ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧੂਰਾ ਪੇਪਰ ਪਾਉਣ ਦਾ ਕਾਰਨਾਮਾ

ਐਜੂਕੇਸ਼ਨ ਪੰਜਾਬ

ਬੋਰਡ ਨੇ ਅੱਠਵੀਂ ਜਮਾਤ ਦੇ ਵਿਗਿਆਨ ਵਿਸ਼ੇ ਦਾ ਅਧੂਰਾ ਪੇਪਰ ਪਾ ਕੇ ਵਿਦਿਆਰਥੀਆਂ ਨੂੰ ਕੀਤਾ ਪ੍ਰੇਸ਼ਾਨ

20 ਫਰਵਰੀ, ਮੋਹਾਲੀ ,ਬੋਲੇ ਪੰਜਾਬ ਬਿਊਰੋ;
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕਾਂ ਤੋਂ ਕਲੈਰੀਕਲ ਕੰਮ ਕਰਵਾ ਕੇ ਆਪਣੇ ਆਪ ਨੂੰ ਡਿਜ਼ੀਟਲ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਸ ਵਾਰ ਅੱਠਵੀਂ ਸ਼੍ਰੇਣੀ ਦੀ ਬੋਰਡ ਦੀ ਪ੍ਰੀਖਿਆ ਦੌਰਾਨ ਸਾਇੰਸ ਵਿਸ਼ੇ ਦਾ ਅਧੂਰਾ ਪੇਪਰ ਪਾਉਣ ਦਾ ਕਾਰਨਾਮਾ ਕੀਤਾ ਹੈ। ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ ਮਿਡਲ ਪ੍ਰੀਖਿਆ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਵਿਗਿਆਨੀ ਵਿਸ਼ੇ ਦੇ ਪੇਪਰ ਵਿੱਚ ਪੰਜਾਬੀ ਮਾਧਿਅਮ ਵਿੱਚ 80 ਅੰਕਾਂ ਦੀ ਥਾਂ 65 ਅੰਕਾਂ ਦੇ ਪ੍ਰਸ਼ਨ ਹੀ ਆਏ ਹਨ ਜਦਕਿ ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਵਿੱਚ ਪੂਰੇ 80 ਅੰਕਾਂ ਦੇ ਪ੍ਰਸ਼ਨ ਆਏ ਹਨ। ਇਸ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਪ੍ਰਤੀ ਗੈਰ ਸੰਜੀਦਗੀ ਦਾ ਵੀ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਵਿਗਿਆਨ ਵਿਸ਼ੇ ਦੇ ਪੇਪਰ ਵਿੱਚ 30 ਪ੍ਰਸ਼ਨਾਂ ਦੀ ਥਾਂ 27 ਪ੍ਰਸ਼ਨ ਹੀ ਛਪੇ ਹੋਏ ਹਨ ਜਿਸ ਨਾਲ ਵਿਦਿਆਰਥੀਆਂ ਵਿੱਚ ਬੇਚੈਨੀ ਪਾਈ ਗਈ।

 ਆਗੂਆਂ ਨੇ ਦੋਸ਼ ਲਗਾਇਆ ਕਿ ਇਸ ਸਬੰਧੀ ਬੋਰਡ ਦੇ ਅਧਿਕਾਰੀਆਂ ( ਕੰਟਰੋਲਰ ਪ੍ਰੀਖਿਆਵਾਂ) ਦੀ ਸਿੱਧੀ ਜ਼ਿੰਮੇਵਾਰੀ ਬਣਦੀ ਹੈ। ਆਗੂਆਂ ਨੇ ਦੱਸਿਆ ਕਿ ਭਾਂਵੇ ਪੰਜਾਬ ਸਕੂਲ ਸਿੱਖਿਆ ਬੋਰਡ ਸਾਰਾ ਕਲੈਰੀਕਲ ਕੰਮ ਅਧਿਆਪਕਾਂ ਤੋਂ ਕਰਵਾਉਂਦਾ ਹੈ ਪਰ ਛੋਟੀ ਜਿਹੀ ਗਲਤੀ ਲਈ ਬੋਰਡ ਵੱਲੋਂ ਹਜ਼ਾਰਾਂ ਰੁਪਏ ਦੇ ਜ਼ੁਰਮਾਨੇ ਵਸੂਲੇ ਜਾਂਦੇ ਹਨ। ਗਲਤੀ ਲਈ ਬੋਰਡ ਦੇ ਦਫ਼ਤਰ ਵਿਚ ਬੁਲਾ ਕੇ ਸਕੂਲ ਮੁਖੀਆਂ/ ਅਧਿਆਪਕਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਅਧਿਆਪਕਾਂ ਤੋਂ ਹੋਈ ਕਲੈਰੀਕਲ ਗਲਤੀ ਲਈ ਬੱਚਿਆਂ ਦੇ ਮਾਪਿਆਂ ਤੋਂ ਮੁਆਫੀ ਮੰਗਣ ਤੱਕ ਲਈ ਵੀ ਕਹਿੰਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀ ਗਲਤੀ ਲਈ ਵਿਦਿਆਰਥੀਆਂ ਦੇ ਅੰਕਾਂ ਦੀ ਭਰਪਾਈ ਕਰੇ ਅਤੇ ਉਨ੍ਹਾਂ ਨੂੰ ਹੋਈ ਪ੍ਰੇਸ਼ਾਨੀ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਮੁਆਫੀ ਮੰਗੇ। ਪੰਜਾਬ ਸਰਕਾਰ ਨੂੰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤੀ ਗਈ ਇਸ ਗਲਤੀ ਲਈ ਦਖਲ ਦਿੰਦਿਆਂ ਬੋਰਡ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕਰਦੇ ਕਾਰਵਾਈ ਕਰਨੀ ਚਾਹੀਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।