ਸ਼ਾਇਰੀ ਅਤੇ ਗ਼ਜ਼ਲਾਂ ਨਾਲ ਰੰਗਿਆ ਪੰਜਾਬ ਕਲਾ ਭਵਨ
ਚੰਡੀਗੜ੍ਹ,16 ਮਾਰਚ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਪੰਜਾਬੀ, ਉਰਦੂ ਅਤੇ ਹਿੰਦੀ ਸਾਹਿਤਕ ਪਰੰਪਰਾ ਨੂੰ ਸਮਰਪਿਤ ਇੱਕ ਯਾਦਗਾਰ ਸ਼ਾਇਰਾਨਾ ਸ਼ਾਮ ਦੇ ਰੂਪ ਵਿੱਚ “ਅੰਦਾਜ਼-ਏ-ਪੰਜਾਬੀਸਤਾਨ” ਦਾ ਤੀਜਾ ਸੰਸਕਰਣ ਐਤਵਾਰ ਨੂੰ ਪੰਜਾਬ ਕਲਾ ਭਵਨ, ਰੋਜ਼ ਗਾਰਡਨ, ਸੈਕਟਰ 16-ਬੀ, ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਗਿਆ। ਪੰਜਾਬੀਸਤਾਨ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸ਼ਾਇਰੀ, ਗ਼ਜ਼ਲ ਅਤੇ ਸਾਹਿਤ ਦੇ ਰੰਗਾਂ ਨਾਲ ਸਜੀ ਮਹਿਫ਼ਲ ਨੇ ਸ਼ਹਿਰ ਦੇ ਸਾਹਿਤ ਪ੍ਰੇਮੀਆਂ ਨੂੰ ਮੋਹ ਲਿਆ।
ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ, ਸ਼੍ਰੋਤਾ ਅਤੇ ਕਲਾ ਦੇ ਚਾਹੁਣ ਵਾਲੇ ਸ਼ਾਮਲ ਹੋਏ। ਪੰਜਾਬੀਸਤਾਨ ਫਾਊਂਡੇਸ਼ਨ ਦੇ ਸੰਸਥਾਪਕ ਸਾਗਰ ਮਲਿਕ ਨੇ ਕਿਹਾ ਕਿ “ਅੰਦਾਜ਼-ਏ-ਪੰਜਾਬੀਸਤਾਨ” ਦਾ ਮੁੱਖ ਉਦੇਸ਼ ਪੰਜਾਬੀ, ਉਰਦੂ ਅਤੇ ਹਿੰਦੀ ਦੀ ਸਮ੍ਰਿੱਧ ਸਾਹਿਤਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਅਤੇ ਸਾਹਿਤ ਪ੍ਰੇਮੀਆਂ ਲਈ ਇੱਕ ਅਜਿਹਾ ਮੰਚ ਤਿਆਰ ਕਰਨਾ ਹੈ, ਜਿੱਥੇ ਸ਼ਾਇਰ, ਲੇਖਕ ਅਤੇ ਸ਼੍ਰੋਤਾ ਇਕੱਠੇ ਬੈਠ ਕੇ ਭਾਸ਼ਾ, ਸੰਸਕ੍ਰਿਤੀ, ਸੰਗੀਤ ਅਤੇ ਕਲਾ ਦਾ ਆਨੰਦ ਮਾਣ ਸਕਣ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜ਼ਿਟਲ ਯੁੱਗ ਵਿੱਚ ਸਾਹਿਤ ਅਤੇ ਸ਼ਾਇਰੀ ਦੀਆਂ ਮਹਿਫ਼ਲਾਂ ਨੂੰ ਜ਼ਿੰਦਾ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਜੋ ਸਾਡੀ ਸੱਭਿਆਚਾਰਕ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੁਰੱਖਿਅਤ ਤਰੀਕੇ ਨਾਲ ਪਹੁੰਚ ਸਕੇ।

ਇਸ ਮਹਿਫ਼ਲ ਵਿੱਚ ਸ਼ਾਮਲ ਪ੍ਰਮੁੱਖ ਸ਼ਾਇਰਾਂ ਵਿੱਚ ਫਰਹਤ ਇਹਸਾਸ (ਨੋਇਡਾ), ਸੁਖਵਿੰਦਰ ਅਮ੍ਰਿਤ (ਮੋਹਾਲੀ), ਸ਼ਾਰਿਕ ਕੈਫ਼ੀ (ਬਰੇਲੀ), ਡਾ. ਰਾਜੇਸ਼ ਮੋਹਨ (ਫਰੀਦਕੋਟ), ਮਦਨ ਮੋਹਨ ਦਾਨਿਸ਼ (ਗਵਾਲਿਯਰ), ਰੁਚੀ ਦਰੋਲੀਆ (ਮੁੰਬਈ), ਜਸਪਾਲ ਅਨਹਦ (ਨਕੋਦਰ) ਅਤੇ ਮਨਦੀਪ (ਲੁਧਿਆਣਾ) ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਆਪਣੀਆਂ ਗ਼ਜ਼ਲਾਂ, ਨਜ਼ਮਾਂ ਅਤੇ ਕਵਿਤਾਵਾਂ ਰਾਹੀਂ ਜੀਵਨ, ਪਿਆਰ, ਸਮਾਜ ਅਤੇ ਮਨੁੱਖੀ ਭਾਵਨਾਵਾਂ ਦੇ ਵੱਖ-ਵੱਖ ਰੰਗ ਦਰਸ਼ਕਾਂ ਅੱਗੇ ਪੇਸ਼ ਕੀਤੇ।
ਮੁਸ਼ਾਇਰੇ ਦੌਰਾਨ ਸ਼ਾਇਰਾਂ ਦੀਆਂ ਪੇਸ਼ਕਾਰੀਆਂ ’ਤੇ ਦਰਸ਼ਕਾਂ ਦੀਆਂ ਤਾਲੀਆਂ ਅਤੇ “ਵਾਹ-ਵਾਹ” ਦੀਆਂ ਗੂੰਜਾਂ ਲਗਾਤਾਰ ਸੁਣਾਈ ਦਿੰਦੀਆਂ ਰਹੀਆਂ। ਸ਼ਾਇਰੀ ਦੀ ਇਸ ਮਹਿਫ਼ਲ ਵਿੱਚ ਉਰਦੂ ਅਤੇ ਪੰਜਾਬੀ ਅਦਬ ਦੀ ਖੂਬਸੂਰਤੀ ਨੂੰ ਬੜੀ ਖੂਬੀ ਨਾਲ ਮਹਿਸੂਸ ਕੀਤਾ ਗਿਆ।
ਇਸ ਮੌਕੇ ਸਾਗਰ ਮਲਿਕ ਨੇ ਵੀ ਜਹੂਰ ਨਜ਼ਰ ਦੀਆਂ ਕੁਝ ਗ਼ਜ਼ਲਾਂ ਪੇਸ਼ ਕਰਕੇ ਸਮਾਂ ਬੰਨਿਆ । ਆਪਣੇ ਧੰਨਵਾਦ ਪ੍ਰਸਤਾਵ ਵਿੱਚ ਉਨ੍ਹਾਂ ਨੇ ਭਵਿੱਖ ਵਿੱਚ ਵੀ ਅਜਿਹੇ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿੱਤਾ, ਜਿਨ੍ਹਾਂ ਰਾਹੀਂ ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਵਿਚਕਾਰ ਸੰਵਾਦ ਅਤੇ ਸਮਝ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।












