ਪਟਿਆਲਾ, 2 ਅਪ੍ਰੈਲ ,ਬੋਲੇ ਪੰਜਾਬ ਬਿਊਰੋ;
ਪਟਿਆਲਾ ਜ਼ਿਲ੍ਹੇ ਪਾਤੜਾਂ ਦੇ ਪਿੰਡ ਹਰਿਆਉ ਖੁਰਦ ’ਚ ਪੰਚਾਇਤੀ ਜ਼ਮੀਨ ਦੀ ਬੋਲੀ ਨਾ ਕਰਵਾਉਣ ਦੇ ਦੋਸ਼ਾਂ ਹੇਠ ਪੰਚਾਇਤੀ ਵਿਭਾਗ ਦੇ ਡਿਪਟੀ ਡਾਇਰੈਕਟਰ ਵਿਨੋਦ ਕੁਮਾਰ ਗਾਗਟ ਤੇ ਮੁਕਤਸਰ ਦੇ ਏਡੀਸੀ ਸੁਰਿੰਦਰ ਢਿੱਲੋਂ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਗ੍ਰਿਫਤਾਰੀ ਤੋਂ ਬਿਨਾ ਇਸ ਮਾਮਲੇ ’ਚ ਪਟਿਆਲਾ ਵਿਜੀਲੈਂਸ ਨੇ 14 ਹੋਰ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਵਿਜੀਲੈਂਸ ਨੇ ਕੇਸ ‘ਚ ਨਾਮਜ਼ਦ ਕੀਤਾ ਹੈ।
ਇਸ ਸੰਬੰਧੀ ਵਿਜੀਲੈਂਸ ਦੇ ਡੀਐੱਸਪੀ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵੇਂ ਅਧਿਕਾਰੀ 2011 ਤੋਂ 2018 ਤੱਕ ਪਟਿਆਲਾ ’ਚ ਬੀਡੀਪੀਓ ਤੇ ਡੀਡੀਪੀਓ ਦੇ ਅਹੁਦਿਆਂ ’ਤੇ ਤਾਇਨਾਤ ਸਨ। ਇਨ੍ਹਾਂ ਦੋਹਾਂ ਅਧਿਕਾਰੀਆਂ ਨੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਲਗਾਤਾਰ ਪੰਜ ਸਾਲ ਤੱਕ ਹਰਿਆਉ ਖੁਰਦ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨਹੀਂ ਕਰਵਾਈ। ਜ਼ਮੀਨ ’ਤੇ ਕਾਬਜ਼ ਲੋਕ ਹੀ ਖੇਤੀ ਕਰਦੇ ਰਹੇ। ਬੋਲੀ ਨਾ ਕਰਵਾਉਣ ਨਾਲ ਸਰਕਾਰੀ ਖਜਾਨੇ ਦਾ ਨੁਕਸਾਨ ਹੋਇਆ।
30 ਮਾਰਚ ਨੂੰ ਵਿਜੀਲੈਂਸ ਨੇ ਕੁੱਲ 16 ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਗਾਗਟ ਤੇ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ। ਬੁੱਧਵਾਰ ਨੂੰ ਇਨ੍ਹਾਂ ਨੂੰ ਦੋਬਾਰਾ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਹੋਰ ਰਿਮਾਂਡ ਲਿਆ ਗਿਆ ਹੈ। ਅੱਜ ਇਨ੍ਹਾਂ ਨੂੰ ਮੁੜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।












