ਅਧਿਆਪਕਾਂ ਦੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਸੀ ਜਾਣ-ਆਗੂ
ਮਾਨਸਾ, 17 ਮਾਰਚ ,ਬੋਲੇ ਪੰਜਾਬ ਬਿਊਰੋ;
ਅਧਿਆਪਕ ਜਥੇਬੰਦੀਆਂ ਦੇ ਆਗੂਆਂ ਕਰਮਜੀਤ ਤਾਮਕੋਟ, ਨਰਿੰਦਰ ਮਾਖਾ, ਹੰਸਾ ਸਿੰਘ ਡੇਲੂਆਣਾ ਅਤੇ ਦਰਸ਼ਨ ਅਲੀਸ਼ੇਰ ਦੀ ਅਗਵਾਈ ਵਿੱਚ ਮਾਨਸਾ ਦੇ ਹਲਕਾ ਵਿਧਾਇਕ ਵਿਜੇ ਸਿੰਗਲਾ ਦੇ ਘਰ ਅੱਗੇ ਤਨਖਾਹਾਂ ਨਾ ਮਿਲਣ ਅਤੇ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਸੁਪਰੀਮ ਕੋਰਟ ਰਾਹੀਂ ਟੈੱਟ (ਅਧਿਆਪਕ ਯੋਗਤਾ ਟੈਸਟ) ਦੀ ਬਿਲਕੁਲ ਬੇਲੋੜੀ, ਗੈਰਵਿਧਾਨਿਕ ਸ਼ਰਤ ਜਬਰੀ ਥੋਪਣ, ਪੰਜਾਬ ਸਰਕਾਰ ਵਲੋਂ ਬਜਟ ਸੈਸ਼ਨ ਦੌਰਾਨ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਬਿੱਲ ਨਾ ਲਿਆਉਣ, ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸ਼ਨ ਦਾਖਲ ਨਾ ਕਰਨ, ਸਿੱਖਿਆ ਵਿਭਾਗ ਵਲੋਂ ਕੁਝ ਵਰਗਾਂ ਨੂੰ ਟੈੱਟ ਤੋਂ ਛੋਟ ਦੇਣ ਦਾ ਪੱਤਰ ਰੱਦ ਕਰਨ, ਸੰਘਰਸ਼ ਦੌਰਾਨ ਜਲ ਤੋਪਾਂ, ਲਾਠੀਚਾਰਜ ਅਤੇ ਅਥਰੂ ਗੈਸ ਦੇ ਗੋਲਿਆਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਅਧਿਆਪਕਾਂ ਨੂੰ ਜਖਮੀ ਕਰਕੇ ਰਾਸ਼ਟਰ ਨਿਰਮਾਤਾ ਅਧਿਆਪਕਾਂ ਦੇ ਮਾਨ ਸਨਮਾਨ ਨੂੰ ਸੱਟ ਮਾਰਨ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।
ਆਗੂਆਂ ਬਿੱਕਰਜੀਤ ਸਿੰਘ ਸਾਧੂਵਾਲਾ, ਗੁਰਦਾਸ ਰਾਏਪੁਰ, ਸੁਖਵੀਰ ਸਿੰਘ, ਲਖਵਿੰਦਰ ਮਾਨ, ਹਰਜਿੰਦਰ ਅਨੂਪਗੜ, ਰਾਜਵਿੰਦਰ ਬੈਹਣੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿੱਚ ਅਧਿਆਪਕਾਂ ਦੀ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਮਸਲਿਆਂ ਦੇ ਹੱਲ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਹਰ ਵਰਗ ‘ਤੇ ਪੁਲਸੀਆ ਤਸ਼ੱਦਦ ਹੀ ਕੀਤਾ ਹੈ। ਅਧਿਆਪਕ ਆਗੂਆਂ ਦਰਸ਼ਨ ਜਟਾਣਾ, ਸ਼ਿੰਗਾਰਾ ਸਿੰਘ, ਨਵੀਨ ਬੋਹਾ, ਬਲਵੰਤ ਸਿੰਘ, ਬੇਅੰਤ ਸਿੰਘ ਰੜ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਲੰਗੜਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ।
