ਨਵੀਂ ਦਿੱਲੀ 19 ਫਰਵਰੀ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਪਛਮੀ ਦਿੱਲੀ ਦੇ ਜੇਲ੍ਹ ਰੋੜ ਲਾਲ ਬਤੀ ਨੇੜੇ ਬੇਦੀ ਟੇਲਰ ਦੁਕਾਨ ਦੇ ਮਾਲਿਕ ਸਰਦਾਰ ਹਰਜਿੰਦਰ ਸਿੰਘ ਬੇਦੀ ਜੋ ਕਿ 80 ਸਾਲ ਦੇ ਹਨ ਨੇ ਮੀਡੀਆ ਨਾਲ ਕੀਤੀ ਇਕ ਮੁਲਾਕਾਤ ਦੌਰਾਨ ਉਨ੍ਹਾਂ ਨਾਲ ਕੀਤੇ ਜਾ ਰਹੇ ਧੱਕੇ ਅਤੇ ਦਿਤੀਆਂ ਜਾ ਰਹੀਆਂ ਗੋਲੀ ਮਾਰਣ ਦੀਆਂ ਧਮਕੀਆਂ ਬਾਰੇ ਜਾਣਕਾਰੀ ਦੇਂਦਿਆ ਕਿਹਾ ਕਿ ਮੇਰੀ ਦੁਕਾਨ ਦੇ ਪਿਛਲੇ ਅਤੇ ਸਜੇ ਪਾਸੇ ਇਕ ਬਿਲਡਰ ਵਲੋਂ ਕੀਤੀ ਜਾ ਰਹੀ ਨਵੀਂ ਉਸਾਰੀ ਸਦਕਾ ਓਹ ਸਾਨੂੰ ਵੀ ਦੁਕਾਨ ਖਾਲੀ ਕਰਣ ਨੂੰ ਕਹਿ ਰਿਹਾ ਹੈ । ਉਨ੍ਹਾਂ ਦਸਿਆ ਪਿਛਲੇ ਦਸ ਬਾਰਾਂ ਦਿਨਾਂ ਤੋਂ ਅਣਪਛਾਤੇ ਲੋਕ ਆ ਕੇ ਵਾਰ ਵਾਰ ਗੋਲੀ ਮਾਰਣ ਦੀਆਂ ਧਮਕੀਆਂ ਦੇ ਰਹੇ ਹਨ, ਜਿਸ ਨਾਲ ਸਾਡੇ ਜਾਨ ਮਾਲ ਨੂੰ ਖਤਰਾ ਪੈਦਾ ਹੋ ਗਿਆ ਹੈ । ਉਨ੍ਹਾਂ ਦਸਿਆ ਇਹ ਦੁਕਾਨ ਅਸੀਂ ਬਾਰਾਂ ਸਾਲ ਪਹਿਲਾਂ ਇਕ ਬਜ਼ੁਰਗ ਮਾਤਾ ਜੀ ਕੋਲੋਂ ਖਰੀਦੀ ਸੀ ਇੰਨ੍ਹਾ ਦੇ ਚਲਾਣੇ ਉਪਰੰਤ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਬਾਕੀ ਜਗ੍ਹਾ ਵੇਚ ਦਿੱਤੀ ਤੇ ਹੁਣ ਬਿਲਡਰ ਓਸ ਨੂੰ ਤੋੜ ਕੇ ਨਵੀਂ ਬਿਲਡਿੰਗ ਦੀ ਉਸਾਰੀ ਕਰ ਰਹੇ ਹਨ । ਪਹਿਲਾਂ ਓਹ ਸਾਨੂੰ ਇਸੇ ਨਵੀਂ ਉਸਾਰੀ ਵਿਚ ਦੁਕਾਨ ਲਈ ਢੁਕਵੀਂ ਥਾਂ ਦੇਣ ਨੂੰ ਤਿਆਰ ਹੋ ਗਏ ਸਨ ਪਰ ਹੁਣ ਓਹ ਅਣਪਛਾਤੇ ਬੰਦਿਆਂ ਰਾਹੀਂ ਤੰਗ ਪ੍ਰੇਸ਼ਾਨ ਕਰਵਾ ਰਹੇ ਹਨ । ਉਨ੍ਹਾਂ ਦਸਿਆ ਪਿਛਲੇ ਪਾਸੇ ਕੀਤੀ ਗਈ ਤੋੜਫੋੜ ਸਦਕਾ ਉਨ੍ਹਾਂ ਦੀ ਦੁਕਾਨ ਦੀ ਛੱਤ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ ਜਿਸ ਨਾਲ ਉਪਰੋ ਮੀਂਹ ਦਾ ਪਾਣੀ ਅੰਦਰ ਆਣਾ ਸ਼ੁਰੂ ਹੋ ਗਿਆ ਹੈ । ਉਨ੍ਹਾਂ ਕਿਹਾ ਮੇਰੀ ਉਮਰ 80 ਸਾਲ ਦੀ ਹੋ ਗਈ ਹੈ ਦੇਸ਼ ਅੰਦਰ ਕੰਮਕਾਜ ਦੇ ਹਾਲਾਤ ਪਹਿਲਾਂ ਹੀ ਮਾੜੇ ਚਲ ਰਹੇ ਹਨ ਤੇ ਜ਼ੇਕਰ ਅਸੀਂ ਦੁਕਾਨ ਤੋਂ ਚਲੇ ਗਏ ਤਾਂ ਗੁਜ਼ਾਰਾ ਕਰਣਾ ਬਹੁਤ ਔਖਾ ਹੋ ਜਾਏਗਾ । ਉਨ੍ਹਾਂ ਦੇ ਪਰਿਵਾਰ ਵਿਚ ਇਕ ਬੇਟਾ, ਨੂੰਹ ਅਤੇ ਇਕ ਛੋਟੀ ਬੱਚੀ ਹੈ ਜੋ ਕਿ ਹੁਣ ਹਰ ਸਮੇਂ ਮਾਨਸਿਕ ਚਿੰਤਾਵਾ ਨਾਲ ਜੀਅ ਰਹੇ ਹਨ । ਉਨ੍ਹਾਂ ਦਿੱਲੀ ਪੁਲਿਸ ਅਤੇ ਹੋਰ ਸੰਬੰਧਿਤ ਮਹਿਕਮੇਆ ਨੂੰ ਇਸ ਗੱਲ ਦਾ ਨੌਟਿਸ ਲੈ ਕੇ ਤੁਰੰਤ ਕਾਰਵਾਈ ਕਰਣ ਦੀ ਅਪੀਲ ਕੀਤੀ ਹੈ ਜਿਸ ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਕਿਸੇ ਦਾ ਜਾਨੀ ਜਾ ਮਾਲੀ ਨੁਕਸਾਨ ਨਾ ਹੋ ਸਕੇ ।












