ਚੰਡੀਗੜ੍ਹ, 29 ਮਾਰਚ ,ਬੋਲੇ ਪੰਜਾਬ ਬਿਊਰੋ;
ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਆਏ ਪੰਜਾਬੀ ਨੌਜਵਾਨ ਨੂੰ ਪੁਲਿਸ ਦੇ ਵੱਲੋਂ ਏਅਰਪੋਰਟ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਨੌਜਵਾਨ ਦੀ ਪਛਾਣ ਕਮਲਪ੍ਰੀਤ ਸਿੰਘ ਉਰਫ਼ ਬਿੱਲਾ ਵਾਸੀ ਕੋਟਲਾ (ਅੰਮ੍ਰਿਤਸਰ) ਵਜੋਂ ਹੋਈ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਕਮਲਪ੍ਰੀਤ ਸਿੰਘ ਅਤੇ ਉਸਦੇ ਸਾਥੀ ਮਾਛੀਵਾੜਾ ਏਰੀਏ ਦੇ ਇੱਕ ਨਾਮਵਰ ਸਕੂਲ ਦੇ ਪ੍ਰਬੰਧਕ ਉੱਪਰ ਗੋਲੀਆਂ ਚਲਾ ਕੇ ਫਰਾਰ ਹੋਏ ਸਨ। ਇਹ ਹਮਲਾ 30 ਸਤੰਬਰ 2024 ਵਿੱਚ ਕੀਤਾ ਗਿਆ ਸੀ।
ਪੁਲਿਸ ਅਧਿਕਾਰੀ ਪਵਿੱਤਰ ਸਿੰਘ ਦੱਸਦੇ ਹਨ ਕਿ ਇਸ ਘਟਨਾ ਦੇ ਸਬੰਧ ਵਿੱਚ ਪੁਲਿਸ ਨੇ ਪੰਜ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਸੀ। ਹਾਲਾਂਕਿ ਜਦੋਂ ਇਹ ਹਮਲਾ ਹੋਇਆ, ਉਸ ਤੋਂ ਕੁੱਝ ਦਿਨਾਂ ਬਾਅਦ ਹੀ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪਿੰਡ ਮੋਹਾਵਾ ਥਾਣਾ ਅਟਾਰੀ ਅਤੇ ਪ੍ਰਿਤਪਾਲ ਸਿੰਘ ਉਰਫ਼ ਗੋਰਾ ਵਾਸੀ ਅਟਾਰੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਪੁਲਿਸ ਨੇ ਦੱਸਿਆ ਕਿ ਫੜੇ ਗਏ ਉਕਤ ਦੋਵੇਂ ਵਿਅਕਤੀਆਂ ਨੇ ਪੁਲਿਸ ਸਾਹਮਣੇ ਮੰਨਿਆ ਸੀ ਕਿ ਇਹ ਕਾਤਲਾਨਾ ਹਮਲਾ ਬਾਹਰਲੇ ਮੁਲਕ ਬੈਠੇ ਗੈਂਗਸਟਰਾਂ ਦੇ ਕਹਿਰ ਤੇ ਹੀ ਉਨ੍ਹਾਂ ਨੇ ਇਹ ਹਮਲਾ ਕੀਤਾ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਮਰੀਕਾ ਵਿਚ ਡੌਂਕੀ ਲਗਾ ਕੇ ਗਏ ਕਮਲਪ੍ਰੀਤ ਸਿੰਘ ਉਰਫ਼ ਬਿੱਲਾ ਵਾਸੀ ਕੋਟਲਾ, ਅੰਮ੍ਰਿਤਸਰ ਵੀ ਇਸ ਮਾਮਲੇ ਵਿਚ ਪੁਲਿਸ ਨੂੰ ਲੋੜੀਂਦਾ ਸੀ। ਪੁਲਿਸ ਵੱਲੋਂ ਇਹ ਵਿਅਕਤੀ ਫਿਰੌਤੀ ਮੰਗਣ ਦੀ ਸਾਜਿਸ਼ ਵਿਚ ਸ਼ਾਮਲ ਸੀ।
ਮਾਛੀਵਾੜਾ ਪੁਲਿਸ ਵੱਲੋਂ ਇਸ ਨੌਜਵਾਨ ਦੀ ਐੱਲਓਸੀ ਜਾਰੀ ਕੀਤੀ ਸੀ ਅਤੇ ਹੁਣ ਜਦੋਂ ਉਹ ਡਿਪੋਰਟ ਹੋ ਕੇ ਅਮਰੀਕਾ ਤੋਂ ਦਿੱਲੀ ਏਅਰਪੋਰਟ ਪੁੱਜਾ ਤਾਂ ਮਾਛੀਵਾੜਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।











