ਉਸਾਰੀ ਮਜ਼ਦੂਰ ਪੈਨਸ਼ਨ ਲਈ ਲੇਬਰ ਦਫਤਰਾਂ ‘ਚ ਸਾਲਾਂ ਤੋਂ ਖਾ ਰਹੇ ਹਨ ਧੱਕੇ
ਸ੍ਰੀ ਚਮਕੌਰ ਸਾਹਿਬ,16, ਮਾਰਚ ,ਬੋਲੇ ਪੰਜਾਬ ਬਿਊਰੋ;
ਮਿਸਤਰੀਆਂ, ਮਜ਼ਦੂਰਾਂ ਦੀ ਜਥੇਬੰਦੀ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਭਵਨ ਵਿਖੇ ਹੋਈ ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਰਨਲ ਸਕੱਤਰ ਮਿਸਤਰੀ ਮਨਮੋਹਣ ਸਿੰਘ ਕਾਲਾ ਨੇ ਦੱਸਿਆ ਕਿ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ ਵੱਲੋਂ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਅਤੇ ਕੇਂਦਰ ਸਰਕਾਰ ਵੱਲੋਂ ਬਣਾਏ ਚਾਰ ਕਾਰਪੋਰੇਟ ਪੱਖੀ ਲੇਬਰ ਕੋਡਾ ,ਜੀ ਰਾਮ ਜੀ ਮਨਰੇਗਾ ਕਾਨੂੰਨ ,ਬਿਜਲੀ ਐਕਟ 2025, ਵਿਰੁੱਧ 22 ਮਾਰਚ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ । ਇਸ ਸੂਬਾ ਪੱਧਰੀ ਰੈਲੀ ਵਿੱਚ ਉਸਾਰੀ ਨਾਲ ਸੰਬੰਧਿਤ ਬਲਾਕ ਸ੍ਰੀ ਚਮਕੌਰ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਮਿਸਤਰੀ ਅਤੇ ਮਜ਼ਦੂਰ ਸ਼ਮੂਲੀਅਤ ਕਰਨਗੇ, ਇਸ ਰੈਲੀ ਦੀ ਕਾਮਯਾਬੀ ਲਈ ਲੇਬਰ ਚੌਂਕ ਤੋਂ ਇਲਾਵਾ ਪਿੰਡਾਂ ਵਿੱਚ ਵੀ ਮਜ਼ਦੂਰਾਂ ਮਿਸਤਰੀਆਂ ਨੂੰ ਜਾਗ੍ਰਿਤ ਕੀਤਾ ਜਾਵੇਗਾ। ਇਹਨਾਂ ਦੱਸਿਆ ਕਿ ਇਕ ਅਪ੍ਰੈਲ ਤੋਂ ਕੇਂਦਰ ਸਰਕਾਰ ਵੱਲੋਂ ਬਣਾਏ ਲੇਬਰ ਵਿਰੋਧੀ ਤੇ ਕਾਰਪੋਰੇਟ ਪੱਖੀ ਚਾਰ ਕੋਡ ਲਾਗੂ ਹੋਣ ਨਾਲ ਜਿੱਥੇ ਅੱਠ ਘੰਟੇ ਦੀ ਦਿਹਾੜੀ 12 ਘੰਟੇ ਵਿੱਚ ਤਬਦੀਲ ਹੋ ਜਾਵੇਗੀ ,ਉਥੇ ਹੀ 17 ਰਾਜਾਂ ਵਿੱਚ ਮਜ਼ਦੂਰਾਂ ਮਿਸਤਰੀਆਂ ਦੀ ਭਲਾਈ ਲਈ ਬਣੇ ਲੇਬਰ ਵੈਲਫੇਅਰ ਬੋਰਡ ਭੰਗ ਹੋ ਜਾਣਗੇ, ਜਿਸ ਨਾਲ ਮਜ਼ਦੂਰਾਂ ਨੂੰ ਮਿਲਦੀਆਂ ਪੈਨਸ਼ਨਾਂ ,ਮੈਡੀਕਲ ਕਲੇਮ, ਵਜੀਫੇ ਆਦਿ ਦਾ ਭੋਗ ਪੈ ਜਾਵੇਗਾ। ਮਜ਼ਦੂਰਾਂ ਦੀ ਜ਼ਿੰਦਗੀ ਹੋਰ ਬਦ ਤੋਂ ਬਦਤਰ ਹੋ ਜਾਵੇਗੀ, ਇਹਨਾਂ ਦੱਸਿਆ ਕਿ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਕੋਈ ਪਾਰਲੀਮੈਂਟ ਪਾਰਟੀ ਗੰਭੀਰ ਨਹੀਂ ਹੈ। ਇਥੋਂ ਤੱਕ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਲੇਬਰ ਵੈਲਫੇਅਰ ਬੋਰਡ ਦੀ ਨਾ ਮੀਟਿੰਗ ਕੀਤੀ ਹੈ ਅਤੇ ਨਾ ਹੀ ਮਜ਼ਦੂਰਾਂ ਦੇ ਬਣਦੇ ਹੱਕ ਦਿੱਤੇ ਗਏ ,ਇਥੋਂ ਤੱਕ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਿੱਚ ਵੱਡੀ ਪੱਧਰ ਤੇ ਭਰਿਸ਼ਟਾਚਾਰ ਫੈਲਿਆ ਹੋਇਆ ਹੈ ਅਤੇ ਉਸਾਰੀ ਨਾਲ ਸੰਬੰਧਿਤ ਮਜ਼ਦੂਰਾਂ ਮਜ਼ਦੂਰਾਂ ਦੇ ਪੈਨਸ਼ਨ ਕੇਸ, ਮੈਡੀਕਲ ਕਲੇਮ ਆਦਿ ਕਈ ਸਾਲਾਂ ਤੋਂ ਲਟਕ ਰਹੇ ਹਨ। ਇਹਨਾਂ ਦੱਸਿਆ ਕਿ ਰੋਪੜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਤੱਕ ਕਿਸੇ ਵੀ ਮਜ਼ਦੂਰ ਦੇ ਭਲਾਈ ਹਿੱਤ ਉਹਨਾਂ ਦੇ ਖਾਤਿਆਂ ਵਿੱਚ ਕੋਈ ਵੀ ਸਹਾਇਤਾ ਰਾਸ਼ੀ ਨਹੀਂ ਪਾਈ ਗਈ। ਜਦੋਂ ਕਿ ਜਥੇਬੰਦੀ ਵੱਲੋਂ ਲਗਾਤਾਰ ਮੰਗ ਪੱਤਰ ਦੇ ਕੇ ਮੰਗ ਕਰਦੀ ਆ ਰਹੀ ਕਿ ਅਧੂਰੇ ਪਏ ਲੇਬਰ ਚੌਂਕ, ਸਮੇਤ ਮਜ਼ਦੂਰਾਂ ਦੀ ਭਲਾਈ ਹਿੱਤ ਬਣੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਲੇਬਰ ਚੌਂਕਾਂ ਵਿਖੇ ਕੈਂਪ ਲਗਾਏ ਜਾਣ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਿਰਫ ਟਾਲ ਮਟੋਲ ਹੀ ਕੀਤੀ ਜਾ ਰਹੀ ਹੈ। ਜਿਸ ਕਾਰਨ ਮੌਜੂਦਾ ਸਰਕਾਰ ਵਿਰੁੱਧ ਵੀ ਮਜ਼ਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਮੀਟਿੰਗ ਵਿੱਚ ਅਜੈਬ ਸਿੰਘ ਸਮਾਣਾ, ਗੁਲਾਬ ਚੰਦ ਚੌਹਾਨ, ਗੁਰਮੇਲ ਸਿੰਘ ,ਦਵਿੰਦਰ ਸਿੰਘ ਰਾਜੂ ,ਸੁਰਿੰਦਰ ਸਿੰਘ, ਸਤਵਿੰਦਰ ਸਿੰਘ ਨੀਟਾ, ਜਰਮੀਤ ਸਿੰਘ ਪਲੰਬਰ, ਦਲਜੀਤ ਸਿੰਘ ਬਿੱਟੂ ਮਲਾਗਰ ਸਿੰਘ, ਓੰਕਾਰ ਸਿੰਘ ਕਮਲਜੀਤ ਸਿੰਘ, ਗੁਰਮੇਲ ਸਿੰਘ, ਰਮੇਸ਼ ਕੁਮਾਰ ਕਾਕਾ ਆਦਿ ਹਾਜ਼ਰ ਸਨ।












