ਪਟਿਆਲਾ, 23 ਮਾਰਚ ,ਬੋਲੇ ਪੰਜਾਬ ਬਿਊਰੋ:
ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮੂਹ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ‘ਸਾਮਰਾਜਵਾਦ ਵਿਰੋਧੀ ਦਿਵਸ’ ਵਜੋਂ ਮਨਾਇਆ ਗਿਆ। ਇਸ ਮੌਕੇ ਪਟਿਆਲਾ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਪੁਤਲੇ ਸਾੜੇ ਅਤੇ ਕੇਂਦਰ ਸਰਕਾਰ ਦੀਆਂ ਕਾਰਪੋਰੇਟ-ਪੱਖੀ ਅਤੇ ਸਾਮਰਾਜੀ ਨੀਤੀਆਂ ਵਿਰੁੱਧ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ।
ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਦੇਸ਼ ਦੀ ਆਰਥਿਕਤਾ ਅਤੇ ਕਿਰਤੀ ਲੋਕਾਂ ਦੇ ਹੱਕਾਂ ‘ਤੇ ਹੋ ਰਹੇ ਹਮਲਿਆਂ ਵਿਰੁੱਧ ਬੋਲਦਿਆਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ,ਮਜਦੂਰਾਂ ਦੀ ਬੁਨਿਆਦੀ ਸੁਰੱਖਿਆ ਖੋਹ ਕੇ ਉਨ੍ਹਾਂ ਦੀ ਲੁੱਟ ਵਧਾਉਣਗੇ।

ਆਗੂਆਂ ਨੇ 1 ਅਪ੍ਰੈਲ ਤੋਂ ਲਾਗੂ ਹੋ ਰਹੇ ਚਾਰ ਲੇਬਰ ਕੋਡਾਂ ਅਤੇ ‘ਜੀ ਰਾਮ ਜੀ’ ਵਰਗੀਆਂ ਸਕੀਮਾਂ, ਬਿਜਲੀ ਸੋਧ ਬਿਲ,ਬੀਜ ਬਿਲ ਅਤੇ ਮੁਫ਼ਤ ਵਪਾਰ ਸਮਝੌਤੇ ਦਾ ਸਖ਼ਤ ਵਿਰੋਧ ਕੀਤਾ ਗਿਆ।
ਅੱਜ ਦੇ ਇਸ ਪ੍ਰਦਰਸ਼ਨ ਵਿੱਚ ਰਾਮ ਸਿੰਘ ਮਾਟੋਰੜ੍ਹਾ, ਨਿਰਮਲ ਸਿੰਘ ਧਾਲੀਵਾਲ, ਦਵਿੰਦਰ ਸਿੰਘ ਪੂਨੀਆ, ਦਰਸ਼ਨ ਸਿੰਘ ਬੇਲੂਮਾਜਰਾ, ਸ੍ਰੀ ਨਾਥ,ਬਿਰਜ ਭੂਸ਼ਣ,ਧਰਮ ਪਾਲ ਲੋਟ ਤੇ ਹਰਕੇਸ਼ ਕੁਮਾਰ ਨੇ ਸੰਬੋਧਨ ਕੀਤਾ ਅਤੇ ਸੁਚਾ ਸਿੰਘ ਚੀਮਾ , ਰਾਜ ਕਿਸਨ ਨੂਰ ਖੈੜੀਆ,ਦਲਜਿੰਦਰ ਸਿੰਘ ਖਰੋੜ ਮੰਗਤ ਸਿੰਘ, ਹਰੀ ਸਿੰਘ ਦੌਣ ਕਲਾ,ਸੁਖਦੇਵ ਸੁਖੀ ਆਦਿ ਤੋਂ ਇਲਾਵਾ ਕਿਸਾਨਾਂ, ਮਜ਼ਦੂਰਾਂ, ਬਿਜਲੀ ਮੁਲਾਜ਼ਮਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।