ਤਨਖਾਹ ਦੁਹਰਾਈ ਦੇ ਬਕਾਏ, ਨਵੇਂ ਸਕੇਲ ਰੱਦ ਕਰਕੇ ਪੰਜਾਬ ਤਨਖ਼ਾਹ ਸਕੇਲਾਂ ਦੀ ਬਹਾਲੀ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਜਾਰੀ ਕੀਤੀਆਂ ਕਿਸ਼ਤਾਂ ਦੇ ਬਕਾਏ ਮਿੱਟੀ ਘੱਟੇ ਰਲਾ ਦਿੱਤੇ ਗਏ ਹਨ, ਸੋਧਣ ਦੇ ਨਾਂ ‘ਤੇ ਬੰਦ ਕੀਤੇ ਸਮੁੱਚੇ ਭੱਤੇ ਬਹਾਲ ਨਹੀਂ ਕੀਤੇ ਜਾ ਰਹੇ, ਤਨਖਾਹ ਕਮਿਸ਼ਨ ਦੀ ਪੂਰੀ ਰਿਪੋਰਟ ਵੀ ਜਾਰੀ ਨਹੀਂ ਕੀਤੀ ਗਈ, ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਤੇ ਸਕੂਲ ਮੁਖੀਆਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਬਣਦੀਆਂ ਤਰੱਕੀਆਂ ਨੇਪਰੇ ਚਾੜ੍ਹੀਆਂ ਹਨ।
ਇੱਕ ਪਾਸੇ ਪੰਜਾਬ ਸਰਕਾਰ ਵਲੋਂ ਖਜਾਨਾ ਭਰੇ ਹੋਣ ਦੇ ਦਮਗਜੇ ਮਾਰੇ ਜਾ ਰਹੇ ਹਨ, ਪਰ ਅਧਿਆਪਕਾਂ ਦੇ ਵਿੱਤੀ ਮਸਲੇ ਹੱਲ ਨਹੀਂ ਕੀਤੇ ਜਾ ਰਹੇ, ਬਹੁਗਿਣਤੀ ਅਧਿਆਪਕ ਫਰਵਰੀ ਮਹੀਨੇ ਦੀ ਤਨਖਾਹ ਨੂੰ ਵੀ ਤਰਸ ਰਹੇ ਹਨ। ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਸੇਵਾ ਨਿਭਾ ਰਹੇ ਅਧਿਆਪਕਾਂ ਦੇ ਸਿਰ ਤੇ ਛਾਂਟੀ ਦੀ ਤਲਵਾਰ ਲਟਕਾ ਦਿੱਤੀ ਗਈ ਹੈ।
ਇਸ ਪ੍ਰਦਰਸ਼ਨ ਵਿੱਚ ਬਲਵਿੰਦਰ ਉਲਕ, ਗੁਰਪ੍ਰੀਤ ਭੀਖੀ, ਮਨਜੀਤ ਬਪੀਆਣਾ, ਮਨਦੀਪ ਕੋਟਲੀ, ਰਾਜਿੰਦਰ ਸਿੰਘ, ਤੋਗਾ ਸਿੰਘ, ਕੁਲਦੀਪ ਅੱਕਾਵਾਲੀ, ਮਨਮੋਹਨ ਸਿੰਘ, ਉਮੇਸ਼ ਸ਼ਰਮਾ, ਮੀਨੂ ਮਿੱਤਲ, ਕਮਲਪ੍ਰੀਤ, ਅਮਨਪ੍ਰੀਤ ਕੌਰ, ਕਿਰਨਜੋਤ ਕੌਰ, ਮੀਰਾ ਬਾਈ, ਅਮਰਜੀਤ ਕੌਰ, ਸੰਦੀਪ ਰਾਏਪੁਰ, ਇੰਦਰਜੀਤ ਡੇਲੂਆਣਾ, ਗੁਰਬਚਨ ਸਿੰਘ, ਅੰਗਰੇਜ ਸਿੰਘ, ਵੀਰ ਸਿੰਘ ਅੱਕਾਵਾਲੀ, ਗੁਰਜੰਟ ਸਿੰਘ, ਗੁਰਜੀਤ ਰੜ, ਕਾਲਾ ਸਿੰਘ ਆਦਿ ਹਾਜ਼ਰ ਸਨ।












