ਚੰਡੀਗੜ੍ਹ, 4 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਇੱਕ ਖੇਡ ਮੈਦਾਨ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇੱਕ ਕ੍ਰਿਕਟ ਮੈਚ ਦੌਰਾਨ, ਬਿਜਲੀ ਡਿੱਗਣ ਨਾਲ 16 ਸਾਲਾ ਤਰਨਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਨਵਾਂ ਸ਼ਹਿਰ ਜਿਲ੍ਹੇ ‘ਚ ਗੜ੍ਹਸ਼ੰਕਰ ਦੇ ਪਿੰਡ ਬਕਾਪੁਰ ਗੁਰੂ ਦੇ ਖੇਡ ਮੈਦਾਨ ਵਿਖੇ ਵਾਪਰੀ।ਘਟਨਾ ਸੰਬੰਧੀ ਪ੍ਰਾਪਤ ਰਿਪੋਰਟਾਂ ਅਨੁਸਾਰ, ਗਿਆਰਾਂ ਨੌਜਵਾਨ ਸਕੂਲ ਦੀਆਂ ਛੁੱਟੀਆਂ ਦੌਰਾਨ ਕ੍ਰਿਕਟ ਖੇਡ ਰਹੇ ਸਨ।
ਦੁਪਹਿਰ 12:30 ਵਜੇ ਦੇ ਕਰੀਬ, ਅਚਾਨਕ ਬਿਜਲੀ ਡਿੱਗਣ ਨਾਲ ਤਰਨਵੀਰ ਸਿੰਘ ਪੁੱਤਰ ਓਂਕਾਰ ਨਾਥ ਵਾਸੀ ਰਸੂਲਪੁਰ, ਉਮਰ 16 ਸਾਲ , ਜੱਸੀ ਪੁੱਤਰ ਲਕਸ਼ਮਣ ਦਾਸ ਉਮਰ 17 ਸਾਲ ਅਤੇ ਅੰਸ਼ ਲੋਈ ਪੁੱਤਰ ਮੁਖਤਾਰ ਸਿੰਘ ਉਮਰ 15 ਸਾਲ ਬੁਰੀ ਤਰ੍ਹਾਂ ਝੁਲਸ ਗਏ। ਸਥਾਨਕ ਨਿਵਾਸੀਆਂ ਨੇ ਤੁਰੰਤ ਤਿੰਨਾਂ ਨੂੰ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਤਰਨਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਜ਼ਖਮੀ ਨੌਜਵਾਨ, ਜੱਸੀ ਅਤੇ ਅੰਸ਼ ਲੋਈ, ਇਸ ਸਮੇਂ ਇਲਾਜ ਅਧੀਨ ਹਨ; ਡਾਕਟਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ। ਮ੍ਰਿਤਕ ਤਰਨਵੀਰ ਸਿੰਘ ਦੀ ਲਾਸ਼ ਨੂੰ ਨਿੱਜੀ ਹਸਪਤਾਲ ਤੋਂ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅੱਜ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਣਾ ਹੈ।
ਤਰਨਵੀਰ ਸਿੰਘ ਦੇ ਪਿਤਾ ਓਮਕਾਰ ਨਾਥ, ਇੱਕ ਪ੍ਰਾਈਵੇਟ ਬੱਸ ਡਰਾਈਵਰ ਵਜੋਂ ਕੰਮ ਕਰਦੇ ਹਨ, ਜਦੋਂ ਕਿ ਉਸਦੀ ਮਾਂ, ਨਰੇਸ਼ ਕੁਮਾਰੀ ਪਿੰਡ ਦੀ ਪੰਚ ਹੈ। ਮ੍ਰਿਤਕ ਦਾ ਛੋਟਾ ਭਰਾ, ਹਰਮਨਵੀਰ ਸਿੰਘ ਵੀ ਘਟਨਾ ਸਮੇਂ ਖੇਡ ਰਿਹਾ ਸੀ ਪਰ ਵਾਲ-ਵਾਲ ਬਚ ਗਿਆ। ਇਸ ਦਰਦਨਾਕ ਹਾਦਸੇ ਵਿੱਚ ਕਈ ਨੌਜਵਾਨ ਵਾਲ-ਵਾਲ ਬਚ ਗਏ।












