ਸਿੱਖਿਆ ਵਿਭਾਗ ਸਟੇਸ਼ਨ ਚੋਣ ਲਈ 13 ਅਪ੍ਰੈਲ ਤੋਂ ਖੋਲ੍ਹੇਗਾ ਆਨਲਾਈਨ ਪੋਰਟਲ,ਅਧਿਆਪਕਾਂ ਲਈ ਹਦਾਇਤਾਂ ਜਾਰੀ

ਪੰਜਾਬ

ਐਸ.ਏ.ਐਸ. ਨਗਰ (ਮੋਹਾਲੀ), 12 ਅਪ੍ਰੈਲ ,ਬੋਲੇ ਪੰਜਾਬ ਬਿਉਰੋ;

ਪੰਜਾਬ ਦੇ ਸਕੂਲ ਸਿੱਖਿਆ ਵਿਭਾਗ (ਐਲੀਮੈਂਟਰੀ) ਵੱਲੋਂ ਬਾਰਡਰ ਏਰੀਏ ਦੇ ਪ੍ਰਾਇਮਰੀ ਸਕੂਲਾਂ ਵਿੱਚ 2364 ਈ.ਟੀ.ਟੀ. ਅਸਾਮੀਆਂ ਦੀ ਭਰਤੀ ਪ੍ਰਕਿਰਿਆ ਨੂੰ ਤੇਜ਼ ਕਰਦਿਆਂ ਯੋਗ ਉਮੀਦਵਾਰਾਂ ਨੂੰ ਸਟੇਸ਼ਨ ਚੋਣ ਕਰਨ ਦਾ ਮੌਕਾ ਦਿੱਤਾ ਗਿਆ ਹੈ।ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ 18 ਮਾਰਚ 2026 ਨੂੰ ਜਾਰੀ ਕੀਤੀ ਗਈ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਵਿੱਚ ਸ਼ਾਮਲ 588 ਯੋਗ ਉਮੀਦਵਾਰ ਹੁਣ ਆਪਣੀ ਪਸੰਦ ਦੇ ਸਟੇਸ਼ਨ ਚੁਣ ਸਕਣਗੇ।

ਵਿਭਾਗ ਵੱਲੋਂ ਜਾਰੀ ਨੋਟਿਸ ਅਨੁਸਾਰ ਸਟੇਸ਼ਨ ਅਲਾਟਮੈਂਟ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ। ਪੋਰਟਲ 13 ਅਪ੍ਰੈਲ 2026 ਨੂੰ ਖੁੱਲ੍ਹੇਗਾ, ਜਦੋਂਕਿ 15 ਅਪ੍ਰੈਲ 2026 ਨੂੰ ਬੰਦ ਹੋ ਜਾਵੇਗਾ।ਉਮੀਦਵਾਰ ਆਪਣੀ ਲੌਗਇਨ ਆਈ.ਡੀ. (ID) ਰਾਹੀਂ ਵੈਕੰਸੀ ਲਿਸਟ ਵਿੱਚੋਂ ਆਪਣੀ ਪਸੰਦ ਦੇ ਜਿੰਨੇ ਮਰਜ਼ੀ ਸਟੇਸ਼ਨਾਂ ਦੀ ਚੋਣ ਕਰ ਸਕਦੇ ਹਨ।

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਉਮੀਦਵਾਰ ਨਿਰਧਾਰਤ ਸਮੇਂ ਵਿੱਚ ਸਟੇਸ਼ਨ ਚੋਣ ਨਹੀਂ ਕਰਨਗੇ, ਉਨ੍ਹਾਂ ਨੂੰ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਵੀ ਇੱਕ ਸਟੇਸ਼ਨ ਆਨਲਾਈਨ ਪ੍ਰਕਿਰਿਆ ਤਹਿਤ ਅਲਾਟ ਕਰ ਦਿੱਤਾ ਜਾਵੇਗਾ, ਜਿਸ ਨੂੰ ਬਾਅਦ ਵਿੱਚ ਬਦਲਿਆ ਨਹੀਂ ਜਾ ਸਕੇਗਾ।

ਵਿਭਾਗ ਨੇ ਇਹ ਵੀ ਸਾਫ਼ ਕੀਤਾ ਹੈ ਕਿ ਜੋ ਉਮੀਦਵਾਰ ਪਹਿਲਾਂ ਹੀ 6635 ਜਾਂ 5994 ਭਰਤੀਆਂ ਅਧੀਨ ਬਾਰਡਰ ਏਰੀਆ ਦੇ 6 ਜ਼ਿਲ੍ਹਿਆਂ ਵਿੱਚ ਬਤੌਰ ਈ.ਟੀ.ਟੀ. ਅਧਿਆਪਕ ਕੰਮ ਕਰ ਰਹੇ ਹਨ, ਉਹ ਵੀ ਇਸ ਭਰਤੀ ਵਿੱਚ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਹੋਣਗੇ।

ਹਾਲਾਂਕਿ, ਇਸ ਨੂੰ 2364 ਭਰਤੀ ਮੁਤਾਬਕ ‘ਨਵੀਂ ਨਿਯੁਕਤੀ’ ਮੰਨਿਆ ਜਾਵੇਗਾ ਅਤੇ ਉਮੀਦਵਾਰ ਦੀ ਸੀਨੀਆਰਤਾ ਵੀ ਇਸੇ ਦੇ ਆਧਾਰ ‘ਤੇ ਤੈਅ ਕੀਤੀ ਜਾਵੇਗੀ। ਸਿੱਖਿਆ ਵਿਭਾਗ ਦੇ ਇਸ ਫੈਸਲੇ ਨਾਲ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਦੂਰ ਹੋਣ ਦੀ ਉਮੀਦ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।