ਡੀ ਸੀ ਵੱਲੋਂ ਕੋਮਲ ਮਿੱਤਲ ਵੱਲੋਂ ਰੈੱਡ ਕਰਾਸ ਰਾਹੀਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਵਿਸ਼ੇਸ਼ ਉਪਰਾਲਾ
ਖਰੜ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਫ਼ਰਵਰੀ,ਬੋਲੇ ਪੰਜਾਬ ਬਿਊਰੋ:
ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਤਹਿਤ ਆਟੀਜ਼ਮ ਸਪੈਕਟ੍ਰਮ ਨਾਲ ਸੰਬੰਧਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਗਵਰਨਮੈਂਟ ਪਾਲੀਟੈਕਨਿਕ ਕਾਲਜ, ਖੂਨੀਮਾਜਰਾ ਵਿੱਚ ਟਕ ਸ਼ਾਪ-ਕਮ-ਕੈਂਟੀਨ ਦੀ ਸ਼ੁਰੂਆਤ ਕੀਤੀ ਗਈ।
ਇਸ ਕੈਂਟੀਨ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ “ਵਿੰਗਜ਼” ਨਾਮਕ ਇਹ ਕੈਂਟੀਨ ਵਿਸ਼ੇਸ਼ ਲੋੜਾਂ ਵਾਲੇ ਨੌਜਵਾਨਾਂ ਲਈ ਨਵੇਂ ਰਾਹ ਖੋਲ੍ਹੇਗੀ ਅਤੇ ਇਹ ਸਾਬਤ ਕਰੇਗੀ ਕਿ ਜੀਵਨ ਦੀਆਂ ਚੁਣੌਤੀਆਂ ਦੇ ਬਾਵਜੂਦ ਉਹ ਕਾਫ਼ੀ ਕੁਝ ਹਾਸਲ ਕਰਨ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਲੋਕਾਂ ਨਾਲ ਰੋਜ਼ਾਨਾ ਸੰਪਰਕ ਨਾਲ ਸਮਾਜ ਨੂੰ ਉਨ੍ਹਾਂ ਦੀ ਯੋਗਤਾ ਬਾਰੇ ਹੋਰ ਜਾਣਕਾਰੀ ਮਿਲੇਗੀ ਅਤੇ ਉਹ ਸਮਾਜਿਕ ਅਤੇ ਆਰਥਿਕ ਤੌਰ ‘ਤੇ ਆਤਮਨਿਰਭਰ ਬਣ ਸਕਣਗੇ।
ਉਨ੍ਹਾਂ ਦੱਸਿਆ ਕਿ ਹਰਮਨ ਸ਼ਰਮਾ ਅਤੇ ਨਿਮਿਤ ਡੋਗਰਾ ਨੇ ਓਪਨ ਸਕੂਲ ਬੋਰਡ ਤੋਂ 10+2 ਪਾਸ ਕੀਤੀ ਹੈ। ਦੋਵਾਂ ਨੇ ਐਥਲੈਟਿਕਸ ਅਤੇ ਸਾਈਕਲਿੰਗ ਵਿੱਚ ਰਾਸ਼ਟਰੀ ਪੱਧਰ ‘ਤੇ ਭਾਗ ਲੈਂਦੇ ਹੋਏ ਸੋਨੇ ਦੇ ਤਮਗੇ ਵੀ ਹਾਸਲ ਕੀਤੇ ਹਨ।
ਇਸ ਉਪਰਾਲੇ ਨੂੰ ਪਾਇਲਟ ਪ੍ਰੋਜੈਕਟ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲਦੀ ਹੀ ਹੋਰ ਸਿੱਖਿਆ ਸੰਸਥਾਵਾਂ ਵਿੱਚ ਵੀ ਇਸ ਤਰ੍ਹਾਂ ਦੇ ਰੋਜ਼ਗਾਰ-ਕੇਂਦਰਿਤ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ਤਾਂ ਜੋ ਹੋਰ ਵਿਸ਼ੇਸ਼ ਲੋੜਾਂ ਵਾਲੇ ਨੌਜਵਾਨਾਂ ਲਈ ਮੌਕੇ ਪੈਦਾ ਕੀਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਸਮਾਜ ਨਾਲ ਰੋਜ਼ਾਨਾ ਸੰਪਰਕ ਨਾਲ ਇਹ ਨੌਜਵਾਨ ਵਿਹਾਰਿਕ ਜੀਵਨ ਅਨੁਭਵ ਹਾਸਲ ਕਰਨਗੇ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧੇਗਾ। ਦੋਵੇਂ ਨੌਜਵਾਨਾਂ (ਉਮਰ 19 ਅਤੇ 22 ਸਾਲ) ਦੀ ਸਹਾਇਤਾ ਲਈ ਸ੍ਰੀਮਤੀ ਸੁਖਜਿੰਦਰ ਕੌਰ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕੈਂਟੀਨ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕੇ। ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਵੱਲੋਂ ਕੈਂਟੀਨ ਲਈ ਲੋੜੀਂਦਾ ਸਾਰਾ ਸਾਮਾਨ ਉਪਲਬਧ ਕਰਵਾਇਆ ਜਾਵੇਗਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਕੰਮ ਲਈ ਉਚਿਤ ਮਿਹਨਤਾਨੇ ਦੀ ਰਾਸ਼ੀ ਦਿੱਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ, ਐਸ ਡੀ ਐਮ ਖਰੜ ਗੁਰਮੀਤ ਸਿੰਘ, ਸਕੱਤਰ ਰੈੱਡ ਕ੍ਰਾਸ ਹਰਬੰਸ ਸਿੰਘ, ਪ੍ਰਿੰਸੀਪਲ ਰੇਖਾ ਕਿਰਣ ਅਤੇ ਪ੍ਰੋ. ਗੁਰਬਖਸ਼ਿਸ਼ ਸਿੰਘ ਅੰਟਾਲ ਸਮੇਤ ਹੋਰ ਵਿਅਕਤੀ ਹਾਜ਼ਰ ਸਨ।
ਸਮਾਗਮ ਦੀ ਯਾਦ ਵਜੋਂ ਡਿਪਟੀ ਕਮਿਸ਼ਨਰ ਵੱਲੋਂ ਕੈਂਟੀਨ ਨੇੜੇ ਕਾਲਜ ਦੇ ਅਹਾਤੇ ਵਿੱਚ ਪੌਦੇ ਵੀ ਲਗਾਏ ਗਏ।












