ਸ਼੍ਰੋਮਣੀ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ ‘ਯਾਦਾਂ ਦਾ ਦਰਪਣ’ ਹੋਈ ਲੋਕ ਅਰਪਣ

ਸਾਹਿਤ ਚੰਡੀਗੜ੍ਹ ਪੰਜਾਬ

ਭੁੱਲਰ ਦੀ ਸਵੈ ਜੀਵਨੀ ਨਵੇਂ ਪੱਤਰਕਾਰਾਂ ਲਈ ਮਾਰਗਦਰਸ਼ਕ : ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ 4 ਮਾਰਚ ,ਬੋਲੇ ਪੰਜਾਬ ਬਿਊਰੋ:

ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਸ਼੍ਰੋਮਣੀ ਪੱਤਰਕਾਰ ਸਵਰਗੀ ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ ‘ਯਾਦਾਂ ਦਾ ਦਰਪਣ’ ਨੂੰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਇਕ ਭਰਵੇਂ ਸਮਾਗਮ ਵਿਚ ਰਿਲੀਜ਼ ਕੀਤਾ, ਜਿਸ ’ਚ ਵੱਡੀ ਗਿਣਤੀ ’ਚ ਪੱਤਰਕਾਰਾਂ, ਸਾਹਿਤਕਾਰਾਂ, ਬੁੱਧੀਜੀਵੀਆਂ, ਭੁੱਲਰ ਪਰਿਵਾਰ ਦੇ ਮੈਂਬਰਾਂ ਅਤੇ ਮਿੱਤਰਾਂ ਨੇ ਹਿੱਸਾ ਲਿਆ। ਲੋਕ-ਅਰਪਣ ਮੌਕੇ ਪ੍ਰਧਾਨਗੀ ਮੰਡਲ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਉੱਘੇ ਖੇਡ ਪੱਤਰਕਾਰ ਅਤੇ ਲੇਖਕ ਪ੍ਰਿੰ: ਸਰਵਣ ਸਿੰਘ, ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ, ਸੀਨੀਅਰ ਪੱਤਰਕਾਰ ਬਲਜੀਤ ਬੱਲੀ, ਪੁਸਤਕ ਦੇ ਸੰਪਾਦਕ ਡਾ. ਬਲਵਿੰਦਰ ਸਿੰਘ ਥਿੰਦ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਤੋਂ ਇਲਾਵਾ ਮਰਹੂਮ ਸ਼ੰਗਾਰਾ ਸਿੰਘ ਭੁੱਲਰ ਦੇ ਪਰਿਵਾਰਕ ਮੈਂਬਰਾਂ ਸਰਦਾਰਨੀ ਅਮਰਜੀਤ ਕੌਰ ਭੁੱਲਰ, ਚੇਤਨਪਾਲ ਸਿੰਘ ਭੁੱਲਰ, ਰਮਣੀਕ ਸਿੰਘ ਅਤੇ ਗੁਰਪ੍ਰਤਾਪ ਸਿੰਘ ਰਿਆੜ ਨੇ ਮੌਜੂਦਗੀ ਦਰਜ ਕਰਵਾਈ। ਸਵਾਗਤੀ ਸ਼ਬਦਾਂ ਵਿਚ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਸ਼ੰਗਾਰਾ ਸਿੰਘ ਭੁੱਲਰ ਦਾ ਜੀਵਨ ਆਉਂਦੀ ਪੀੜ੍ਹੀ ਦੇ ਪੱਤਰਕਾਰਾਂ ਵਾਸਤੇ ਰਾਹ ਦਸੇਰਾ ਸੀ। ਮੰਚ ਸੰਚਾਲਨ ਕਰਦਿਆਂ ਭੁਪਿੰਦਰ ਸਿੰਘ ਮਲਿਕ ਨੇ ਇਸ ਪੁਸਤਕ ਨੂੰ ਪ੍ਰੇਰਨਾ, ਸਾਦਗੀ ਅਤੇ ਨਿਸ਼ਠਾ ਦਾ ਅਹਿਮ ਦਸਤਾਵੇਜ਼ ਦੱਸਿਆ।
