ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ, ਸਰਦਾਰ ਸੁਖਦੇਵ ਸਿੰਘ ਰਿਆਤ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ’ਚ ਹੋਏ ਸ਼ਾਮਲ

ਨੈਸ਼ਨਲ ਪੰਜਾਬ

ਬੀਬੀ ਰਣਜੀਤ ਕੌਰ ਨੇ ਸਰਦਾਰ ਰਿਆਤ ਨੂੰ ਪਾਰਟੀ ਅੰਦਰ ਸ਼ਾਮਲ ਕਰਵਾਉਣ ਵਿਚ ਅਦਾ ਕੀਤਾ ਅਹਿਮ ਰੋਲ

ਨਵੀਂ ਦਿੱਲੀ, 5 ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):

ਦਿੱਲੀ ਦੀ ਸਿੱਖ ਰਾਜਨੀਤੀ ਵਿਚ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ 25 ਸਾਲਾਂ ਤੋਂ ਪਾਰਟੀ ਨਾਲ ਜੁੜ ਕੇ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਰਾਮਗੜ੍ਹੀਆ ਆਲ ਇੰਡੀਆ ਵਿਸ਼ਕਰਮਾ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਰਿਆਤ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਪਾਰਟੀ ਦੇ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਐਮ ਪੀ ਐਸ ਚੱਢਾ ਨੇ ਸਰਦਾਰ ਰਿਆਤ ਤੇ ਉਹਨਾਂ ਦੇ ਸਾਥੀਆਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਆਖਿਆ ਤੇ ਨਾਲ ਹੀ ਉਹਨਾਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਉਹਨਾਂ ਨੇ ਇਸ ਮੌਕੇ ਬੀਬੀ ਰਣਜੀਤ ਕੌਰ ਤੇ ਸਰਦਾਰ ਸੁਖਦੇਵ ਸਿੰਘ ਬੱਬਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਨੇ ਸਰਦਾਰ ਰਿਆਤ ਨੂੰ ਪਾਰਟੀ ਵਿਚ ਸ਼ਾਮਲ ਕਰਵਾਉਣ ਵਿਚ ਅਹਿਮ ਰੋਲ ਅਦਾ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਸਰਦਾਰ ਸੁਖਦੇਵ ਸਿੰਘ ਰਿਆਤ ਤੇ ਸਾਥੀਆਂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਉਂਦੀਆਂ ਚੋਣਾਂ ਵਿਚ ਪਾਰਟੀ ਭਾਰੀ ਬਹੁਮਤ ਨਾਲ ਲਾਮਿਸਾਲ ਜਿੱਤ ਦਰਜ ਕਰੇਗੀ ਅਤੇ ਸਰਦਾਰ ਰਿਆਤ ਦੇ ਆਉਣ ਨਾਲ ਘੱਟੋ ਘੱਟ 10 ਸੀਟਾਂ ਦਾ ਹੋਰ ਇਜਾਫਾ ਹੋਵੇਗਾ।
ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ ਕਿਵੇਂ 2021 ਦੀਆਂ ਚੋਣਾਂ ਵਿਚ ਦਿੱਲੀ ਦੀ ਸੰਗਤ ਨੇ ਕੋਰੋਨਾ ਕਾਲ ਤੇ ਕਿਸਾਨ ਅੰਦੋਲਨ ਵੇਲੇ ਸੇਵਾ ਕਰਨ ਦੇ ਨਾਲ-ਨਾਲ ਪ੍ਰਦਾਨ ਕੀਤੀਆਂ ਸਿਹਤ ਤੇ ਸਿੱਖਿਆ ਖੇਤਰ ਵਿਚ ਸੇਵਾਵਾਂ ਤੇ ਧਾਰਮਿਕ ਕਾਰਜਾਂ ਵਿਚ ਨਿਭਾਈ ਭੂਮਿਕਾ ਬਦਲੇ ਸਾਡੀ ਝੋਲੀ ਜਿੱਤ ਪਾਈ ਤੇ ਸਾਡੇ 30 ਮੈਂਬਰ ਚੋਣਾਂ ਜਿੱਤੇ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਉਸ ਵੇਲੇ ਦੀ ਪੰਜਾਬ ਦੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਾਡੇ ’ਤੇ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ.ਕੇ. ਨਾਲ ਸਾਂਝ ਪਾਉਣ ਵਾਸਤੇ ਦਬਾਅ ਬਣਾਇਆ ਪਰ ਅਸੀਂ ਉਹ ਗੱਲ ਮੰਨਣ ਦੀ ਥਾਂ ਦਿੱਲੀ ਦੀ ਸੰਗਤ ਦੇ ਫਤਵੇ ਦਾ ਸਤਿਕਾਰ ਕਰਨ ਦਾ ਫੈਸਲਾ ਲਿਆ ਤੇ ਨਿਰੋਲ ਧਾਰਮਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਗਠਨ ਕੀਤਾ। ਉਹਨਾਂ ਕਿਹਾ ਕਿ ਸਾਡੀ ਪਾਰਟੀ ਨੂੰ ਸੰਗਤ ਨੇ ਵੱਡਾ ਹੁੰਗਾਰਾ ਦਿੱਤਾ ਤੇ ਅਸੀਂ ਕਿਸੇ ਵੀ ਤਰੀਕੇ ਦੀ ਰਾਜਨੀਤੀ ਕਰਨ ਦੀ ਥਾਂ ਸੰਗਤ ਦੀ ਸੇਵਾ ਦੇ ਵਿਸ਼ਵਾਸ ਨਾਲ ਕਾਰਜ ਕਰ ਰਹੇ ਹਾਂ ਤੇ ਪਿਛਲੇ 4 ਸਾਲਾਂ ਵਿਚ ਬਹੁਤ ਅਹਿਮ ਕਾਰਜ ਕੀਤੇ ਗਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।