ਲੁਧਿਆਣਾ 17 ਮਾਰਚ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੀਆਂ ਜਨਤਕ ਅਤੇ ਮਜ਼ਦੂਰ ਮੁਲਾਜ਼ਮ ਜੱਥੇਬੰਦੀਆਂ ਜਿੰਨਾ ਵਿੱਚ ਪੇਂਡੂ ਮਜ਼ਦੂਰ ਯੂਨੀਅਨ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਨਾਲ ਵੱਲੋਂ 22 ਮਾਰਚ ਦਾਣਾ ਮੰਡੀ ਜਲੰਧਰ ਬਾਈਪਾਸ ਲੁਧਿਆਣਾ ਵਿਖੇ ਹੋਣ ਜਾ ਰਹੀ ਰੈਲੀ ਅਤੇ ਮੁਜਾਹਰੇ ਵਿੱਚ ਮਿੱਡ ਡੇ ਮੀਲ ਵਰਕਰ ਯੂਨੀਅਨ ਦੀਆਂ ਵਰਕਰਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੀਆਂ। ਇਸ ਮੌਕੇ ਪ੍ਰਵੀਨ ਕੁਮਾਰੀ ਅਤੇ ਇੰਦਰਜੀਤ ਕੌਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਉਕਤ ਕਾਨੂੰਨ ਕੇਂਦਰ ਸਰਕਾਰ 1 ਅਪ੍ਰੈਲ 2026 ਨੂੰ ਪੂਰੇ ਭਾਰਤ ਵਿਚ ਲਾਗੂ ਕਰਨ ਜਾ ਰਹੀ ਹੈ,ਜਿਸ ਨੂੰ ਕਿਸੇ ਵੀ ਕੀਮਤ ਉੱਪਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਡੀ ਟੀ ਐਫ ਦੇ ਰਜਿੰਦਰ ਜੰਡਿਆਲੀ ਨੇ ਕਿਹਾ ਕਿ ਮਜ਼ਦੂਰਾਂ ਵੱਲੋਂ ਲੰਬੇ ਦਹਾਕਿਆਂ ਦੇ ਸੰਘਰਸ਼ਾਂ ਅਤੇ ਬੇਮਿਸਾਲ ਕੁਰਬਾਨੀਆਂ ਨਾਲ ਪ੍ਰਾਪਤ ਕੀਤੇ ਮਨੁੱਖੀ ਹੱਕਾਂ ਉੱਪਰ ਡਾਕਾ ਮਾਰਕੇ ਕਾਰਪੋਰੇਟ ਘੁਰਾਣਿਆਂ ਨੂੰ ਮੁਨਾਫਾ ਕਮਾਉਣ ਦੀ ਤਿਆਰੀ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਨਵੇਂ ਕਾਨੂੰਨਾਂ ਤਹਿਤ 8 ਘੰਟੇ ਦੀ ਥਾਂ 12-12 ਘੰਟੇ ਕੰਮ ਲੈਣਾ, ਮਿੱਡ ਡੇ ਮੀਲ ਵਰਕਰ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਤੇ ਹੋਰ ਵਰਕਰਾਂ ਨੂੰ ਘੱਟੋ ਘੱਟ ਤਨਖਾਹ ਤੋਂ ਬਾਹਰ ਕਰਨ, ਅਤੇ ਹੱਕ ਮੰਗਣੇ, ਸਘਰੰਸ਼ ਕਰਨ ਨੂੰ ਅਪਰਾਧਿਕ ਸ਼੍ਰੇਣੀ ਵਿੱਚ ਸਾਮਲ ਕਰਨਾ, ਆਦਿ ਨਵੇਂ ਕਾਨੂੰਨ ਰਾਹੀਂ ਮਜਦੂਰ ਵਰਗ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਕਾਨੂੰਨ ਕਿਸੇ ਸਰਕਾਰਾਂ ਦੀ ਮਿਹਰਬਾਨੀ ਨਾਲ ਨਹੀਂ ਮਿਲੇ ਹਨ ਸਗੋਂ ਹਰ ਕਾਨੂੰਨ ਲਗਾਤਾਰ ਲੜੇ ਗਏ ਸੰਘਰਸ਼ ਦਾ ਨਤੀਜਾ ਹੈ। ਆਗੂਆਂ ਨੇ ਅੱਗੇ ਦੱਸਿਆ ਕਿ ਬਿਜਲੀ ਸੋਧ ਬਿੱਲ 2025 ਲਾਗੂ ਹੋਣ ਨਾਲ ਖਪਤਕਾਰ ਦੀ ਨਿੱਜੀ ਕੰਪਨੀਆਂ ਵੱਲੋਂ ਮਨਮਰਜ਼ੀ ਨਾਲ ਲੁੱਟ ਕੀਤੀ ਜਾਵੇਗੀ। ਸਰਕਾਰੀ ਬਿਜਲੀ ਬੋਰਡ ਹੌਲੀ ਹੌਲੀ ਖਤਮ ਹੋ ਜਾਵੇਗਾ ਅਤੇ ਠੇਕਾ ਪ੍ਰਥਾ, ਕੱਚੀ ਨੌਕਰੀ,ਪੈਨਸ਼ਨ ਸੁਰੱਖਿਆ, ਯੂਨੀਅਨ ਬਣਾਉਣ ਦੇ ਅਧਿਕਾਰ ਖਤਰੇ ਵਿੱਚ ਪੈ ਜਾਣਗੇ।ਇਸੇ ਤਰਾਂ ਮਨਰੇਗਾ ਸਕੀਮ ਨੂੰ ਖਤਮ ਕਰਕੇ ਜੀ ਰਾਮ ਜੀ ਨੂੰ ਲਾਗੂ ਕਰਕੇ ਪੈਂਡੂ ਖੇਤਰਾਂ ਵਿੱਚ ਕੰਮ ਕਰਦੇ ਮਜਦੂਰਾਂ ਕੋਲ ਢਿੱਡ ਭਰਨ ਲਈ ਕੰਮ ਨਹੀ ਮਿਲੇਗਾ, ਕਿਉਂਕਿ 60-40 ਅਨੁਪਾਤ ਅਨੁਸਾਰ ਕਰਜੇ ਵਿੱਚ ਡੁੱਬੇ ਸੂਬੇ ਕੋਲੋਂ ਇਹ ਰਾਸੀ ਨਹੀਂ ਦਿੱਤੀ ਜਾਣੀ। ਇਸ ਮੌਕੇ ਇੰਦਰਜੀਤ ਕੌਰ, ਦਵਿੰਦਰ ਕੌਰ, ਗੁਰਪ੍ਰੀਤ ਕੌਰ, ਜਸਵਿੰਦਰ ਕੌਰ, ਬਲਜੀਤ ਕੌਰ, ਕੁਲਵੰਤ ਕੌਰ, ਰਾਜਵਿੰਦਰ ਕੌਰ, ਪ੍ਰੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਵਰਕਰ ਹਾਜ਼ਰ ਸਨ।