ਮੁੱਖ ਮਹਿਮਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬੀ ਪੱਤਰਕਾਰੀ ਵਿਚ ਸ਼ੰਗਾਰਾ ਸਿੰਘ ਭੁੱਲਰ ਦਾ ਨਾਮ ਬਹੁਤ ਅਦਬ ਅਤੇ ਸਤਿਕਾਰ ਰੱਖਦਾ ਹੈ। ਡਾ. ਬਲਵਿੰਦਰ ਸਿੰਘ ਥਿੰਦ ਨੇ ਕਿਹਾ ਕਿ ਉਨ੍ਹਾਂ ਦਾ ਇਹ ਉੱਦਮ ਅਸਲ ਵਿਚ ਸ਼ੰਗਾਰਾ ਸਿੰਘ ਭੁੱਲਰ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਇਕ ਸਿਜਦਾ ਹੈ। ਸੰਧਵਾਂ ਨੇ ਕਿਹਾ ਕਿ ਅਜੋਕੇ ਦੌਰ ਵਿਚ ਪੱਤਰਕਾਰਤਾ ਦੀ ਸਮਝ ਕਿਤੇ ਨਾ ਕਿਤੇ ਘਟਦੀ ਜਾ ਰਹੀ ਹੈ ਅਤੇ ਭਾਸ਼ਾ ਦਾ ਮਿਆਰ ਵੀ ਡਿੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਕੁਝ ਪੱਤਰਕਾਰ ਗਾਲੀ-ਗਲੌਚ ਨੂੰ ਵੀ ਆਮ ਸਮਝਣ ਲੱਗ ਪਏ ਹਨ, ਜੋ ਕਿ ਚਿੰਤਾਜਨਕ ਗੱਲ ਹੈ।


ਸੰਧਵਾਂ ਨੇ ਕਿਹਾ ਕਿ ਸਵਰਗੀ ਸ਼ੰਗਾਰਾ ਸਿੰਘ ਭੁੱਲਰ ਨੇ ਔਖੇ ਸਮਿਆਂ ਵਿਚ ਵੀ ਸ਼ਾਨਦਾਰ ਕੰਮ ਕੀਤਾ ਅਤੇ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਰੱਖਿਆ। ਉਨ੍ਹਾਂ ਨੇ ਦੱਸਿਆ ਕਿ ਭੁੱਲਰ ਦਾ ਪੰਜਾਬੀ ਸਾਹਿਤ ਅਤੇ ਪੱਤਰਕਾਰਤਾ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਪੱਤਰਕਾਰ ਅਕਸਰ ਆਪਣੇ ਬਾਰੇ ਘੱਟ ਅਤੇ ਸਮਾਜ ਅਤੇ ਸਮਾਜਿਕ ਸਮੱਸਿਆਵਾਂ ਬਾਰੇ ਵੱਧ ਲਿਖਦਾ ਹੈ, ਜੋ ਉਸ ਦੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਭੁੱਲਰ ਦੀ ਸਵੈ ਜੀਵਨੀ ਨਵੇਂ ਪੱਤਰਕਾਰਾਂ ਲਈ ਨੈਤਿਕ ਅਸੂਲਾਂ ਦਾ ਮਾਰਗਦਰਸ਼ਨ ਸਾਬਤ ਹੋਵੇਗੀ। ਸੋਸ਼ਲ ਮੀਡੀਆ ਦੇ ਯੁੱਗ ਵਿਚ ਖ਼ਬਰਾਂ ਦੀ ਰਫ਼ਤਾਰ ਤਾਂ ਵਧ ਗਈ ਹੈ, ਪਰ ਖ਼ਬਰਾਂ ਵਿਚ ਡੂੰਘਾਈ ਘੱਟ ਰਹਿ ਗਈ ਹੈ। ਇਸ ਲਈ ਅੱਜ ਦੇ ਸਮੇਂ ਵਿਚ ਸਾਰਥਕ ਅਤੇ ਜ਼ਿੰਮੇਵਾਰ ਪੱਤਰਕਾਰਤਾ ਦੀ ਬਹੁਤ ਲੋੜ ਹੈ। ਉਨ੍ਹਾਂ ਨੇ ਸਾਰਿਆਂ ਨੂੰ ਮਾਂ ਬੋਲੀ ਦੀ ਸੇਵਾ ਕਰਨ ਅਤੇ ਉਸ ਦੀ ਪ੍ਰਗਤੀ ਲਈ ਅਹਿਦ ਲੈਣ ਦੀ ਪ੍ਰੇਰਣਾ ਦਿੱਤੀ।
ਨਿੰਦਰ ਘੁਗਿਆਣਵੀ ਨੇ ਕਿਹਾ ਕਿ ਸਾਹਿਤ ਖੇਤਰ ਵਿਚ ਉਨ੍ਹਾਂ ਨੇ ਪਹਿਲਾ ਪੈਰ ਸ਼ੰਗਾਰਾ ਸਿੰਘ ਭੁੱਲਰ ਦੀ ਬਦੌਲਤ ਹੀ ਰੱਖਿਆ। ਬਲਜੀਤ ਬੱਲੀ ਨੇ ਕਿਹਾ ਕਿ ਉਸ ਵੇਲੇ ਦੀਆਂ ਚੁਣੌਤੀਆਂ ਨੂੰ ਨਿਡਰਤਾ ਨਾਲ ਕਬੂਲਦਿਆਂ ਪੰਜਾਬੀ ਪੱਤਰਕਾਰੀ ਦੇ ਉਹ ਸ਼ਾਹ-ਅਸਵਾਰ ਬਣੇ। ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਖੇਡ ਪੱਤਰਕਾਰ ਨਵਦੀਪ ਗਿੱਲ ਨੇ ਕਿਹਾ ਕਿ ਭੁੱਲਰ ਨੇ ਕਈ ਪੱਤਰਕਾਰਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੇ ਸਾਥੀ ਰਹੇ ਹਰਬੰਸ ਸੋਢੀ ਨੇ ਕਈ ਵਾਕਿਆਤ ਸਾਂਝੇ ਕੀਤੇ। ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਕਿਹਾ ਕਿ ਪੱਤਰਕਾਰੀ ਦੇ ਮੁੱਢਲੇ ਅਸੂਲ ਉਨ੍ਹਾਂ ਨੇ ਸ਼ੰਗਾਰਾ ਸਿੰਘ ਭੁੱਲਰ ਕੋਲੋਂ ਹੀ ਸਿੱਖੇ। ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਭੁੱਲਰ ਦੀ ਸ਼ਖ਼ਸੀਅਤ ਇਖਲਾਕ਼ੀ ਕਦਰਾਂ ਕੀਮਤਾਂ ਦੀ ਬਾਕਮਾਲ ਉਦਹਾਰਣ ਸੀ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਉਹ ਸਾਹਿਤ ਅਤੇ ਪੰਜਾਬੀ ਪੱਤਰਕਾਰੀ ਦਾ ਖ਼ੂਬਸੂਰਤ ਸੁਮੇਲ ਸਨ। ਉੱਘੇ ਪੱਤਰਕਾਰ ਜਗਤਾਰ ਭੁੱਲਰ ਨੇ ਆਖਿਆ ਕਿ ਉਹ ਹਮੇਸ਼ਾ ਆਪਣੇ ਨਾਲ ਕੰਮ ਕਰਦੇ ਪੱਤਰਕਾਰਾਂ ਦੀ ਸੁਹਿਰਦਤਾ ਦੀ ਪਛਾਣ ਕਰਦਿਆਂ ਚੰਗੀ ਸਲਾਹ ਦੇ ਕੇ ਹੋਰ ਨਿਖਾਰਦੇ ਸਨ। ਡਾ. ਸੁਰਿੰਦਰ ਗਿੱਲ ਅਤੇ ਰਜਿੰਦਰ ਕੌਰ ਨੇ ਸ਼ੰਗਾਰਾ ਸਿੰਘ ਭੁੱਲਰ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਗੱਲਾਂ ਦੱਸੀਆਂ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪਾਸਾਰ ਵਿਚ ਉਨ੍ਹਾਂ ਦਾ ਯੋਗਦਾਨ ਬੇਹਤਰੀਨ ਹੈ।
ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਗੁਰਪ੍ਰਤਾਪ ਸਿੰਘ ਰਿਆੜ ਨੇ ਕਿਹਾ ਕਿ ਸ਼ੰਗਾਰਾ ਸਿੰਘ ਭੁੱਲਰ ਇਕ ਮਾਣ-ਮੱਤੀ ਸ਼ਖ਼ਸੀਅਤ ਸਨ। 9 ਜਨਵਰੀ 1946 ਨੂੰ ਜਨਮੇ ਸ਼ੰਗਾਰਾ ਸਿੰਘ ਭੁੱਲਰ ਦਾ 73 ਸਾਲ ਦੀ ਉਮਰ ਵਿਚ 11 ਦਸੰਬਰ 2019 ਨੂੰ ਕੈਂਸਰ ਦੀ ਬਿਮਾਰੀ ਹੱਥੋਂ ਹਾਰਦਿਆਂ ਦੇਹਾਂਤ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਸ਼ੰਗਾਰਾ ਸਿੰਘ ਭੁੱਲਰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਵੀ ਰਹੇ ਸਨ। ਅੱਜ ਦੇ ਇਸ ਸਮਾਗਮ ਵਿਚ ਉਪਰੋਕਤ ਨਾਵਾਂ ਤੋਂ ਇਲਾਵਾ ਜਿਨ੍ਹਾਂ ਦੀ ਹਾਜ਼ਰੀ ਅਹਿਮ ਰਹੀ, ਉਨ੍ਹਾਂ ਵਿਚ ਬਲਕਾਰ ਸਿੱਧੂ, ਕੈਪਟਨ ਨਰਿੰਦਰ ਸਿੰਘ ਆਈਏਐੱਸ, ਜੈ ਸਿੰਘ ਛਿੱਬਰ, ਰਜਿੰਦਰ ਪਾਲ ਸਿੰਘ, ਬਲਵਿੰਦਰ ਸਿੰਘ ਉੱਤਮ, ਡਾ. ਤਰਲੋਚਨ ਸਿੰਘ ਸੇਠੀ, ਪਾਲ ਅਜਨਬੀ, ਭੁਪਿੰਦਰ ਸਾਂਬਰ, ਹਰਮਿੰਦਰ ਕਾਲੜਾ, ਲਾਭ ਸਿੰਘ ਬਰਾੜ, ਗੁਰਜੀਤ ਕੌਰ, ਨਵਦੀਪ ਪਾਲ ਕੌਰ, ਪਰਿਤੋਸ਼ ਗੁਪਤਾ, ਯੋਗੇਸ਼ ਗੁਪਤਾ, ਸਰੋਜ ਬਾਲਾ, ਨਿਰਪਾਲ ਸਿੰਘ ਰੰਧਾਵਾ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਰਜਨੀ ਸ਼ਰਮਾ, ਰਾਜ ਕੁਮਾਰੀ, ਪਰਵੀਨ ਕੌਰ, ਕੁਲਵਿੰਦਰਜੀਤ ਸਿੰਘ, ਨਿਰਮਲ ਸਿੰਘ, ਮਲਕੀਤ ਸਿੰਘ ਥਿੰਦ, ਅਜਾਇਬ ਸਿੰਘ ਔਜਲਾ, ਰਣਦੀਪ ਸਿੰਘ ਆਹਲੂਵਾਲੀਆ, ਸੁਰਜੀਤ ਸਿੰਘ ਧੀਰ, ਰਜਿੰਦਰ ਕੌਰ ਸਰਾਂ, ਗੁਰਮੀਤ ਖਰੜ, ਇੰਸਪੈਕਟਰ ਰਾਮ ਦਿਆਲ, ਤੇਜਿੰਦਰ ਕੌਰ ਥਿੰਦ, ਕਿਰਨਦੀਪ ਕੌਰ, ਜੋਗਿੰਦਰ ਕੁਮਾਰ, ਜਗਰੂਪ ਸਿੰਘ, ਸਿਮਰਨ, ਬਲਜੀਤ ਸਿੰਘ ਗਿੱਲ, ਕੁਲਬੀਰ ਸਿੰਘ, ਸਤੀਸ਼ ਰਤਨ, ਪ੍ਰੋ. ਨਾਨਕ ਸਿੰਘ ਮਾਹਲ, ਕੇਵਲ ਕ੍ਰਿਸ਼ਨ ਸ਼ਰਮਾ, ਤਰੁਣ ਭਜਨੀ, ਚਰਨਜੀਤ ਭੁੱਲਰ, ਸੌਰਵ ਦੁੱਗਲ, ਸੁਖਵਿੰਦਰ ਸਿੰਘ, ਚਰਨਜੀਤ ਕੌਰ ਬਾਠ, ਕੁਲਵੰਤ ਸਿੰਘ ਸੰਧੂ, ਹਰਚਰਨ ਸਿੰਘ ਗਰੇਵਾਲ, ਸੁਰਮੁਖ ਸਿੰਘ, ਸੁੱਚਾ ਸਿੰਘ ਬੁੱਟਰ, ਕੰਵਲਜੀਤ ਕੌਰ, ਗੋਬਿੰਦਰ ਸਿੰਘ, ਜਸਵਿੰਦਰ ਸਿੰਘ, ਬਲਬੀਰ ਸਿੰਘ, ਲਾਭ ਸਿੰਘ ਲਹਿਲੀ, ਸਵੈਰਾਜ ਸੰਧੂ, ਪਰਮਿੰਦਰ ਸਿੰਘ ਗਿੱਲ, ਡਾ. ਸਾਹਿਬ ਸਿੰਘ ਅਰਸ਼ੀ, ਸੰਜੇ ਸ਼ਰਮਾ, ਪਰਮਜੀਤ ਸਿੰਘ, ਪ੍ਰਵੇਸ਼ ਚੌਹਾਨ, ਹਰਸ਼ਬਾਬ ਸਿੰਘ, ਧਰਮਪਾਲ ਰਾਣਾ, ਡਾ. ਅਰਵਿੰਦਰ ਸਾਂਬਰ, ਦਿਨੇਸ਼ ਜੋਸ਼ੀ, ਜਸਵਿੰਦਰ ਕੌਰ, ਗੁਰਮੀਤ ਸਿੰਘ ਗੋਲਾਂ, ਪੱਤਰਕਾਰ ਕੇਪੀ ਸਿੰਘ, ਸੁਖਦੇਵ ਸਿੰਘ ਕਾਹਲੋਂ, ਉਪਿੰਦਰ ਸਿੰਘ ਲਾਂਬਾ, ਸੁਖਦੇਵ ਸਿੰਘ, ਪੱਤਰਕਾਰ ਦਵਿੰਦਰ ਸਿੰਘ ਕੋਹਲੀ, ਨਰਪਾਲ ਸਿੰਘ ਸ਼ੇਰਗਿੱਲ, ਉਜਾਗਰ ਸਿੰਘ ਡੀਪੀਆਰਓ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ, ਭਗਵਾਨ ਦਾਸ ਗੁਪਤਾ, ਰਾਜੀਵ ਕੁਮਾਰ ਵਸਿਸ਼ਟ, ਗਗਨਦੀਪ ਸਿੰਘ ਧਾਲੀਵਾਲ, ਜਸਵੀਰ ਸਮਰ, ਜੋਗਿੰਦਰ ਸਿੰਘ ਜੱਗਾ, ਮਨਜੀਤ ਕੌਰ ਮੁਹਾਲੀ, ਗੁਰਪ੍ਰੀਤ ਖੋਖਰ, ਮਨਜੀਤ ਸਿੰਘ, ਸੰਤੋਸ਼, ਏਕਤਾ, ਵਰਿੰਦਰ ਚੱਠਾ, ਵਿਸ਼ਾਲ ਸ਼ਰਮਾ, ਬਲਦੇਵ ਸਿੰਘ (ਸਪਤਰਿਸ਼ੀ ਪ੍ਰਕਾਸ਼ਨ) ਹਰੀਸ਼ ਕੁਮਾਰ, ਪੱਤਰਕਾਰ ਜਗਦੀਸ਼ ਥਿੰਦ, ਦਿਵਿੰਦਰਜੀਤ ਸਿੰਘ ਦਰਸ਼ੀ, ਗਗਨਦੀਪ ਸਿੰਘ, ਸਪਨਦੀਪ ਸਿੰਘ ਅਤੇ ਮਨਮੋਹਨ ਸ਼ਰਮਾ ਦੇ ਨਾਮ ਕਾਬਿਲੇ ਗ਼ੌਰ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।