ਨਵੀਂ ਦਿੱਲੀ, 16 ਫਰਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):
ਤਖ਼ਤ ਪਟਨਾ ਸਾਹਿਬ ਦੇ ਗੁਰਦੁਆਰਾ ਹਾਂਡੀ ਸਾਹਿਬ ਵਿੱਚ ਸੰਗਤ ਦੀ ਰਿਹਾਇਸ਼ ਲਈ ਕਮਰੇ, ਲੰਗਰ ਹਾਲ ਅਤੇ ਨਵੇਂ ਬਾਥਰੂਮ ਬਣਾਉਣ ਦੀ ਕਾਰ ਸੇਵਾ ਦਿੱਲੀ ਵਾਲਿਆਂ ਨੂੰ ਸੌਂਪੀ ਗਈ ਹੈ। ਤਖ਼ਤ ਪਟਨਾ ਕਮੇਟੀ ਦੇ ਉਪ ਪ੍ਰਧਾਨ ਗੁਰਵਿੰਦਰ ਸਿੰਘ, ਸਕੱਤਰ ਹਰਬੰਸ ਸਿੰਘ ਅਤੇ ਮੀਡੀਆ ਪ੍ਰਭਾਰੀ ਸੁਦੀਪ ਸਿੰਘ ਵੱਲੋਂ ਸੇਵਾ ਸੰਬੰਧੀ ਪੱਤਰ ਕਾਰ ਸੇਵਾ ਦਿੱਲੀ ਦੇ ਬਾਬਾ ਗੁਰਨਾਮ ਸਿੰਘ ਨੂੰ ਸੌਂਪਿਆ ਗਿਆ। ਬਾਬਾ ਜੀ ਨੇ ਭਰੋਸਾ ਦਿੱਤਾ ਹੈ ਕਿ ਅਗਲੇ ਸਾਲ ਗੁਰਪੁਰਬ ਤੋਂ ਪਹਿਲਾਂ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਇੱਥੇ ਰਹਿਣ ਦੀ ਸਹੂਲਤ ਮਿਲ ਸਕੇ। ਸਰਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਗੁਰਪੁਰਬ ਮੌਕੇ ਸੰਗਤ ਵੱਲੋਂ ਕਮੇਟੀ ਕੋਲ ਮੰਗ ਕੀਤੀ ਗਈ ਸੀ ਕਿ ਗੁਰਦੁਆਰਾ ਹਾਂਡੀ ਸਾਹਿਬ ਦੇ ਨਵੀਨੀਕਰਨ ਦੇ ਨਾਲ ਰਿਹਾਇਸ਼ ਲਈ ਕਮਰੇ, ਲੰਗਰ ਹਾਲ ਅਤੇ ਆਧੁਨਿਕ ਬਾਥਰੂਮ ਬਣਾਏ ਜਾਣ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਜਗਜੋਤ ਸਿੰਘ ਸੋਹੀ, ਸਕੱਤਰ ਇੰਦਰਜੀਤ ਸਿੰਘ ਅਤੇ ਸੀਨੀਅਰ ਉਪ ਪ੍ਰਧਾਨ ਲਖਵਿੰਦਰ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਸਰਬਸੰਮਤੀ ਨਾਲ ਫੈਸਲਾ ਕਰਦੇ ਹੋਏ ਕਾਰ ਸੇਵਾ ਦਿੱਲੀ ਨੂੰ ਸੇਵਾ ਸੌਂਪਣ ਲਈ ਪੱਤਰ ਜਾਰੀ ਕੀਤਾ ਗਿਆ। ਤਖ਼ਤ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਦਲੀਪ ਸਿੰਘ ਵੱਲੋਂ ਬਾਬਾ ਕਾਰ ਸੇਵਾ ਵਾਲਿਆਂ ਨੂੰ ਸਿਰੋਪਾ ਭੇਟ ਕੀਤਾ ਗਿਆ। ਸਰਦਾਰ ਗੁਰਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਸਨ, ਜਿਨ੍ਹਾਂ ਦੀ ਸਮਾਪਤੀ ਤੋਂ ਬਾਅਦ ਅੱਜ ਹਜ਼ੂਰੀ ਰਾਗੀ ਜੱਥਾ ਭਾਈ ਕਵਿੰਦਰ ਸਿੰਘ, ਭਾਈ ਜੋਗਿੰਦਰ ਸਿੰਘ ਬਿੱਟੂ ਅਤੇ ਭਾਈ ਹਰਭਜਨ ਸਿੰਘ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਹਜ਼ੂਰੀ ਕਥਾ ਵਾਚਕ ਭਾਈ ਸਤਿਨਾਮ ਸਿੰਘ ਵੱਲੋਂ ਕਥਾ ਕੀਤੀ ਗਈ।












