ਚੰਡੀਗੜ੍ਹ, 21 ਮਾਰਚ, ਬੋਲੇ ਪੰਜਾਬ ਬਿਊਰੋ :
ਔਰਤ ਨੂੰ ਵਾਲਾਂ ਤੋਂ ਫੜ ਕੇ ਖਿੱਚਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਇੱਕ ASI ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕੀਤਾ ਹੈ। ਇਹ ਅਧਿਕਾਰੀ ਘਰੇਲੂ ਝਗੜੇ ਦੇ ਸਬੰਧ ਵਿੱਚ ਔਰਤ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੇ ਸਨ।ਇਹ ਘਟਨਾ ਜਲੰਧਰ ਦੇ ਭਾਰਗਵ ਕੈਂਪ ਇਲਾਕੇ ਵਿੱਚ ਵਾਪਰੀ ਸੀ। ਪੁਲਿਸ ਕਮਿਸ਼ਨਰ ਨੇ ਇਹ ਕਾਰਵਾਈ ਕੀਤੀ ਹੈ।
ਉਕਤ ਪੁਲਿਸ ਮੁਲਾਜ਼ਮ ਨੇ ਨੌਜਵਾਨ ਨੂੰ ਉਸਦੇ ਘਰੋਂ ਸੁੱਤੇ ਪਏ ਨੂੰ ਫੜ ਲਿਆ ਸੀ ਅਤੇ ਉਸਨੂੰ ਬਿਨਾ ਕੱਪੜਿਆਂ ਤੋਂ ਹੀ ਗਲੀ ਵਿੱਚ ਘਸੀਟ ਕੇ ਲੈ ਗਏ ਸਨ। ਏਥੇ ਉਨ੍ਹਾਂ ਨੇ ਨੌਜਵਾਨ ਦੇ ਮੁੱਕੇ ਮਾਰੇ। ਜਦੋਂ ਔਰਤ ਵਿੱਚ ਬਚਾਅ ਕਰਨ ਲਈ ਆਈ ਤਾਂ ਪੁਲਿਸ ਨੇ ਉਸਨੂੰ ਵੀ ਵਾਲਾਂ ਤੋਂ ਫੜ ਕੇ ਘਸੀਟਿਆ ਅਤੇ ਉਸਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ।
ਜਵਾਬੀ ਕਾਰਵਾਈ ਵਿੱਚ ਔਰਤ ਦੇ ਪੁੱਤਰ ਨੇ ਪੁਲਿਸ ਮੁਲਾਜ਼ਮਾਂ ‘ਤੇ ਹੱਥ ਚੁੱਕਿਆ। ਇਹ ਸਾਰੀ ਘਟਨਾ ਇੱਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ, ਜੋ ਬਾਅਦ ਵਿੱਚ ਸਾਹਮਣੇ ਆਈ। ਫੁਟੇਜ ਦੇਖਣ ਤੋਂ ਬਾਅਦ, ਮਹਿਲਾ ਕਮਿਸ਼ਨ ਨੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਜਾਂਚ ਅਤੇ ਢੁਕਵੀਂ ਕਾਰਵਾਈ ਦੀ ਮੰਗ ਕੀਤੀ ਸੀ।
ਭਾਰਗਵ ਕੈਂਪ ਥਾਣੇ ਦੇ ਸਟੇਸ਼ਨ ਹਾਊਸ ਅਫਸਰ (SHO) ਰਾਜਿੰਦਰ ਕੁਮਾਰ ਨੇ ਕਿਹਾ ਕਿ ਉਹ ਉਸ ਸਮੇਂ ਡਿਊਟੀ ‘ਤੇ ਨਹੀਂ ਸੀ, ਪਰ ਉਸਨੂੰ ਘਟਨਾ ਦੀ ਜਾਣਕਾਰੀ ਮਿਲੀ ਸੀ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਏਐਸਆਈ ਪ੍ਰਵੀਨ ਕੁਮਾਰ ਇੱਕ ਟੀਮ ਲੈ ਕੇ ਮੌਕੇ ‘ਤੇ ਪਹੁੰਚੇ ਸਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।












