ਸਿਹਤ ਜਾਂਚ ਕੈਂਪ ਰਾਹੀਂ ਸਮਾਜ ਸੇਵਾ ਕਰਨਾ, ਮੋਹਾਲੀ ਪ੍ਰੈਸ ਕਲੱਬ ਦਾ ਵੱਡਾ ਉਪਰਾਲਾ : ਚੇਅਰਮੈਨ ਰਣਜੀਤ ਪਾਲ ਸਿੰਘ
ਮਾਹਿਰ ਡਾਕਟਰਾਂ ਨੇ ਸੰਤੁਲਿਤ ਖੁਰਾਕ ਅਤੇ ਸਹੀ ਜੀਵਨ-ਸ਼ੈਲੀ ਅਪਣਾਉਣ ਦੀ ਦਿੱਤੀ ਸਲਾਹ
ਮੋਹਾਲੀ, 22 ਫਰਵਰੀ ,ਬੋਲੇ ਪੰਜਾਬ ਬਿਊਰੋ:
ਅੱਜਕੱਲ੍ਹ ਹਰ ਮਨੁੱਖ ਤਣਾਅ ਭਰੀ ਜ਼ਿੰਦਗੀ ਜੀਅ ਰਿਹਾ ਹੈ ਅਤੇ ਆਮ ਲੋਕਾਂ ਵਿਚ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਕਈ ਵਾਰ ਬੇਧਿਆਨੀ ਕਾਰਨ ਛੋਟੀਆਂ-ਛੋਟੀਆਂ ਬਿਮਾਰੀਆਂ ਕਿਸੇ ਗੰਭੀਰ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਇਸ ਨੂੰ ਧਿਆਨ ਵਿਚ ਰੱਖਦਿਆਂ ਅੱਜ ਮੋਹਾਲੀ ਪ੍ਰੈਸ ਕਲੱਬ ਵਲੋਂ ਸ੍ਰੀ ਗੁਰੂ ਰਵਿਦਾਸ ਮੈਡੀਕਲ ਟੀਮ ਅਤੇ ਉਸਦੀ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਆਯੋਜਿਤ ਕੀਤਾ ਗਿਆ।
ਇਸ ਕੈਂਪ ਵਿਚ ਮੁੱਖ ਮਹਿਮਾਨ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਸ. ਰਣਜੀਤਪਾਲ ਸਿੰਘ ਸਨ, ਜਦਕਿ ਭਾਜਪਾ ਆਗੂ ਈਸ਼ਪਾਲ ਚੌਧਰੀ ਨੇ ਵੀ ਸ਼ਮੂਲੀਅਤ ਕੀਤੀ। ਸ. ਰਣਜੀਤਪਾਲ ਸਿੰਘ ਨੇ ਕਿਹਾ ਕਿ ਮੋਹਾਲੀ ਪ੍ਰੈਸ ਕਲੱਬ ਵਲੋਂ ਸਮਾਜ ਸੇਵਾ ਲਈ ਕੀਤਾ ਇਹ ਉਪਰਾਲਾ ਬਹੁਤ ਹੀ ਉਤਮ ਹੈ। ਉਹਨਾਂ ਅੱਗੇ ਕਿਹਾ ਕਿ ਪੱਤਰਕਾਰਤਾ ਦੇ ਨਾਲ ਨਾਲ, ਕਲੱਬ ਵਲੋਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣਾ ਆਪਣਾ ਮੁਢਲਾ ਫਰਜ਼ ਸਮਝਣਾ ਕਾਬਲੇਤਾਰੀਫ ਹੈ। ਉਹਨਾਂ ਕਿਹਾ ਕਿ ਅਜਿਹੇ ਸਿਹਤ ਜਾਂਚ ਕੈਂਪ ਲਾ ਕੇ ਅਸੀਂ ਆਪਣੇ ਸਮਾਜ ਦੀ ਭਲਾਈ ਵਿਚ ਵੱਡਾ ਯੋਗਦਾਨ ਪਾਉਂਦੇ ਹਾਂ। ਮਹਿਮਾਨਾਂ ਵੱਲੋਂ ਕਲੱਬ ਨੂੰ ਹਰ ਪੱਖੋਂ ਮੱਦਦ ਕਰਨ ਦਾ ਭਰੋਸਾ ਦਿੱਤਾ ਗਿਆ।

ਇਸ ਕੈਂਪ ਦੌਰਾਨ ਕਰੀਬ 128 ਲੋਕਾਂ ਵਲੋਂ ਸਿਹਤ ਜਾਂਚ ਦਾ ਲਾਭ ਉਠਾਇਆ ਗਿਆ, ਜਦਕਿ ਕਰੀਬ 72 ਲੋਕਾਂ ਵੱਲੋਂ ਖੂਨ ਦੇ ਵੱਖ-ਵੱਖ ਮੁਫਤ ਟੈਸਟ ਕਰਵਾਏ ਗਏ। ਮਾਹਿਰ ਡਾਕਟਰਾਂ ਦੀ ਟੀਮ ਵਲੋਂ ਸਮੂਹ ਹਾਜ਼ਰ ਲੋਕਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਸਿਹਤ ਪ੍ਰਤੀ ਜਾਗਰੂਕ ਕੀਤਾ ਅਤੇ ਸੰਤੁਲਿਤ ਖੁਰਾਕ ਖਾਣ ਅਤੇ ਸਾਫ ਸੁਥਰੀ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ ਦਿੱਤੀ ਗਈ। ਮਾਹਿਰਾਂ ਵਿਚ ਪ੍ਰਸਿੱਧ ਡਾਇਟੀਸ਼ੀਅਨ ਡਾ. ਜਗਮੀਤ ਸੂਰੀ (ਟੀਮ ਗਾਈਡ ਮਾਈ ਡਾਈਟ), ਡਾ. ਵੰਦਿਤਾ ਅਤੇ ਡਾ. ਸੁਨੀਲ ਸ਼ਰਮਾ ਕਿਊਰ ਹੈਲਥਕੇਅਰ, ਡਾ. ਤਨਵੀ ਐਮ.