ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲਾ, 201 ਹਲਾਕ

ਸੰਸਾਰ ਪੰਜਾਬ

ਇਰਾਨੀ ਰੱਖਿਆ ਮੰਤਰੀ ਤੇ ਰੈਵੋਲਿਊਸ਼ਨਰੀ ਗਾਰਡ ਕਮਾਂਡਰ ਮਾਰੇ ਜਾਣ ਦਾ ਦਾਅਵਾ

ਦੁਬਈ 1 ਮਾਰਚ ,ਬੋਲੇ ਪੰਜਾਬ ਬਿਊਰੋ;

ਅਮਰੀਕਾ ਅਤੇ ਇਜ਼ਰਾਈਲ ਨੇ ਸਾਂਝੀ ਕਾਰਵਾਈ ਕਰਦਿਆਂ ਸ਼ਨਿਚਰਵਾਰ ਨੂੰ ਇਰਾਨ ’ਤੇ ਜ਼ੋਰਦਾਰ ਹਮਲੇ ਕੀਤੇ। ਇਰਾਨੀ ਮੀਡੀਆ ਨੇ ਰੈੱਡ ਕ੍ਰਿਸੈਂਟ ਦੇ ਹਵਾਲੇ ਨਾਲ ਕਿਹਾ ਕਿ 24 ਸੂਬਿਆਂ ’ਚ ਹੋਏ ਹਮਲਿਆਂ ਦੌਰਾਨ 201 ਵਿਅਕਤੀ ਮਾਰੇ ਗਏ ਅਤੇ 747 ਹੋਰ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ’ਚ ਮਿਨਾਬ ਸ਼ਹਿਰ ਦੇ ਸਕੂਲ ’ਤੇ ਹੋਏ ਹਮਲੇ ’ਚ ਮਾਰੇ ਗਏ 85 ਜਣੇ ਵੀ ਸ਼ਾਮਲ ਹਨ। ਮਿ੍ਰਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਕੁਝ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਹਮਲਿਆਂ ’ਚ ਇਰਾਨ ਦਾ ਰੱਖਿਆ ਮੰਤਰੀ ਅਮੀਰ ਨਸੀਰਜ਼ਦੇਹ ਅਤੇ ਰੈਵੋਲਿਊਸ਼ਨਰੀ ਗਾਰਡਸ ਕਮਾਂਡਰ ਮੁਹੰਮਦ ਪਾਕਪੋਰ ਮਾਰੇ ਗਏ ਹਨ।

ਹਮਲਿਆਂ ’ਚ ਇਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੇਈ ਦੇ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਹ ਸਪੱਸ਼ਟ ਨਹੀਂ ਹੋਇਆ ਕਿ 86 ਵਰ੍ਹਿਆਂ ਦੇ ਖਮੇਨੇਈ ਹਮਲੇ ਸਮੇਂ ਉਥੇ ਮੌਜੂਦ ਸਨ ਜਾਂ ਨਹੀਂ। ਸੂਤਰਾਂ ਨੇ ਸੁਪਰੀਮ ਆਗੂ ਦੇ ਸਹੀ ਸਲਾਮਤ ਹੋਣ ਦਾ ਦਾਅਵਾ ਕੀਤਾ ਹੈ।ਇਰਾਨ ਦੇ ਹੋਰਮੋਜ਼ਗਾਨ ਸੂਬੇ ਦੇ ਮਿਨਾਬ ਸ਼ਹਿਰ ’ਚ ਲੜਕੀਆਂ ਦੇ ਸਕੂਲ ’ਤੇ ਹਵਾਈ ਹਮਲੇ ਦੌਰਾਨ 85 ਜਣੇ ਮਾਰੇ ਗਏ। ਹਮਲੇ ’ਚ 45 ਜ਼ਖ਼ਮੀ ਹੋਏ ਹਨ। ਸ਼ਹਿਰ ’ਚ ਇਰਾਨ ਦੇ ਨੀਮ ਫ਼ੌਜੀ ਬਲ ਰੈਵੋਲਿਊਸ਼ਨਰੀ ਗਾਰਡ ਦਾ ਅੱਡਾ ਹੈ। ਇਰਾਨੀ ਮੀਡੀਆ ਨੇ ਦੇਸ਼ ਭਰ ’ਚ ਹਮਲੇ ਹੋਣ ਦਾ ਦਾਅਵਾ ਕੀਤਾ ਹੈ ਅਤੇ ਰਾਜਧਾਨੀ ਤਹਿਰਾਨ ’ਚੋਂ ਧੂੰਆਂ ਉੱਠਦਾ ਦੇਖਿਆ ਗਿਆ।

