ਐੱਸ ਏ ਐੱਸ ਨਗਰ ,7 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 405ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਦੀ ਖੁੱਸ਼ੀ ਵਿੱਚ ਸਵੇਰੇ 9:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਭਾਈ ਮਲਕੀਤ ਸਿੰਘ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਬ੍ਰਿਤਾਂਤ ਅਤੇ ਉਨ੍ਹਾਂ ਵੱਲੋਂ ਮਜਲੂਮਾਂ ਦੀ ਰਾਖੀ ਲਈ ਦਿੱਤੀ ਅਦੁੱਤੀ ਅਤੇ ਲਾਸਾਨੀ ਸ਼ਹਾਦਰ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂੰ ਕਰਵਾਇਆ ।
ਭਾਈ ਗੁਰਮੀਤ ਸਿੰਘ ਜੀ ਦਮਦਮੀ ਵਾਲਿਆਂ ਦੇ ਰਾਗੀ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸ਼੍ਰੋਮਣੀ ਪ੍ਰਚਾਰਕ ਭਾਈ ਅਮਰੀਕ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲਿਆਂ ਨੇ ਗੁਰੂ ਸਾਹਿਬ ਵਲੋਂ ਉਚਾਰਨ ਧੁਰ ਕੀ ਬਾਣੀ ਦੇ 15 ਰਾਗਾਂ ਵਿੱਚ 59 ਸ਼ਬਦ ਅਤੇ 57 ਸ਼ਲੋਕ ਜੋ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸੁਭਾਇਮਾਨ ਹਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ । ਇਸ ਤੋਂ ਇਲਾਵਾ ਭਾਈ ਧਰਮ ਸਿੰਘ ਪਟਿਆਲੇ ਵਾਲੇ, ਭਾਈ ਕੁਲਦੀਪ ਸਿੰਘ ਜੀ ਅੰਮ੍ਰਿਤਸਰ ਵਾਲੇ, ਭਾਈ ਹਰਭਜਨ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਸਰਬਜੋਤ ਸਿੰਘ, ਭਾਈ ਦਿਲਬਰ ਸਿੰਘ, ਭਾਈ ਮਨਪ੍ਰੀਤ ਸਿੰਘ, ਸ਼ੇਰੇ ਪੰਜਾਬ ਕਵੀਸ਼ਰੀ ਜੱਥਾ, ਬਾਬਾ ਦੀਪ ਸਿੰਘ ਕਵੀਸ਼ਰੀ ਜੱਥਾ, ਹਰਜੱਸ ਕੀਰਤਨੀ ਜੱਥਾ, ਭਾਈ ਸੁਖਵਿੰਦਰ ਸਿੰਘ ਦੇ ਜਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਗੁਰਨਾਮ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਦਰਬਾਰ ਸਾਹਿਬ ਜੀ ਦੀ ਅੰਦਰੋਂ ਫੁੱਲਾਂ ਨਾਲ ਵਿਸ਼ੇਸ਼ ਸਜਾਵਟ ਕੀਤੀ ਗਈ ਸੀ। ਹਜ਼ਾਰਾਂ ਸੰਗਤਾਂ ਨੇ ਇਸ ਅਸਥਾਨ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਗੁਰੂ ਕਾ ਲੰਗਰ ਇਸ ਮੌਕੇ ਅਤੁੱਟ ਵਰਤਾਇਆ ਗਿਆ ।
ਇਸ ਮੌਕੇ ਤੇ ਪ੍ਰਬੰਧਕ ਕਮੇਟੀ ਗੁ: ਸਿੰਘ ਸ਼ਹੀਦਾਂ ਦੇ ਬੁਲਾਰੇ ਨੇ ਦੱਸਿਆ ਕਿ ਖਾਲਸਾ ਪੰਥ ਸਾਜਨਾ ਦਿਵਸ ਦੀ ਖੁਸ਼ੀ ਵਿੱਚ ਮਿਤੀ 6 ਅਪ੍ਰੈਲ ਤੋਂ 14 ਅਪ੍ਰੈਲ ਤਕ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਉੱਚ ਕੋਟੀ ਦੇ ਪੰਥ ਪ੍ਰਸਿੱਧ ਪ੍ਰ੍ਰਚਾਰਕ ਰੋਜ਼ਾਨਾ ਸ਼ਾਮ 4:45 ਤੋਂ 06:00 ਵਜੇ ਤਕ ਸੰਗਤਾਂ ਨੂੰ ਹਰਜੱਸ ਸੁਨਾ ਕੇ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਜੀ ।












