾ ਗਿਆ। ਅਧਿਆਪਕਾ ਨੇ ਪੰਜਾਬ ਸਰਕਾਰ ਅਤੇ ਉੱਚ ਸਿੱਖਿਆ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੋਤੀ ਨਗਰ ਸਕੂਲ ਦੇ ਹੈੱਡ ਟੀਚਰ ਦੀ ਲੁਧਿਆਣਾ ਜ਼ਿਲ੍ਹੇ ਤੋਂ ਬਾਹਰ ਪ੍ਰਬੰਧਕੀ ਬਦਲੀ ਕਰਕੇ ਕੰਮ ਵਾਲੀ ਜਗ੍ਹਾ ਤੇ ਜਿਨਸੀ ਸੋਸ਼ਣ ਰੋਕਣ ਦੇ ਕਾਨੂੰਨ (POSH Act) 2013 ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ ਅਨੁਸਾਰ ਤੈਅ ਮਾਪ ਦੰਡਾਂ ਅਨੁਸਾਰ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਉਸ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇ।
ਅਧਿਆਪਕ ਆਗੂਆਂ ਨੇ ਦੱਸਿਆ ਕਿ ਸਮੁੱਚੀਆਂ ਜਨਤਕ, ਜਮਹੂਰੀ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਪੀੜਤ ਅਧਿਆਪਕਾ ਲਈ ਇਨਸਾਫ਼ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ 16 ਫਰਵਰੀ ਨੂੰ ਈਸੜੂ ਭਵਨ ਲੁਧਿਆਣਾ ਵਿਖੇ ਸਾਂਝੀ ਮੀਟਿੰਗ ਦਾ ਸੱਦਾ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਵਿਚਾਰ ਵਟਾਦਰਾਂ ਕਰਕੇ ਅਗਲੇ ਪ੍ਰੋਗਰਾਮ ਤੈਅ ਕੀਤੇ ਜਾਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।