ਚੰਡੀਗੜ੍ਹ 30 ਮਾਰਚ ,ਬੋਲੇ ਪੰਜਾਬ ਬਿਊਰੋ:
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਦੇਸ਼ ਵਿਚ ਸਭ ਤੋਂ ਵੱਧ ਪੇਪਰ ਲੀਕ ਗੁਜਰਾਤ ਤੇ ਮੱਧ ਪ੍ਰਦੇਸ਼ ‘ਚ ਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ‘ਚ ਨੌਜਵਾਨਾਂ ਦਾ ਨਾਅਰਾ ਹੈ ‘ਪੇਪਰ ਫੂਟਾ, ਸਪਨਾ ਟੂਟਾ’। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ‘ਚ ਹੁਣ ਤਕ ਕੋਈ ਪੇਪਰ ਲੀਕ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲੇ ਬਣਾਉਣ ਲਈ ‘ਬਿਜ਼ਨੈੱਸ ਕਲਾਸ’ ਸਿੱਖਿਆ ਸ਼ੁਰੂ ਕੀਤੀ ਸੀ, ਜਿਸ ਸਦਕਾ ਅੱਜ ਨੌਜਵਾਨਾਂ ਨੇ 70 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਉਨ੍ਹਾਂ ਪਠਾਨਕੋਟ ਦੇ ਇਕ ਵਿਦਿਆਰਥੀ ਦੀ ਉਦਾਹਰਣ ਦਿੱਤੀ ਜਿਸ ਨੇ ਸਧਾਰਨ ਸਾਈਕਲ ਨੂੰ ਈ-ਬਾਈਕ ‘ਚ ਬਦਲ ਦਿੱਤਾ
ਹੀਰੋ ਕੰਪਨੀ ਵਾਲਿਆਂ ਨੇ ਉਸ ਨਾਲ ਸੰਪਰਕ ਕੀਤਾ ਤੇ ਉਸ ਨੂੰ ਤਕਨਾਲੋਜੀ ਦੇਣ ਦਾ ਆਫਰ ਦਿੱਤਾ ਪਰ ਨੌਜਵਾਨ ਨੇ ਇਨਕਾਰ ਕਰ ਦਿੱਤਾ। ਉਸਨੇ ਕਿਹਾ ਕਿ ਇਸ ਤਕਨਾਲੋਜੀ ਨਾਲ ਉਹ ਖ਼ੁਦ ਨੂੰ ਦੂਸਰਿਆਂ ਨੂੰ ਨੌਕਰੀ ਦੇਣ ਵਾਲਾ ਬਣੇਗਾ। ਮੁੱਖ ਮੰਤਰੀ ਨੇ ਕਿਹਾ, ‘ਆਪ’ ਸਰਕਾਰ ਪ੍ਰਾਈਵੇਟ ਤੇ ਸਰਕਾਰੀ ਸਿੱਖਿਆ ਦੇ ਪੱਧਰ ਨੂੰ ਇਕ ਆਮ ਕਰਨ ਦੀ ਦਿਸ਼ਾ ਵਿਚ ਚੱਲ ਰਹੀ ਹੈ। ਲੋਕਾਂ ਕੋਲ ਬਦਲ ਹੋਵੇਗਾ ਕਿ ਉਹ ਅਪਨੇ ਬੱਚਿਆਂ ਨੂੰ ਕਿੱਥੇ ਪੜ੍ਹਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਇਸ ਵਾਰ ਸਿੱਖਿਆ ਵਿਭਾਗ ਦਾ ਬਜਟ 19,279 ਕਰੋੜ ਰੁਪਏ ਰੱਖਿਆ ਗਿਆ ਹੈ, ਜੋ ਪਿਛਲੇ ਸਾਲ ਨਾਲੋਂ 7% ਵੱਧ ਹੈ। 4 ਸਾਲਾਂ ‘ ਚ 14,525 ਅਧਿਆਪਕਾਂ ਦੀ ਭਰਤੀ ਕੀਤੀ ਗਈ ਅਤੇ 12,316 ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ। 480 ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਿੰਗਾਪੁਰ ਤੇ ਫਿਨਲੈਂਡ ਵਿੱਚ ਸਿਖਲਾਈ ਲਈ ਭੇਜਿਆ ਗਿਆ। ਸਕੂਲਾਂ ‘ਚ 1932 ਕੈਂਪਸ ਮੈਨੇਜਰ, 1323 ਸੁਰੱਖਿਆ ਕਰਮੀ ਅਤੇ 7876 ਸਫਾਈ ਸੇਵਕ ਤਾਇਨਾਤ ਕੀਤੇ ਗਏ ਹਨ ਤਾਂ ਜੋ ਅਧਿਆਪਕ ਸਿਰਫ਼ ਪੜ੍ਹਾਉਣ ‘ਤੇ ਧਿਆਨ ਦੇ ਸਕਣ।











