ਮੋਹਾਲੀ,11, ਅਪ੍ਰੈਲ ,ਬੋਲੇ ਪੰਜਾਬ ਬਿਊਰੋ;
ਕੰਨਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਰਜਿ:) ਏਟਕ ਪੰਜਾਬ ਵੱਲੋਂ ਉਸਾਰੀ ਕਿਰਤੀ ਲਾਭਪਾਤਰੀਆਂ ਦੇ ਹੱਕਾਂ ਦੀ ਪ੍ਰਾਪਤੀ ਲਈ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਲਾਮਬੰਦੀ ਅਤੇ ਉਹਨਾਂ ਦੇ ਮਸਲੇ ਹੱਲ ਕਰਵਾਉਣ ਲਈ ਪੰਜਾਬ ਭਰ ਵਿੱਚ ਸੰਘਰਸ਼ ਵਿੱਡਿਆ ਹੋਇਆ ਸੀ। ਸੰਘਰਸ਼ ਦੀ ਪਹਿਲੀ ਲੜੀ ਤਹਿਤ 26 ਫਰਵਰੀ 2026 ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ ‘ਤੇ ਅਸਿਸਟੈਂਟ ਲੇਬਰ ਕਮਿਸ਼ਨਰ ਦਫਤਰਾਂ ਸਾਹਮਣੇ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਫਿਰ ਵੀ ਮਸਲੇ ਹੱਲ ਨਾ ਹੋਣ ‘ਤੇ ਲੇਬਰ ਕਮਿਸ਼ਨਰ ਮੋਹਾਲੀ ਸਾਹਮਣੇ 27 ਮਾਰਚ ਨੂੰ ਸੂਬਾ ਪੱਧਰੀ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹੀ ਆਗੂਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ, ਕਿ ਜੇਕਰ ਕਿਰਤ ਵਿਭਾਗ ਵੱਲੋਂ ਉਸਾਰੀ ਕਿਰਤੀਆਂ ਦੇ ਮਸਲੇ ਤੁਰੰਤ ਹੱਲ ਨਹੀਂ ਕੀਤੇ ਜਾਂਦੇ ਤਾਂ ਅਗਲਾ ਵੱਡਾ ਐਕਸ਼ਨ ਪੰਜਾਬ ਸਰਕਾਰ ਦੇ ਕਿਰਤ ਮੰਤਰੀ ਦੇ ਘਰ ਦਾ ਘਿਰਾਓ ਕਰਕੇ ਵੱਡਾ ਐਕਸ਼ਨ ਕੀਤਾ ਜਾਵੇਗਾ। ਇਸ ਤੋਂ ਤੁਰੰਤ ਬਾਅਦ ਕਿਰਤ ਵਿਭਾਗ ਵੱਲੋਂ ਯੂਨੀਅਨ ਦੇ ਆਗੂਆਂ ਨਾਲ ਲੇਬਰ ਕਮਿਸ਼ਨਰ ਵੱਲੋਂ ਮੀਟਿੰਗ ਕਰਨ ਦਾ ਸੱਦਾ ਦਿੱਤਾ ਗਿਆ, ਜਿਸ ਸਬੰਧੀ ਅੱਜ ਪੰਜਾਬ ਭਰ ਤੋਂ ਆਏ ਯੂਨੀਅਨ ਆਗੂਆਂ ਦੀ ਟੀਮ ਨੇ ਕਿਰਤ ਕਮਿਸ਼ਨਰ ਸਾਹਮਣੇ ਆਪਣੀਆਂ ਮੰਗਾਂ ਨੂੰ ਰੱਖਿਆ ਅਤੇ ਉਹਨਾਂ ਨੇ ਉਸਾਰੀ ਕਿਰਤੀਆਂ ਦੀਆਂ ਮੰਗਾਂ ਨੂੰ ਜਾਇਜ਼ ਮੰਨਦਿਆਂ ਤੁਰੰਤ ਹੱਲ ਕਰਨ ਦਾ ਭਰੋਸਾ ਦਵਾਉਂਦਿਆਂ ਆਪਣੇ ਹੇਠਲੇ ਅਧਿਕਾਰੀਆਂ ਨੂੰ ਤੁਰੰਤ ਹੁਕਮ ਜਾਰੀ ਕੀਤੇ ਕਿ ਇਹਨਾਂ ਮੁਸ਼ਕਲਾਂ ਦੇ ਹੱਲ ਲਈ ਤੁਰੰਤ ਪੱਤਰ ਜਾਰੀ ਕੀਤੇ ਜਾਣ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਕੰਨਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਰਜਿ:) ਏਟਕ ਦੇ ਸੂਬਾ ਜਨਰਲ ਸਕੱਤਰ ਸਾਥੀ ਸੁਖਦੇਵ ਸ਼ਰਮਾ,ਏਟਕ ਦੇ ਜਥੇਬੰਦਕ ਸਕੱਤਰ ਕਾਮਰੇਡ ਅਮਰਜੀਤ ਆਸਲ, ਯੂਨੀਅਨ ਆਗੂ ਪ੍ਰਦੀਪ ਚੀਮਾ,ਭਰਪੂਰ ਬੁੱਲਾਪੁਰ,ਪਰਮਜੀਤ ਢਾਬਾਂ ਅਤੇ ਖੁਸ਼ੀਆ ਸਿੰਘ ਨੇ ਦੱਸਿਆ ਕਿ ਕਿਰਤ ਕਮਿਸ਼ਨਰ ਨਾਲ ਮੀਟਿੰਗ ‘ਚ ਸਾਰਥਿਕ ਗੱਲਬਾਤ ਹੋਈ ਹੈ। ਆਗੂਆਂ ਨੇ ਦੱਸਿਆ ਕਿ ਲੇਬਰ ਕਮਿਸ਼ਨਰ ਕੋਲ ਮੁੱਖ ਤੌਰ ਤੇ ਉਸਾਰੀ ਕਿਰਤੀਆਂ ਨੂੰ ਕੰਮਕਾਜ ਕਰਾਉਣ ਲਈ ਲਗਾਤਾਰ ਸਾਈਟ ਬੰਦ ਰਹਿਣ ਬਾਰੇ ਨੋਟਿਸ ਲੈਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਤੁਰੰਤ ਐਨ ਆਈ ਸੀ ਦੇ ਅਧਿਕਾਰੀਆਂ ਨੂੰ ਇਸ ਦਾ ਹੱਲ ਕਰਨ ਜਾਂ ਫਿਰ ਕਾਰਵਾਈ ਦਾ ਸਾਹਮਣਾ ਕਰਨ ਦੇ ਆਦੇਸ਼ ਦਿੱਤੇ ਹਨ। 27 ਨੰਬਰ ਫਾਰਮ ਦੀ ਸਮੱਸਿਆ,ਬੁਢਾਪਾ ਪੈਨਸ਼ਨ, ਐਕਸ ਗ੍ਰੇਸ਼ੀਆ ਸਕੀਮ, ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਵਜ਼ੀਫਾ ਭਰਨ ਵਿੱਚ ਵਿਦਿਅਕ ਸੰਸਥਾਵਾਂ ਵੱਲੋਂ ਆ ਰਹੀਆਂ ਮੁਸ਼ਕਿਲਾਂ ਤੋਂ ਇਲਾਵਾ ਓਲਡ ਪੋਰਟਲ ਕੇਸਾਂ ਅਤੇ ਲੰਬੇ ਸਮੇਂ ਤੋਂ ਲੰਬਿਤ ਪਏ ਕੇਸਾਂ ਦੇ ਨਿਪਟਾਰੇ ਬਾਰੇ ਤੁਰੰਤ ਹੱਲ ਕਰਨ ਲਈ ਕਿਹਾ ਗਿਆ, ਜਿਸ ‘ਤੇ ਕਿਰਤ ਕਮਿਸ਼ਨਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੇ ਮਸਲੇ ਤੁਰੰਤ ਹੱਲ ਕਰਨ ਲਈ ਅਮਲ ਸ਼ੁਰੂ ਕੀਤਾ ਜਾਵੇਗਾ। ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਉਸਾਰੀ ਕਿਰਤੀਆਂ ਦੇ ਮਸਲਿਆਂ ਦੇ ਹੱਲ ਲਈ ਦਿੱਤੇ ਭਰੋਸੇ ਮਗਰੋਂ ਭਵਿੱਖੀ ਐਕਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਦੇ ਹਨ।
ਨਾਲ ਹੀ ਆਗੂਆਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਸਲਿਆਂ ਨੂੰ ਕੁਝ ਹੀ ਦਿਨਾਂ ਦੇ ਵਿੱਚ ਹੱਲ ਕਰਨ ਦਾ ਅਮਲ ਤੁਰੰਤ ਸ਼ੁਰੂ ਨਾ ਕੀਤਾ ਗਿਆ,ਤਾਂ ਭਵਿੱਖ ਵਿੱਚ ਵੱਡਾ ਐਕਸ਼ਨ ਦਾ ਐਲਾਨ ਕਰ ਦਿੱਤਾ ਜਾਵੇਗਾ।
ਇਸ ਮੌਕੇ ਹੋਰਾਂ ਤੋਂ ਇਲਾਵਾ ਸੂਬਾਈ ਆਗੂ ਸੋਨਾ ਧੁੰਨਕੀਆਂ,ਦਸਵਿੰਦਰ ਕੌਰ,ਪਰਮਜੀਤ ਸਿੰਘ ਮੋਗਾ, ਸੁਰਿੰਦਰ ਭੈਣੀ ਅਤੇ ਰਵੀ ਦੱਤ ਵੀ ਹਾਜ਼ਰ ਸਨ।












