ਸਮਾਂ ਰਹਿੰਦੇ ਸਰਕਾਰ ਕੱਚੇ ਵਰਕਰਾ ਦੀਆਂ ਮੰਗਾਂ ਲਾਗੂ ਕਰੇ, ਬੇਲੋੜੀਆਂ ਸ਼ਰਤਾਂ ਲਾਕੇ ਰੋਜ਼ਗਾਰ ਦਾ ਉਜਾੜਾ ਬੰਦ ਕਰੇ ਪੰਜਾਬ ਸਰਕਾਰ:ਦਰਸ਼ਵੀਰ ਸਿੰਘ ਰਾਣਾ
ਫਤਿਹਗੜ ਸਾਹਿਬ,15 ਮਾਰਚ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);
ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ 26 ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸੰਗਰੂਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰੈਸ ਸਕੱਤਰ ਦਵਿੰਦਰ ਸਿੰਘ ਨਾਭਾ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਵਿਭਾਗ ਵਿੱਚ ਇੰਨਲਿਸਟਮੈਂਟ ਅਤੇ ਆਊਟਸੋਰਸ ਕਾਮੇ ਨਗੂਣੀਆਂ ਤਨਖਾਹਾਂ ਤੇ ਪਿਛਲੇ 15-20 ਸਾਲਾਂ ਤੋਂ ਸੰਤਾਪ ਭੋਗ ਰਹੇ ਹਨ। ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਸ ਸਰਕਾਰ ਨੇ ਵੀ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਂਣ ਤੇ ਜਲ ਸਪਲਾਈ ਵਿਭਾਗ ਵਿੱਚ ਕੱਚੇ ਕੰਮ ਕਰਦੇ ਇੰਨਲਿਸਟਡ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ,ਪਰ ਪੱਕੇ ਕਰਨ ਦੀ ਥਾਂ ਜਲ ਘਰਾਂ ਦਾ ਪੰਚਾਇਤੀਕਰਨ ਕਰਕੇ ਵਰਕਰਾਂ ਦੇ ਰੁਜ਼ਗਾਰ ਨਾਲ ਖਿਲਵਾੜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਪੰਚਾਇਤਾਂ ਨੂੰ ਪਹਿਲਾਂ ਤੋਂ ਹੀ ਸੰਭਾਲੇ ਜਲ ਘਰ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਦੇਣ ਦੀ ਥਾਂ ਚਿੱਟਾ ਹਾਥੀ ਬਣ ਰਹੇ ਹਨ। ਵਿਭਾਗ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਜਥੇਬੰਦੀ ਤੋਂ ਪ੍ਰਪੋਜ਼ਲ ਪ੍ਰਾਪਤ ਕਰਨ ਦੇ ਬਾਵਜੂਦ ਵੀ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ,ਜਿਸ ਤੋਂ ਵਰਕਰਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ ਜਿਥੇ ਵਿਭਾਗੀ ਅਧਿਕਾਰੀਆਂ ਵੱਲੋਂ ਪਿਛਲੇ ਲੰਮੇ ਅਰਸੇ ਤੋਂ ਕੰਮ ਕਰਦੇ ਇੰਨਲਿਸਟਮੈਂਟ ਤੇ ਆਊਟਸੋਰਸਿੰਗ ਕਾਮਿਆਂ ਤੇ 58 ਸਾਲ ਦੀ ਸ਼ਰਤ ਲਾਕੇ ਘਰਾਂ ਨੂੰ ਤੋਰਨ ਦੀਆਂ ਤਿਆਰੀਆਂ ਕਰ ਲਈਆਂ ਹਨ ਉੱਥੇ ਹੀ ਜਲ ਸਪਲਾਈ ਟੈਂਕੀਆਂ ਦਾ ਪੰਚਾਇਤੀ ਕਰਨ ਤੇ ਨਿਜੀਕਰਨ ਕਰਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਤੋਂ ਵਾਂਝੇ ਹੋਣਾ ਪੈ ਰਿਹਾ ਹੈ। ਇਸ ਮੌਕੇ ਮੀਟਿੰਗ ਦੌਰਾਨ ਸਮੂਹ ਜਿਲ੍ਹਿਆਂ ਦੇ ਆਗੂਆਂ ਨੇ ਵਿਚਾਰਾਂ ਕਰਕੇ ਫੈਸਲਾ ਕੀਤਾ ਹੈ ਕਿ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ 6 ਅਪ੍ਰੈਲ 2026 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਸੰਗਰੂਰ ਅੱਗੇ ਰੋਸਮਈ ਧਰਨਾ ਦਿੱਤਾ ਜਾਵੇਗਾ। ਜਿਸ ਵਿੱਚ ਸਮੂਹ ਜ਼ਿਲ੍ਹਿਆਂ ਤੋਂ ਸਾਥੀ ਵੱਡੀ ਗਿਣਤੀ ਸਮੇਤ ਪਹੁੰਚਣਗੇ ਜਿਸ ਦੀ ਤਿਆਰੀ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਲਾਮਬੰਦੀ ਕੀਤੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਸਰਕਾਰ ਵੱਲੋਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਗੁਪਤ ਐਕਸ਼ਨ ਕੀਤਾ ਜਾਵੇਗਾ ਤੇ ਸਰਕਾਰ ਦੇ ਖਿਲਾਫ ਲਗਾਤਾਰ ਮੋਰਚਾ ਲਗਾਇਆ ਜਾਵੇਗ। ਇਸ ਮੌਕੇ ਸੂਬਾ ਆਗੂ ਲਾਲ ਸਿੰਘ,ਗੁਰਦਾਸਪੁਰ,ਇੰਦਰਜੀਤ ਸਿੰਘ ਕਪੂਰਥਲਾ,ਬਲਵੀਰ ਸਿੰਘ ਸਿੰਘ ਹਿਰਦਾ ਪੁਰ, ਸੁਖਵਿੰਦਰ ਸਿੰਘ ਖਰਲ, ਸੁੱਚਾ ਸਿੰਘ ਨੂਰਮਹਿਲ, ਰਮੇਸ਼ ਕੁਮਾਰ ਨਾਈਵਾਲਾ, ਵਰਿੰਦਰ ਕੁਮਾਰ ਢਿੰਗੀ, ਸ਼ਾਮ ਸੁੰਦਰ ਪਰਮਾਰ, ਅਨਿਲ ਕੁਮਾਰ ਤੋਂ ਇਲਾਵਾ ਜ਼ਿਲ੍ਹਾ ਕਮੇਟੀਆਂ ਦੇ ਆਗੂ ਸ਼ਾਮਲ ਹੋਏ।