ਡੀ. ਅਮਰ ਹਸਪਤਾਲ (ਜਨਰਲ ਮੈਡੀਸਨ), ਡਾ. ਸੁਚਿੰਤ (ਦੰਦਾਂ ਦੇ ਮਾਹਿਰ), ਡਾ. ਐਚ.ਐਸ. ਚੌਹਾਨ (ਚਮੜੀ ਰੋਗਾਂ ਦੇ ਮਾਹਿਰ ਅਤੇ ਡਰਮਾ), ਡਾ. ਚਰਨਜੀਵ ਚੈਟਰਜੀ (ਫਿਜ਼ੀਓਥਰੈਪਿਸਟ) ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਬੀਡੀਸੀ ਲੈਬੋਰਟਰੀ ਅਤੇ ਈਸੀਜੀ ਸੈਂਟਰ, ਮੋਹਾਲੀ ਵੱਲੋਂ ਮਰੀਜ਼ਾਂ ਦੇ ਯੂਰਿਕ ਐਸਿਡ, ਬਲੱਡ ਯੂਰੀਆ, ਕ੍ਰੀਏਟੀਨਾਈਨ, ਇਲੈਕਟ੍ਰੋਲਾਈਟ ਸੋਡੀਅਮ, ਪੋਟਾਸ਼ੀਅਮ, ਕਲੋਰਾਈਡ, ਬਲੱਡ ਸ਼ੂਗਰ ਸਮੇਤ ਕਿਡਨੀ ਦੇ ਟੈਸਟ ਮੁਫਤ ਕੀਤੇ ਗਏ। ਟੀਮ ਕੋਆਰਡੀਨੇਟਰ ਸੰਦੀਪ ਕੁਮਾਰ ਅਤੇ ਸਾਥੀਆਂ ਹਰਮਨਦੀਪ ਸਿੰਘ, ਮੁਨੀਸ਼ ਜਿੰਦਲ, ਕੁਲਦੀਪ ਸਿੰਘ, ਸੰਦੀਪ ਅਤੇ ਪਵਨ ਵੱਲੋਂ ਇਸ ਕੈਂਪ ਨੂੰ ਸਫਲ ਬਣਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਗਈ।
ਇਸ ਦੌਰਾਨ ਮੋਹਾਲੀ ਪ੍ਰੈਸ ਕਲੱਬ ਦੀ ਸਮੂਹ ਗਵਰਨਿੰਗ ਬਾਡੀ ਮੈਂਬਰਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਮੈਡੀਕਲ ਟੀਮ ਅਤੇ ਮਾਹਿਰ ਡਾਕਟਰਾਂ ਦੀ ਸਮੂਹ ਟੀਮ ਦਾ ਕੈਂਪ ਨੂੰ ਸਫ਼ਲ ਬਣਾਉਣ ਲਈ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਕਲੱਬ ਦੇ ਕਾਰਜਕਾਰੀ ਪ੍ਰਧਾਨ ਸੁਸ਼ੀਲ ਗਰਚਾ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ, ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ ਅਤੇ ਵਿਜੇ ਪਾਲ, ਜੁਆਇੰਟ ਸਕੱਤਰ ਡਾ. ਰਵਿੰਦਰ ਕੌਰ ਤੇ ਵਿਜੇ ਕੁਮਾਰ, ਕਿਚਨ ਕਮੇਟੀ ਚੇਅਰਮੈਨ ਸੰਦੀਪ ਬਿੰਦਰਾ, ਜਸਵਿੰਦਰ ਰੂਪਾਲ, ਪਾਲ ਕੰਸਾਲਾ, ਮੰਗਤ ਸਿੰਘ ਸੈਦਪੁਰ, ਰਣਜੀਤ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਬਾਵਾ, ਰਿਤੇਸ਼ ਰਾਜਾ, ਇਕਬਾਲ ਸਿੰਘ, ਉਜਲ ਸਿੰਘ, ਚਰਨ ਸਿੰਘ ਮੈਣ ਮਾਜਰੀ, ਸਮਾਜਸੇਵੀ ਗੁਰਮੇਲ ਸਿੰਘ ਮੋਜੋਵਾਲ ਆਦਿ ਹਾਜ਼ਰ ਸਨ, ਜਦਕਿ ਕੈਂਪ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੈਨੇਜਰ ਜਗਦੀਸ਼ ਸ਼ਾਰਦਾ ਅਤੇ ਹੈੱਡ ਕੁੱਕ ਨਰਿੰਦਰ ਨੇ ਅਹਿਮ ਯੋਗਦਾਨ ਪਾਇਆ।












