ਵਿਧਾਇਕ ਕੁਲਵੰਤ ਸਿੰਘ ਵੱਲੋਂ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਮੁਹਾਲੀ ਦੇ ਵਫਦ ਨੂੰ ਦਿੱਤਾ ਗਿਆ ਭਰੋਸਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਮਾਰਚ,ਬੋਲੇ ਪੰਜਾਬ ਬਿਊਰੋ:
ਵਿਧਾਇਕ ਕੁਲਵੰਤ ਸਿੰਘ ਨੇ ਐਰੋਪੋਲਿਸ ਪ੍ਰੋਜੈਕਟ ਏ.ਐਫ. ਜੀ. ਐਚ. ਆਈ. ਅਤੇ ਜੇ. ਲਈ ਜਮੀਨ ਪ੍ਰਾਪਤੀ ਕਰਨ ਲਈ ਪ੍ਰਭਾਵਿਤ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਉਪਰੰਤ ਹੀ ਭੌਂ ਪ੍ਰਾਪਤ ਕਰਨ ਬਾਰੇ ਮੰਗ ਪੱਤਰ ਦੇਣ ਆਏ, ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਮੁਹਾਲੀ ਦੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਸਬੰਧਿਤ ਵਿਭਾਗ ਦੇ ਮੰਤਰੀ ਨਾਲ ਗੱਲ ਕਰਨਗੇ ਅਤੇ ਇਸ ਮਸਲੇ ਦਾ ਹੱਲ ਇਲਾਕੇ ਦੇ ਕਿਸਾਨਾਂ ਦੀ ਜਰੂਰਤ ਅਤੇ ਮੰਗਾਂ ਦੇ ਮੁਤਾਬਿਕ ਹੀ ਕੱਢਿਆ ਜਾਵੇਗਾ।
ਵਫਦ ਵਿੱਚ ਸ਼ਾਮਿਲ ਪੱਤੋ, ਬੜੀ, ਕੁਰੜੀ, ਕੁਰੜਾ, ਕਿਸ਼ਨਪੁਰਾ, ਚਾਉ ਮਾਜਰਾ, ਰਾਏ ਮਾਜਰਾ ਆਦਿ ਪਿੰਡਾਂ ਦੇ ਕਿਸਾਨ ਆਗੂਆਂ ਨੇ ਵਿਧਾਇਕ ਕੁਲਵੰਤ ਸਿੰਘ ਦੇ ਧਿਆਨ ਵਿੱਚ ਲਿਆਂਦਾ ਕਿ ਪਿੰਡ ਬਾਕਰਪੁਰ, ਛੱਤ, ਕਿਸ਼ਨਪੁਰਾ, ਬੜੀ ,ਮਟਰਾਂ, ਸਿਆਊ, ਕਰੜੀ, ਪੱਤੋਂ ਦੇ ਸਮੂਹ ਪੰਚਾਇਤ ਅਤੇ ਕਿਸਾਨਾਂ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਉਹ ਸਾਰੇ ਆਪਣੀਆਂ ਦਫਤਰ ਭੋਂ ਪ੍ਰਾਪਤੀ ਕਲੈਕਟਰ, ਸ਼ਹਿਰੀ ਯੋਜਨਾਬੰਦੀ ਵਿਭਾਗ ਪੰਜਾਬ ਅੱਗੇ ਰੱਖੀਆਂ ਗਈਆਂ 19 ਸ਼ਰਤਾਂ ਪੂਰੀਆਂ ਹੋਣ ਦੀ ਸੂਰਤ ਦੇ ਵਿੱਚ ਦੇਣ ਨੂੰ ਤਿਆਰ ਹਨ। ਜੇਕਰ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਜਮੀਨਾਂ ਨੂੰ ਅਕਵਾਇਰ ਕੀਤੀਆਂ ਜਾਣ ਵਾਲੀਆਂ ਜਮੀਨਾਂ ਦੇ ਦਾਇਰੇ ਵਿੱਚੋਂ ਬਾਹਰ ਰੱਖਿਆ ਜਾਵੇ।
ਵਫਦ ਨੇ ਦੱਸਿਆ ਕਿ ਇੱਕ ਏਕੜ ਜਮੀਨ ਦੇ ਪਿੱਛੇ ਕਿਸਾਨਾਂ ਨੂੰ 1500 ਗਜ ਰਿਹਾਇਸ਼ੀ ਅਤੇ 300 ਗਜ ਕਮਰਸ਼ੀਅਲ ਪਲਾਟ ਨੂੰ ਦਿੱਤੇ ਜਾਣ ਅਤੇ 25 ਏਕੜ ਪ੍ਰਤੀ ਏਕੜ ਕੈਸ਼ ਅਵਾਰਡ ਰੱਖਿਆ ਜਾਵੇ ਦੂਸਰਾ ਭੌਂ ਮਾਲਕ ਨੂੰ ਇੱਕ ਏਕੜ ਦਾ ਚਕੌਤਾ 1 ਲੱਖ ਰੁਪਏ ਸਲਾਨਾ ਦਿੱਤਾ ਜਾਵੇ ਅਤੇ ਚਕੌਤੇ ਦੀ ਰਾਸ਼ੀ ਵਿੱਚ ਹਰ ਸਾਲ 10% ਦਾ ਵਾਧਾ ਕੀਤਾ ਜਾਵੇ, ਚਕੌਤਾ ਮਿਲਣ ਦੀ ਮਿਆਦ ਵਿਕਸਤ ਕੀਤੇ ਜਾਣ ਵਾਲੇ ਪਲਾਟ ਦੀ ਅਲਾਟਮੈਂਟ ਤੱਕ ਹੋਵੇ, ਨਾ ਕਿ ਤਿੰਨ ਸਾਲ ਤੱਕ, ਤੀਸਰਾ ਜਿਨਾਂ ਕਿਸਾਨਾਂ ਦਾ ਰੋਜ਼ੀ’ ਰੋਟੀ ਲਈ ਖੇਤੀ ਦੇ ਨਾਲ- ਨਾਲ ਸਹਾਇਕ ਧੰਦੇ, ਜਿਵੇਂ ਕਿ ਪਸ਼ੂ ਪਾਲਣਾ ਅਤੇ ਹੋਰ ਵੀ ਕਾਰੋਬਾਰ ਹਨ, ਉਨ੍ਹਾਂ ਲਈ ਦੋ- ਦੋ ਕਨਾਲ ਦੇ ਪਸ਼ੂ ਪਾਲਣ ਕਲਸਟਰ ਪਲਾਟ ਅਤੇ ਹੋਰ ਗਤੀਵਿਧੀ ਲਈ ਵੀ ਇਸੇ ਤਰ੍ਹਾਂ ਕਲਸਟਰ ਪਲਾਟ ਦਿੱਤੇ ਜਾਣ।
ਇਸੇ ਤਰ੍ਹਾਂ ਮੁੜ ਵਸੇਬੇ ਅਤੇ ਰੀ-ਸੈਟਲਮੈਂਟ ਦੀ ਰਾਸ਼ੀ ਲੈਂਡ ਪੂਲਿੰਗ ਲੈਣ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇ। ਮੁੜ ਵਸੇਬੇ ਅਤੇ ਰੀ-ਸੈਟਲਮੈਂਟ ਘੱਟੋ ਘੱਟ 25 ਲੱਖ ਰੁਪਏ ਪ੍ਰਤੀ ਮੈਂਬਰ ਪ੍ਰਤੀ ਪਰਿਵਾਰ ਦਿੱਤਾ ਜਾਵੇ, ਕਿਉਂਕਿ ਇਸ ਪਾਲਸੀ ਤੋਂ ਬਾਅਦ ਪਰਿਵਾਰ ਦੇ ਹਰ ਇੱਕ ਮੈਂਬਰ ਦਾ ਮੁੜ ਵਸੇਬਾ ਹੋਣਾ ਹੈ। ਆਸਟੀ (ਜ਼ਮੀਨ ਤੋਂ ਬੇਦਖਲ ਹੋਣ ਵਾਲੇ) ਪਲਾਟ ਹਰ ਇੱਕ ਕਿਸਾਨ ਨੂੰ ਦਿੱਤਾ ਜਾਵੇ, ਭਾਵੇਂ ਉਹ ਲੈਂਡ ਪੂਲਿੰਗ ਸਵੀਕਾਰ ਕਰਦਾ ਹੈ ਜਾਂ ਕੈਸ਼ ਅਵਾਰਡ ਸਵੀਕਾਰ ਕਰਦਾ ਹੈ।
ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਵੱਲੋਂ ਐਲ.ਓ.ਆਈ. ਵਿੱਚ ਮਿਲੇ ਪਲਾਟ ਨੂੰ ਵੇਚੇ ਜਾਣ ਤੋਂ ਪ੍ਰਾਪਤ ਹੋਣ ਵਾਲੀ ਰਕਮ ਨੂੰ ਆਮਦਨ ਕਰ ਦੇ ਦਾਇਰੇ ਚੋਂ ਬਾਹਰ ਰੱਖਿਆ ਜਾਵੇ। ਸਮੂਹ ਪੰਚਾਇਤਾਂ ਅਤੇ ਜਮੀਨ ਮਾਲਕਾਂ ਵੱਲੋਂ ਕੀਤੀਆਂ ਗਈਆਂ ਬੇਨਤੀਆਂ ਨੂੰ ਪ੍ਰਵਾਨ ਕਰਨ ਲਈ ਸਭ ਤੋਂ ਪਹਿਲਾਂ ਮੀਟਿੰਗ ਰੱਖ ਕੇ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕੀਤਾ ਜਾਵੇ ਅਤੇ ਜਮੀਨ ਮਾਲਕਾਂ ਨਾਲ ਸਹਿਮਤੀ ਹੋਣ ਉਪਰੰਤ ਹੀ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇ।
ਵਿਧਾਇਕ ਕੁਲਵੰਤ ਸਿੰਘ ਨੂੰ ਮਿਲਣ ਵਾਲੇ ਕਿਸਾਨਾਂ ਦੇ ਵਫਦ ਵਿੱਚ ਨਿਰਮਲ ਸਿੰਘ ਕੁਰੜੀ ਤੋਂ ਇਲਾਵਾ ਸਤੀਸ਼ ਕੁਮਾਰ ਚੌਧਰੀ, ਜਗਤ ਸਿੰਘ, ਮੱਖਣ ਸਿੰਘ ਗੀਗਾ ਮਾਜਰਾ, ਕਰਨੈਲ ਸਿੰਘ ਬੜੀ, ਗੁਰਜੰਟ ਸਿੰਘ ਸਰਪੰਚ ਪੱਤੋਂ, ਨਵਾਬ ਸਿੰਘ ਸਿਆਊ, ਗੁਰਭਜਨ ਸਿੰਘ ਨੰਬਰਦਾਰ, ਰਣਧੀਰ ਸਿੰਘ ਬੜੀ, ਪਰਮਦੀਪ ਸਿੰਘ ਬੈਦਵਾਣ, ਮਨਪ੍ਰੀਤ ਸਿੰਘ ਨੰਬਰਦਾਰ, ਗੁਰਪ੍ਰਤਾਪ ਸਿੰਘ, ਕੁਲਦੀਪ ਸਿੰਘ ਸਮਾਣਾ ਵੀ ਹਾਜ਼ਰ ਸਨ।