ਇਰਾਨੀ ਰੈਵੋਲਿਊਸ਼ਨਰੀ ਗਾਰਡ ਨੇ ਜਵਾਬੀ ਕਾਰਵਾਈ ਕਰਦਿਆਂ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਡਰੋਨ ਅਤੇ ਮਿਜ਼ਾਈਲਾਂ ਦਾਗ਼ੀਆਂ। ਇਰਾਨ ਵੱਲੋਂ ਕਤਰ, ਕੁਵੈਤ, ਯੂ ਏ ਈ, ਜੌਰਡਨ ਅਤੇ ਹੋਰ ਮੁਲਕਾਂ ’ਚ ਅਮਰੀਕੀ ਫ਼ੌਜੀ ਅੱਡਿਆਂ ’ਤੇ ਵੀ ਹਮਲੇ ਕੀਤੇ ਗਏ ਹਨ। ਬਹਿਰੀਨ ਨੇ ਕਿਹਾ ਕਿ ਅਮਰੀਕੀ ਜਲ ਸੈਨਾ ਦੇ ਪੰਜਵੇਂ ਬੇੜੇ ਦੇ ਹੈੱਡਕੁਆਰਟਰ ਨੂੰ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਗਿਆ। ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਰਾਜਧਾਨੀ ’ਚ ਇਰਾਨੀ ਮਿਜ਼ਾਈਲ ਹਮਲੇ ’ਚ ਇਕ ਵਿਅਕਤੀ ਹਲਾਕ ਹੋ ਗਿਆ। ਹਮਲਿਆਂ ਮਗਰੋਂ ਯੂ ਏ ਈ ਅਤੇ ਇਰਾਕ ਨੇ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ। ਕਤਰ, ਯੂ ਏ ਈ ਅਤੇ ਇਜ਼ਰਾਈਲ ’ਚ ਅਮਰੀਕੀ ਸਫ਼ਾਰਤਖਾਨਿਆਂ ਜਾਂ ਕੌਂਸਲਖ਼ਾਨਿਆਂ ਨੇ ਆਪਣੇ ਅਮਲੇ ਨੂੰ ਅਗਲੇ ਹੁਕਮਾਂ ਤੱਕ ਅੰਦਰ ਰਹਿਣ ਦੀ ਤਾਕੀਦ ਕੀਤੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੇ ਲੋਕਾਂ ਨੂੰ ਆਪਣੀ ਸਰਕਾਰ ਦਾ ਤਖ਼ਤਾ ਪਲਟ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਪੋਸਟ ’ਚ ਦਾਅਵਾ ਕੀਤਾ ਕਿ ਇਰਾਨ ਪਰਮਾਣੂ ਹਥਿਆਰ ਅਤੇ ਮਿਜ਼ਾਈਲ ਪ੍ਰਣਾਲੀਆਂ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜੋ ਅਮਰੀਕਾ ਤੱਕ ਪਹੁੰਚ ਸਕਦੀਆਂ ਸਨ। ਟਰੰਪ ਨੇ ਮੰਨਿਆ ਕਿ ਇਰਾਨ ’ਤੇ ਹਮਲਿਆਂ ਮਗਰੋਂ ਅਮਰੀਕੀਆਂ ਨੂੰ ਜਾਨੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਇਰਾਨੀ ਰੈਵੋਲਿਊਸ਼ਨਰੀ ਗਾਰਡ ਨੂੰ ਹਥਿਆਰ ਸੁੱਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਜਿਹਾ ਕਰਨ ’ਤੇ ਜਵਾਨਾਂ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਹ ਸਾਂਝਾ ਹਮਲਾ ਇਰਾਨ ਤੋਂ ਪੈਦਾ ਹੋਏ ਖਤਰੇ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਹੈ। ਇਰਾਨੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਆਪਣੀ ਜਨਮ ਭੂਮੀ ਦੀ ਰੱਖਿਆ ਅਤੇ ਦੁਸ਼ਮਣ ਫ਼ੌਜ ਦੇ ਹਮਲੇ ਦਾ ਟਾਕਰਾ ਕਰਨ ਤੋਂ ਪਿੱਛੇ ਨਹੀਂ ਹਟਣਗੇ। ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਇਰਾਨ ਨੇ ਸਵੈ ਰੱਖਿਆ ਲਈ ਜਵਾਬੀ ਹਮਲੇ ਕੀਤੇ ਹਨ ਅਤੇ ਉਹ ਯੂਰੇਨੀਅਮ ਸੋਧਣ ਸਮੇਤ ਆਪਣੇ ਹੋਰ ਹੱਕਾਂ ਨੂੰ ਨਹੀਂ ਛੱਡਣਗੇ। ਉਨ੍ਹਾਂ ਮੁਲਕ ਦੇ ਇਕ ਜਾਂ ਦੋ ਕਮਾਂਡਰ ਮਾਰੇ ਜਾਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਬਾਕੀ ਸਾਰੇ ਅਧਿਕਾਰੀ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਜਾਣਦਾ ਹੈ ਕਿ ਇਰਾਨ ਨਾਲ ਕਿਵੇਂ ਗੱਲਬਾਤ ਕੀਤੀ ਜਾਵੇ। ਅਰਾਗਚੀ ਨੇ ਕਿਹਾ ਕਿ ਇਰਾਨ ਦੀ ਹਕੂਮਤ ’ਚ ਬਦਲਾਅ ਦਾ ਅਮਰੀਕਾ ਦਾ ਮਿਸ਼ਨ ਅਸੰਭਵ ਹੈ। ਯਮਨ ’ਚ ਇਰਾਨ ਪੱਖੀ ਹੂਤੀਆਂ ਨੇ ਇਜ਼ਰਾਈਲ ਅਤੇ ਲਾਲ ਸਾਗਰ ’ਚ ਜਹਾਜ਼ਾਂ ’ਤੇ ਹਮਲੇ ਕਰਨ ਦਾ ਅਹਿਦ ਲਿਆ ਹੈ। ਹਮਲਿਆਂ ਮਗਰੋਂ ਤਹਿਰਾਨ ਦੇ ਬਾਹਰਵਾਰ ਖਮੇਨੇਈ ਦੇ ਟਿਕਾਣੇ ਵੱਲ ਨੂੰ ਜਾਂਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ। ਇਜ਼ਰਾਈਲ ਵੱਲੋਂ ਇਰਾਨ ਦੇ ਫ਼ੌਜੀ, ਸਰਕਾਰੀ ਅਤੇ ਖ਼ੁਫ਼ੀਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।