8 ਮਾਰਚ ਨੂੰ ਅੰਤਿਮ ਅਰਦਾਸ ਵਿਸ਼ੇਸ਼
ਤੁਰ ਗਿਆ ਪੁਰਾਤਨ ਸੰਗੀਤਕ ਖ਼ਜਾਨੇ ਦਾ ਰਾਖਾ
‘ਗੁਰਮੁੱਖ ਸਿੰਘ ਲਾਲੀ’
ਮਨੁੱਖ ਮੁੱਢ -ਕਦੀਮੋ ਹੀ ਜ਼ਿੰਦਗੀ ਦਾ ਆਸ਼ਕ ਰਿਹਾ ਹੈ। ਆਪਣੇ ਸ਼ੌਂਕ ਲਈ ਬੰਦਾ ਕੀ-ਕੀ ਨਹੀਂ ਕਰਦਾ। ਹਿੰਮਤ ਅਤੇ ਲਗਨ ਵਾਲਾ ਜਨੂੰਨੀ ਇਨਸਾਨ ਹਰ ਅਸੰਭਵ ਨੂੰ ਸੰਭਵ ਕਰਕੇ ਹੀ ਸਾਹ ਲੈਂਦਾ ਹੈ। ਅਜਿਹੇ ਜਨੂਨੀ ਬੰਦੇ, ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ। ਉਹ ਮਸਤ ਚਾਲੇ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਹਨ।
ਸੰਗੀਤ ਦੇ ਬਦਲੇ ਦੌਰ ਵਿੱਚ ਕਦੇ ਤਵਿਆਂ ਦਾ ਯੁੱਗ ਹੁੰਦਾ ਸੀ ਫਿਰ ਕੈਸਟਾਂ, ਸੀ ਡੀ, ਪੈਨ ਡਰਾਇਵ ਤੇ ਯੂ ਟਿਊਬ ਦੌਰ ਚੱਲਿਆ। ਗੁਰਮੁੱਖ ਸਿੰਘ ਲਾਲੀ ਨੇ ਸੰਗੀਤ ਦੇ ਉਸ ਦੌਰ ਨੂੰ ਸੰਭਾਲਿਆ ਜਿਸ ਬਾਰੇ ਅੱਜ ਦੀ ਨਵੀਂ ਪਨੀਰੀ ਅਨਜਾਣ ਹੈ । ਗੁਰਮੁਖ ਸਿੰਘ ਲਾਲੀ ਨੇ ਪੰਜਾਬੀ ਸੰਗੀਤ ਦੇ ਬਦਲਦੇ ਦੌਰ ਦੀਆਂ ਵੱਖ-ਵੱਖ ਵੰਨਗੀਆਂ ਇਕੱਤਰ ਕਰ ਇੱਕ ਵੱਡੀ ਸੰਗੀਤਕ ਲਾਇਬਰੇਰੀ ਵਿੱਚ ਸੰਭਾਲਣ ਦਾ ਯਤਨ ਕੀਤਾ। ਜਿਸ ਦਾ ਮੰਤਵ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੁਰਾਤਨ ਸੰਗੀਤ ਨਾਲ ਜੋੜਣਾ ਹੈ।

ਅਕਸਰ ਵੇਖਦੇ ਹਾਂ ਕਿ ਪੁਸਤਕਾਂ ਦੀਆਂ ਲਾਈਬ੍ਰੇਰੀਆਂ ਤਾਂ ਹਰੇਕ ਪਿੰਡ,ਸ਼ਹਿਰ, ਕਾਲਜ, ਯੂਨੀਵਰਸਿਟੀ ਵਿੱਚ ਹੁੰਦੀਆਂ ਹਨ ਪਰ ਰੂਹ ਨੂੰ ਸਕੂਨ ਦੇਣ ਵਾਲੀਆਂ ਸੰਗੀਤਕ ਲਾਇਬ੍ਰੇਰੀਆਂ ਕਿਤੇ ਵੀ ਨਹੀਂ ਮਿਲਦੀਆਂ। ਗੁਰਮੁੱਖ ਸਿੰਘ ਲਾਲੀ ਨੇ ਆਪਣੇ ਮਰਹੂਮ ਪਿਤਾ ਜੀ ਦੀ ਯਾਦ ਵਿੱਚ ਜਥੇਦਾਰ ਪ੍ਰਗਟ ਸਿੰਘ ਪੰਜਾਬੀ ਸੰਗੀਤਕ ਲਾਇਬ੍ਰੇਰੀ ਦੀ ਸੰਥਾਪਣਾ ਕੀਤੀ, ਜਿਸ ਵਿੱਚ ਪੱਚੀ ਹਜ਼ਾਰ ਤੋਂ ਵੱਧ ਰਿਕਾਰਡ ਤਵੇ, ਦਰਜਨਾਂ ਗਰਾਮੋਫੋਨ ਮਸ਼ੀਨਾਂ, ਰਿਕਾਰਡ ਪਲੇਅਰ, ਵੱਖ-ਵੱਖ ਦੇਸ਼ਾਂ ਦੇ ਬਣੇ ਮਹਿੰਗੇ ਰੇਡੀਓ ਸੈਟ ਅਤੇ ਸੰਗੀਤ ਜਗਤ ਨਾਲ ਹੋਰ ਅਨੇਕਾਂ ਵੱਡਮੁੱਲੀਆਂ ਦੁਰਲੱਭ ਚੀਜ਼ਾਂ ਮੌਜੂਦ ਹਨ।
ਆਮ ਪ੍ਰਚੱਤ ਗਾਇਕਾਂ ਤੋਂ ਇਲਾਵਾ ਇਸ ਲਾਇਬ੍ਰੇਰੀ ਵਿਚ ਉਹ ਗਾਇਕਾਂ ਦੇ ਗੀਤ ਵੀ ਹਨ ਜੋ ਵੰਡ ਤੋਂ ਕਿਤੇ ਪਹਿਲਾਂ ਦੇ ਹਨ। ਪਾਕਿਸਤਾਨ ਦੇ ਮੁੱਢਲੇ ਗਵੱਈਏ, ਢਾਡੀ, ਗਜ਼ਲਗੋ ਦੀਆਂ ਦੁਰਲੱਭ ਰਿਕਾਰਡਿੰਗਾਂ ਇਸ ਲਾਇਬ੍ਰੇਰੀ ਵਿੱਚ ਸੁਣੀਆਂ ਜਾ ਸਕਦੀਆਂ ਹਨ। ਸਾਡੇ ਅੱਜ ਦੇ ਸਰੋਤੇ ਲਾਲ ਚੰਦ ਯਮਲਾ, ਕੁਲਦੀਪ ਮਾਣਕ, ਚਾਂਦੀ ਰਾਮ ਚਾਂਦੀ ਦੀ ਗਾਇਕੀ ਤੋਂ ਪਹਿਲਾਂ ਦੇ ਗਾਇਕਾਂ ਨੂੰ ਨਹੀਂ ਜਾਣਦੇ ਹੋਣਗੇ ਪਰ ਲਾਲੀ ਦੀ ਇਸ ਲਾਇਬਰੇਰੀ ਵਿੱਚ ਆ ਕੇ ਉਸਨੂੰ ਅਜਿਹੇ ਗਾਇਕਾਂ ਦੇ ਗੀਤ ਵੀ ਸੁਣਨ ਨੂੰ ਮਿਲਣਗੇ ਜਿਸ ਬਾਰੇ ਕਿਸੇ ਨੇ ਸੁਣਿਆ ਵੀ ਨਹੀਂ ਹੋਵੇਗਾ।
ਗੁਰਮੁੱਖ ਸਿੰਘ ਲਾਲੀ ਦੇ ਪਿਤਾ ਜੀ ਜਥੇਦਾਰ ਪ੍ਰਗਟ ਸਿੰਘ ਸਿਆਸੀ ਬੰਦੇ ਸੀ। ਉਹ ਅਖਬਾਰਾਂ ਦੇ ਨਾਲ ਨਾਲ ਰੇਡੀਓ ਤੋਂ ਖਬਰਾਂ ਸੁਣਦੇ ਰਹਿੰਦੇ ਸੀ। ਇਸੇ ਰੇਡੀਓ ਤੋਂ ਲਾਲੀ ਨੂੰ ਗੀਤ ਸੁਣਨ ਦਾ ਭੁਸ ਪੈ ਗਿਆ। ਜਵਾਨੀ ਉਮਰੇ ਲਾਲੀ ਨੂੰ ਗੀਤਾਂ ਦੀਆਂ ਕੈਸਟਾਂ ਲਿਆ ਕੇ ਟੇਪ ਰਿਕਾਰਡ ‘ਚ ਸੁਣਨਾ ਚੰਗਾ ਲੱਗਦਾ ਸੀ। ਉਸਨੇ ਨਵੇਂ ਪੁਰਾਣੇ ਗਾਇਕਾਂ ਦੀਆਂ ਅਨੇਕਾਂ ਕੈਸਟਾਂ ਲਿਆਂਦੀਆਂ ਪਰ ਕੁਝ ਸਮੇਂ ਬਾਅਦ ਇਸਦਾ ਫੀਤਾ ਖਰਾਬ ਹੋ ਜਾਂਦਾ ਅਤੇ ਉਸਨੂੰ ਮੁੜ ਰਿਕਾਰਡ ਕਰਾਉਣਾ ਪੈਂਦਾ।
ਲਾਲੀ ਨੇ ਆਪਣੇ ਇਹ ਸੰਗੀਤ ਭੰਡਾਰ ਦੀ ਸ਼ੁਰੂਆਤ 1977 ਵਿੱਚ ਕੀਤੀ ਪਹਿਲਾਂ ਪਹਿਲ ਉਸਨੇ ਕੈਸਟਾਂ ਇਕੱਤਰ ਕੀਤੀਆਂ ਜੋ ਹਿੰਦੀ ਅਤੇ ਪੰਜਾਬੀ ਦੀਆਂ ਸਨ ਬਾਅਦ ਵਿੱਚ ਉਸਨੇ ਰਿਕਾਰਡ ਪਲੇਅਰ ਅਤੇ ਰਿਕਾਰਡ ਇਕੱਠੇ ਕਰਨੇ ਸ਼ੁਰੂ ਕੀਤੇ।ਨਿੱਤ-ਨਵੇਂ ਤਵਿਆਂ ਦੀ ਚੇਟਕ ਉਸ ਨੂੰ ਹਰੇਕ ਛੋਟੀ ਵੱਡੀ ਦੁਕਾਨ ਤੱਕ ਲੈ ਗਈ। ਹੌਲੀ ਹੌਲੀ ਇਹ ਸਿਲਸਿਲਾ ਵੱਧਦਾ ਗਿਆ ਤਾਂ ਘਰੋਂ ਲਾਲੀ ਦੇ ਇਸ ਸ਼ੌਂਕ ਨੂੰ ਝਿੜਕਾਂ ਪੈਣ ਲੱਗੀਆਂ। ਫਿਰ ਜਦ ਉਸਦੀ ਨੌਕਰੀ ਲੱਗੀ ਤਾਂ ਉਸਨੇ ਕਿਸੇ ਦੀ ਪਰਵਾਹ ਨਾ ਕੀਤੀ ਉਹ ਆਪਣੇ ਇਸ ਸ਼ੌਂਕ ਦੀ ਪੂਰਤੀ ਲਈ ਦੂਰ-ਦੁਰਾਡੇ ਜਾਣ ਲੱਗਿਆ। ਉਸਦੇ ਇਹ ਹਾਲਾਤ ਵੇਖ ਬਹੁਤੇ ਲੋਕਾਂ ਨੇ ਘਰ ਫੂਕ ਤਮਾਸ਼ਾ ਵੇਖਣਾ ਕਿਹਾ ਕਿਉਂਕਿ ਉਹ ਆਪਣੀ ਅੱਧੀ ਤੋਂ ਵੱਧ ਤਨਖਾਹ ਇਸ ਸ਼ੌਂਕ ਵਿੱਚ ਹੀ ਖ਼ਰਚ ਦਿੰਦਾ ਸੀ ਪਰ ਅੱਜ ਉਸ ਦੀ ਵਿਸ਼ਾਲ ਲਾਈਬ੍ਰੇਰੀ ਵਿੱਚ ਪਏ ਪੁਰਾਣੇ ਸੰਗੀਤ ਦੇ ਮਾਸਟਰਪੀਸ ਤਵੇ ਹੀ ਉਸਦੀ ਉਮਰ ਭਰ ਦੀ ਕਮਾਈ ਹਨ। ਉਸ ਕੋਲ 1902 ਤੋਂ ਲੈ ਕੇ ਹੁਣ ਤੱਕ ਦੇ ਤਕਰੀਬਨ ਸਾਰੇ ਹੀ ਗਾਇਕਾਂ ਦੇ ਰਿਕਾਰਡ ਹਨ ਜੋ ਕਿ ਸੰਗੀਤ ਜਗਤ ਦੀ ਕਰੀਮ ਕਹਿ ਸਕਦੇ ਹਾਂ ਪਰ ਇਹ ਉਹ ਗੀਤ ਹਨ ਜੋ ਕਿ ਸਾਡੇ ਸਰੋਤਿਆਂ ਨੂੰ, ਸਾਡੇ ਸਮਾਜ ਨੂੰ ਕੋਈ ਸੇਧ ਦੇਣ ਵਾਲੀਆਂ ਗੱਲਾਂ ਕਹਿੰਦੇ ਹਨ। ਭਾਈ ਸ਼ੈਲਾ ਜੀ, ਰਿਪਦੁਮਨ ਸ਼ੈਲੀ,ਜੀਨਤ ਬੇਗਮ,ਭਾਈ ਆਗਾ ਫ਼ੈਜ਼,ਭਾਈ ਕੱਲ੍ਹੂ ਜੀ, ਭਾਈ ਲੱਭੂ ,ਢਾਡੀ ਇਮਾਨਦੀਨ, ਵਰਗੇ ਅਨੇਕਾਂ ਪੁਰਾਣੇ ਗਾਇਕਾਂ ਦੇ ਰਿਕਾਰਡ ਤਵੇ ਉਸਦੀ ਲਾਇਬਰੇਰੀ ਦੇ ਵਿੱਚ ਸੰਭਾਲੇ ਹੋਏ ਹਨ। ਇਹ ਗੀਤ ਉਸਦੀ ਮੁੱਢਲੀ ਖੋਜ ਹਨ। ਇਸ ਤੋਂ ਇਲਾਵਾ ਪਹਿਲੀ ਕਲੀ ਗਾਉਣ ਵਾਲੇ ਅੱਲਾ ਦੱਤਾ ਪਾਰਟੀ ਦੀ ਸੌ ਸਾਲ ਪੁਰਾਣੀ ਕਲੀ ਦਾ ਰਿਕਾਰਡ ਵੀ ਲਾਲੀ ਕੋਲ ਸੰਭਾਲਿਆ ਪਿਆ ਹੈ। ਸੰਗੀਤ ਤੋਂ ਇਲਾਵਾ ਇਸ ਲਾਇਬ੍ਰੇਰੀ ਵਿੱਚ ਨਾਮੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ, ਪਾਸ਼, ਸੰਤ ਰਾਮ ਉਦਾਸੀ ਵਰਗੇ ਮਹਾਨ ਲੇਖਕਾਂ ਦੀਆਂ ਰਿਕਾਰਡਿੰਗਾਂ ਦੇ ਤਵੇ, ਦੇਸ਼ ਵਿਦੇਸ਼ਾਂ ਦੇ ਵੱਖ-ਵੱਖ ਨੇਤਾਵਾਂ ਜਵਾਹਰ ਲਾਲ ਨਹਿਰੂ ਸੁਭਾਸ਼ ਚੰਦਰ ਬੌਸ, ਜਾਕਰ ਹੁਸੈਨ, ਸਰੋਜਨੀ ਨਾਈਡੋ, ਰਵਿੰਦਰ ਨਾਥ ਟੈਗੋਰ, ਲਾਲ ਬਹਾਦਰ ਸਾਸ਼ਤਰੀ, ਡਾਕਟਰ ਭੀਮ ਰਾਓ ਅੰਬੇਦਕਰ ਆਦਿ ਦੇ ਅਹਿਮ ਭਾਸ਼ਣਾਂ ਅਤੇ ਅੰਤਰਰਾਸ਼ਟਰੀ ਨੇਤਾ ਲਿੰਕਨ, ਕੈਨੇਡੀ, ਲੈਨਨ ਅਤੇ ਹਿਟਲਰ ਵਰਗੇ ਮਹਾਨ ਲੋਕਾਂ ਦੀਆਂ ਅਵਾਜ਼ਾਂ ਦੇ(ਸਪੀਚਾਂ) ਰਿਕਾਰਡ ਵੀ ਸੰਭਾਲੇ ਹੋਏ ਹਨ। ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਰਿਕਾਰਡ ਹੋਇਆ ਸਿਲੰਡਰ ਰਿਕਾਰਡ ਵੀ ਹੈ ਜੋ ਇਕ ਵੱਖਰੀ ਤਰ੍ਹਾਂ ਦੀ ਮਸ਼ੀਨ ‘ਤੇ ਚੱਲਦਾ ਹੈ। ਇਸ ਤੋਂ ਇਲਾਵਾ ਪਲਾਸਟਿਕ ਅਤੇ ਪੱਥਰ ਦੇ ਅਤੇ ਲਾਖ ਦੇ ਅਨੇਕਾਂ ਰਿਕਾਰਡ ਉਸ ਦੀ ਲਾਇਬਰੇਰੀ ਵਿੱਚ ਮੌਜੂਦ ਹਨ। ਇਸ ਲਾਇਬਰੇਰੀ ਤੋਂ ਜਾਣਕਾਰੀ ਲੈ ਕੇ ਅਨੇਕਾਂ ਵਿਦਿਆਰਥੀ ਪੀ ਐਚ ਡੀ ਕਰ ਚੁੱਕੇ ਹਨ ਅਤੇ ਹੋਰ ਸੰਗੀਤਕ ਖੋਜਾਂ ਕਰਨ ਵਾਲੇ ਉਸ ਕੋਲ ਆਉਂਦੇ-ਜਾਂਦੇ ਰਹਿੰਦੇ ਸਨ।
ਗੁਰਮੁੱਖ ਸਿੰਘ ਲਾਲੀ ਬਹੁਤ ਹੀ ਮਿਲਾਪੜੇ ਸੁਭਾਅ ਦਾ ਸਾਫ਼ ਦਿਲ ਬੰਦਾ ਸr, ਇਹੋ ਕਾਰਨ ਸੀ ਕਿ ਉਸਦੇ ਦੋਸਤਾਂ-ਮਿੱਤਰਾਂ ਦਾ ਘੇਰਾ ਕਾਫ਼ੀ ਵਿਸ਼ਾਲ ਸੀ। ਸੰਗੀਤ ਪ੍ਰੇਮੀ, ਰਾਜਨੀਤਿਕ, ਸਰਕਾਰੀ, ਗੈਰ-ਸਰਕਾਰੀ, ਪੰਚ- ਸਰਪੰਚ ਆਦਿ ਹਰ ਵਰਗ ਦੇ ਛੋਟੇ-ਵੱਡੇ ਲੋਕਾਂ ਨਾਲ ਉਸਦੀ ਉੱਠਣੀ-ਬੈਠਣੀ ਸੀ। ਉਸਦਾ ਪਿਤਾ ਜਥੇਦਾਰ ਸ੍ਰ ਪ੍ਰਗਟ ਸਿੰਘ ਆਪਣੇ ਸਮੇਂ ਵਿੱਚ ਸਿਆਸੀ ਨੇਤਾ ਸੁਰਜੀਤ ਸਿੰਘ ਬਰਨਾਲਾ ਦੀ ਸੱਜੀ ਬਾਂਹ ਹੁੰਦਾ ਸੀ। ਉਸਨੇ 38 ਸਾਲ ਸਰਪੰਚੀ ਕੀਤੀ।. ਚੰਗੇ-ਮਾੜੇ ਦਿਨਾਂ ਵਿੱਚ ਉਹ ਲੋਕਾਂ ਦੇ ਨਾਲ ਖੜਿਆ। ਆਪਣੇ ਪਿਤਾ ਵਾਂਗ ਲਾਲੀ ਵੀ ਸੰਗੀਤ ਪ੍ਰੇਮੀ ਹੋਣ ਦੇ ਨਾਲ-ਨਾਲ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਮੂਹਰੇ ਹੋ ਕੇ ਤੁਰਨ ਵਾਲਾ ਬੰਦਾ ਸੀ। ਇਨੀ ਦਿਨੀਂ ਉਹ ਆਪਣੇ ਪਿੰਡ ਦਾ ਮੌਜੂਦਾ ਸਰਪੰਚ ਸੀ।
ਪੰਜਾਬੀ ਸੰਗੀਤ, ਸੱਭਿਆਚਾਰ ਅਤੇ ਵਿਰਾਸਤੀ ਵੰਨਗੀਆਂ ਨੂੰ ਬਚਾਉਣ ਦਾ ਜਿਹੜਾ ਕੰਮ ਸਰਕਾਰਾਂ ਨਾ ਕਰ ਸਕੀਆਂ ਉਹ ਇਸ ਜਨੂੰਨੀ ਸ਼ਖਸ ਗੁਰਮੁੱਖ ਸਿੰਘ ਲਾਲੀ ਨੇ ਕਰ ਵਿਖਾਇਆ। ਆਪਣੇ ਇਹਨਾਂ ਵਿਲੱਖਣ ਕਾਰਜਾਂ ਸਦਕਾ ਉਸ ਨੇ ਆਪਣਾ ਨਾਂ ਲਿਮਕਾ ਬੁੱਕ ਆਫ ਰਿਕਾਰਡ, ਇੰਡੀਆ ਬੁੱਕ ਆਫ ਰਿਕਾਰਡ, ਵਿੱਚ ਦਰਜ ਕਰਾਇਆ। ਇਸ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਦੇ ਸਨਮਾਨਾਂ ਤੋਂ ਇਲਾਵਾ ਇਸ ਵਿਰਾਸਤੀ ਸੰਗੀਤ ਸੰਭਾਲ ਕਾਰਜ ਬਦਲੇ ਸਟੇਟ ਐਵਾਰਡ ਵੀ ਮਿਲਿਆ ਸੀ।
ਗੁਰਮੁਖ ਸਿੰਘ ਲਾਲੀ ਨਾਲ ਮੇਰੀ ਮੁਲਾਕਾਤ 1995-96 ਵਿੱਚ ਹੋਈ ਉਦੋਂ ਉਹ ਆਪਣੀ ਸੰਗੀਤਕ ਲਾਇਬਰੇਰੀ ਨੂੰ ਹੋਰ ਪ੍ਰਫੁੱਲਤ ਕਰਨ ਵਿੱਚ ਯਤਨਸ਼ੀਲ ਸੀ। ਉਹਦੀਆਂ ਮੁੱਢਲੀਆਂ ਪ੍ਰਾਪਤੀਆਂ ਵੇਖ ਕੇ ਮੈਂ ਉਸ ਬਾਰੇ ਕੁਝ ਲੇਖ ਪੰਜਾਬੀ ਦੀਆਂ ਨਾਮੀਂ ਅਖਬਾਰਾਂ ਵਿੱਚ ਵੀ ਲਿਖੇ। ‘ਅਜੀਤ ਅਖਬਾਰ’ ਵਿੱਚ ਛਪੇ ਇੱਕ ਲੇਖ ਨੂੰ ਪੜ੍ਹ ਕੇ ਪੁਰਾਣੇ ਗਾਇਕ ਅਤੇ ਗੀਤਕਾਰ ਸਰਦਾਰ ਹਰਭਜਨ ਸਿੰਘ ਰਤਨ ਉਹਨਾਂ ਨਾਲ ਮੁਲਾਕਾਤ ਕਰਨ ਲਈ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਉਸਦੇ ਪਿੰਡ ਆਏ। ਹਰਭਜਨ ਸਿੰਘ ਰਤਨ ਆਪਣੇ ਸਮਿਆਂ ਵਿਚ ਦੂਰਦਰਸ਼ਨ ਅਤੇ ਰੇਡੀਓ ਸਟੇਸ਼ਨ ਦੇ ਉੱਚ ਅਧਿਕਾਰੀ ਸੀ ਤੇ ਕਈ ਗੀਤਾਂ ਦੇ ਰਿਕਾਰ਼ਡ ਵੀ ਆਏ । ਸਰਕਾਰੇ -ਦਰਬਾਰੇ ਰਤਨ ਜੀ ਦੀ ਚੰਗੀ ਪਹੁੰਚ ਸੀ। ਰਤਨ ਜੀ ਨੇ ਉਸ ਦੀਆਂ ਪ੍ਰਾਪਤੀਆਂ ਤੇ ਲਗਨ ਨੂੰ ਵੇਖਦਿਆਂ ਉਹਨਾਂ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ, ਜਿੱਥੇ ਸੱਭਿਆਚਾਰਕ ਮੰਤਰਾਲੇ ਦੀ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਹੱਥੋਂ ਉਹਨਾਂ ਦਾ ਐੱਮ ਐੱਸ ਰੰਧਾਵਾ ਯਾਦਗਰੀ ਵਿਸ਼ੇਸ਼ ਸਨਮਾਨ ਹੋਇਆ। ਲਾਲੀ ਦਾ ਇਹ ਪਹਿਲਾ ਸਰਕਾਰੀ ਸਨਮਾਨ ਸੀ। ਇੱਕ ਗੱਲ ਹੋਰ ਕਿ ਲਾਲੀ ਸਿਰਫ਼ ਪੁਰਾਤਨ ਗਾਇਕੀ ਦੇ ਤਵੇ ਇਕੱਠੇ ਨਹੀਂ ਸੀ ਕਰਦਾ ਬਲਕਿ ਸੰਗੀਤ ਬਾਰੇ ਡੂੰਘੀ ਜਾਣਕਾਰੀ ਵੀ ਰੱਖਦਾ ਸੀ। ਉਹ ਇਸ ਸਬੰਧੀ ਜਾਣਕਾਰੀ ਭਰਪੂਰ ਲੇਖ “ਅਜੀਤ” ਸਮੇਤ ਹੋਰ ਸੰਗੀਤਕ ਮੈਗਜ਼ੀਨਾ ਵਿੱਚ ਲਿਖਦਾ ਰਹਿੰਦਾ
ਗੁਰਮੁੱਖ ਸਿੰਘ ਲਾਲੀ ਅੱਜ ਸਾਡੇ ਵਿਚਕਾਰ ਨਹੀਂ ਰਿਹਾ। ਮਹਿਜ਼ 70 ਸਾਲਾਂ ਦੀ ਉਮਰ ਚ ਇਕ ਸੰਖੇਪ ਬਿਮਾਰੀ ਨਾਲ ਬੀਤੇ ਦਿਨੀਂ ਉਹ ਸੰਸਾਰ ਨੂੰ ਅਲਵਿਦਾ ਕਹਿ ਆਪਣੇ ਪਿੱਛੇ ਧਰਮ ਪਤਨੀ ਸ੍ਰੀਮਤੀ ਰਛਪਾਲ ਕੌਰ, ਬੇਟਾ ਭਵਕਰਨ ਸਿੰਘ ਤੇ ਬੇਟੀ ਅਨਮੋਲ ਕੌਰ ਨੂੰ ਛੱਡ ਗਏ । ਗੁਰਮੁੱਖ ਸਿੰਘ ਲਾਲੀ ਨੇ ਸਹਿਕਾਰੀ ਬੈਂਕ ਵਿੱਚ ਮੈਨੇਜਰ ਦੇ ਅਹੁਦੇ ਤੇ ਨੌਕਰੀ ਕੀਤੀ ਅਤੇ ਇੰਨੀਂ ਦਿਨੀਂ ਉਹ ਸੇਵਾ-ਮੁਕਤ ਹੋ ਕੇ ਬਤੌਰ ਪਿੰਡ ਦੇ ਸਰਪੰਚ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ। ਗੁਰਮੁੱਖ ਸਿੰਘ ਲਾਲੀ ਨਮਿੱਤ ਅੰਤਿਮ ਅਰਦਾਸ ਤੇ ਸਰਧਾਂਜ਼ਲੀ ਸਮਾਗਮ 8 ਮਾਰਚ ਦਿਨ ਐਤਵਾਰ ਨੂੰ ਪਿੰਡ ਸ਼ੇਰ ਸਿੰਘਪੁਰਾ(ਨਾਈਵਾਲਾ) ਨੇੜੇ ਬਰਨਾਲਾ ਵਿਖੇ ਹੋਵੇਗਾ। ਗੁਰਮੁੱਖ ਸਿੰਘ ਲਾਲੀ ਵਲੋਂ ਸੰਗੀਤ ਖੇਤਰ ਵਿੱਚ ਪਾਈਆਂ ਅਮਿਟ ਪੈੜਾਂ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਗੁਰਮੁੱਖ ਸਿੰਘ ਲਾਲੀ ਦੇ ਕੀਤੇ ਯਤਨਾਂ ਨੂੰ ਸੰਭਾਲਣ ਵਜੋਂ ਵੱਡੀ ਯਾਦਗਾਰ ਸਥਾਪਿਤ ਕੀਤੀ ਜਾਵੇ।
-ਸੁਰਜੀਤ ਜੱਸਲ 9814607737












