ਲੁਧਿਆਣਾ, 24 ਮਾਰਚ, ਬੋਲੇ ਪੰਜਾਬ ਬਿਊਰੋ :
ਸਾਹਨੇਵਾਲ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਕਤੂਰਿਆਂ ਨਾਲ ਬੇਰਹਿਮੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨੇ ਦੋ ਕਤੂਰਿਆਂ ਨੂੰ ਬੇਰਹਿਮੀ ਨਾਲ ਡੰਡਿਆਂ ਨਾਲ ਕੁੱਟਿਆ, ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਜਾਨਵਰ ਪ੍ਰੇਮੀਆਂ ਵਿੱਚ ਰੋਸ ਫੈਲ ਗਿਆ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਘਟਨਾ 22 ਮਾਰਚ, 2026 ਨੂੰ ਗਿਆਸਪੁਰਾ ਦੇ ਸਨਸ਼ਾਈਨ ਸਕੂਲ ਨੇੜੇ ਮੱਕੜ ਕਲੋਨੀ ਵਿੱਚ ਵਾਪਰੀ। ਇਲਾਕੇ ਦੀ ਰਹਿਣ ਵਾਲੀ ਰੀਟਾ ਦੇਵੀ ਨੇ ਇਹ ਘਿਨਾਉਣਾ ਕੰਮ ਕੀਤਾ। ‘ਹੈਲਪ ਫਾਰ ਐਨੀਮਲਜ਼’ ਸੰਸਥਾ ਦੇ ਪ੍ਰਧਾਨ ਮਨੀ ਸਿੰਘ (ਹਰਨਾਮਦਾਸ ਫੀਲਡ ਗੰਜ ਦੇ ਵਸਨੀਕ) ਨੂੰ ਵਿਕਾਸ ਸ਼ਾਹ ਨਾਮ ਦੇ ਇੱਕ ਨੌਜਵਾਨ ਦਾ ਫ਼ੋਨ ਆਇਆ ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੱਕ ਔਰਤ ਗਲੀ ਵਿੱਚ ਕਤੂਰਿਆਂ ਨੂੰ ਬੇਰਹਿਮੀ ਨਾਲ ਕੁੱਟ ਰਹੀ ਹੈ। ਜਦੋਂ ਤੱਕ ਜਾਨਵਰ ਪ੍ਰੇਮੀ ਮੌਕੇ ‘ਤੇ ਪਹੁੰਚੇ, ਦੋਵੇਂ ਕਤੂਰੇ ਪਹਿਲਾਂ ਹੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਦਮ ਤੋੜ ਚੁੱਕੇ ਸਨ।
ਮਨੀ ਸਿੰਘ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ, ਸਾਹਨੇਵਾਲ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਮਾਮਲਾ ਦਰਜ ਕੀਤਾ। ਮੁਲਜ਼ਮ ਔਰਤ ਵਿਰੁੱਧ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 325 ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ ਐਕਟ, 1960 ਦੀ ਧਾਰਾ 11 ਦੇ ਤਹਿਤ ਰਸਮੀ ਸ਼ਿਕਾਇਤ ਦਰਜ ਕਰ ਲਈ ਗਈ ਹੈ। ਮੁਲਜ਼ਮ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।












